ਯਸਈਆਹ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66

0:00
0:00

ਕਾਂਡ 14

ਭਵਿੱਖ ਵਿੱਚ ਯਹੋਵਾਹ ਯਾਕੂਬ ਨੂੰ ਆਪਣਾ ਪਿਆਰ ਫ਼ੇਰ ਦਰਸਾਵੇਗਾ। ਯਹੋਵਾਹ ਫ਼ੇਰ ਇਸਰਾਏਲ ਦੇ ਲੋਕਾਂ ਦੀ ਚੋਣ ਕਰੇਗਾ। ਉਸ ਸਮੇਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਧਰਤੀ ਦੇ ਦੇਵੇਗਾ। ਫ਼ੇਰ ਗ਼ੈਰ-ਯਹੂਦੀ ਲੋਕ ਯਹੂਦੀ ਲੋਕਾਂ ਨਾਲ ਰਲ ਜਾਣਗੇ। ਦੋਵੇਂ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਜਾਣਗੇ - ਯਾਕੂਬ ਦਾ ਪਰਿਵਾਰ।
2 ਉਹ ਕੌਮਾਂ ਇਸਰਾਏਲ ਦੇ ਲੋਕਾਂ ਨੂੰ ਇਸਰਾਏਲ ਦੇ ਦੇਸ ਵਾਪਸ ਲੈ ਜਾਣਗੀਆਂ। ਹੋਰਨਾਂ ਕੌਮਾਂ ਦੇ ਮਰਦ ਤੇ ਔਰਤਾਂ ਇਸਰਾਏਲ ਦੇ ਗੁਲਾਮ ਬਣ ਜਾਣਗੇ। ਅਤੀਤ ਵਿੱਚ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੇ ਗੁਲਾਮ ਬਣਨ ਲਈ ਮਜ਼ਬੂਰ ਕੀਤਾ ਸੀ। ਪਰ ਇਸ ਸਮੇਂ ਇਸਰਾਏਲ ਦੇ ਲੋਕ ਉਨ੍ਹਾਂ ਕੌਮਾਂ ਨੂੰ ਹਰਾ ਦੇਣਗੇ ਅਤੇ ਉਦੋਂ ਇਸਰਾਏਲ ਉਨ੍ਹਾਂ ਉੱਤੇ ਹਕੂਮਤ ਕਰੇਗਾ।
3 ਯਹੋਵਾਹ ਤੁਹਾਡੀ ਸਖਤ ਮਿਹਨਤ ਨੂੰ ਤੁਹਾਡੇ ਪਾਸੋਂ ਲੈ ਲਵੇਗਾ, ਅਤੇ ਉਹ ਤੁਹਾਨੂੰ ਆਰਾਮ ਦੇਵੇਗਾ। ਅਤੀਤ ਵਿੱਚ ਤੁਸੀਂ ਗੁਲਾਮ ਸੀ। ਬੰਦਿਆਂ ਨੇ ਤੁਹਾਨੂੰ ਸਖਤ ਮਿਹਨਤ ਕਰਨ ਲਈ ਮਜ਼ਬੂਰ ਕੀਤਾ ਸੀ। ਪਰ ਯਹੋਵਾਹ ਤੁਹਾਡੀ ਇਸ ਸਖਤ ਮਿਹਨਤ ਨੂੰ ਖਤਮ ਕਰ ਦੇਵੇਗਾ।
4 ਉਸ ਸਮੇਂ, ਤੁਸੀਂ ਬਾਬਲ ਦੇ ਰਾਜੇ ਬਾਰੇ ਇਹ ਗੀਤ ਗਾਉਣਾ ਸ਼ੁਰੂ ਕਰ ਦੇਵੋਗੇ:ਜਦੋਂ ਰਾਜਾ ਸਾਡੇ ਉੱਤੇ ਰਾਜ ਕਰਦਾ ਸੀ, ਬੜਾ ਕਮੀਨਾ ਸੀ। ਪਰ ਹੁਣ ਉਸਦੀ ਹਕੂਮਤ ਖਤਮ ਹੋ ਚੁੱਕੀ ਹੈ।
5 ਯਹੋਵਾਹ ਬੁਰੇ ਹਾਕਮ ਦੇ ਅਧਿਕਾਰ ਦੀ ਛੜੀ ਨੂੰ ਤੋੜਦਾ ਹੈ। ਯਹੋਵਾਹ ਉਨ੍ਹਾਂ ਦੀ ਸ਼ਕਤੀ ਖੋਹ ਲੈਂਦਾ ਹੈ।
6 ਗੁੱਸੇ ਵਿੱਚ ਆ ਕੇ, ਬਾਬਲ ਦੇ ਰਾਜੇ ਨੇ ਲੋਕਾਂ ਨੂੰ ਮਾਰਿਆ। ਉਹ ਲੋਕਾਂ ਨੂੰ ਮਾਰਨੋ ਕਦੇ ਨਹੀਂ ਹਟਿਆ। ਉਸ ਬੁਰੇ ਹਾਕਮ ਨੇ ਲੋਕਾਂ ਉੱਤੇ ਗੁੱਸੇ ਨਾਲ ਹਕੂਮਤ ਕੀਤੀ। ਉਹ ਲੋਕਾਂ ਨੂੰ ਦੁੱਖ ਦੇਣ ਤੋਂ ਨਹੀਂ ਟਲਿਆ।
7 ਪਰ ਹੁਣ, ਸਾਰਾ ਦੇਸ ਆਰਾਮ ਵਿੱਚ ਹੈ। ਦੇਸ਼ ਸ਼ਾਂਤ ਹੈ। ਹੁਣ ਲੋਕ ਜਸ਼ਨ ਮਨਾਉਣਾ ਸ਼ੁਰੂ ਕਰਦੇ ਨੇ।
8 ਤੂੰ ਬੁਰਾ ਰਾਜੇ ਸੀ, ਤੇ ਹੁਣ ਤੂੰ ਖਤਮ ਹੋ ਚੁਕਿਆ ਹੈਂ। ਦਿਆਰ ਦੇ ਰੁੱਖ ਵੀ ਪ੍ਰਸੰਨ ਨੇ। ਦਿਆਰ ਦੇ ਰੁੱਖ ਵੀ ਪ੍ਰਸੰਨ ਨੇ। ਰੁੱਖ ਆਖਦੇ ਨੇ, "ਰਾਜੇ ਨੇ ਸਾਨੂੰ ਚੀਰ ਸੁਟਿਆ ਸੀ। ਪਰ ਹੁਣ ਰਾਜਾ ਡਿੱਗ ਪਿਆ, ਅਤੇ ਉਹ ਦੋਬਾਰਾ ਕਦੀ ਖੜਾ ਨਹੀਂ ਹੋਵੇਗਾ।"
9 ਸ਼ਿਓਲ ਮੌਤ ਦਾ ਸਬਾਨ ਉਤੇਜਿਤ ਹੈ ਕਿਉਂਕਿ ਤੂੰ ਆ ਰਿਹਾ ਹੈਂ। ਸ਼ਿਓਲ ਸਾਰਿਆਂ ਦੀਆਂ ਰੂਹਾਂ ਨੂੰ ਜਗਾ ਰਿਹਾ ਹੈ, ਤੇਰੇ ਲਈ ਧਰਤੀ ਦੇ ਆਗੂਆਂ ਨੂੰ। ਸ਼ਿਓਲ ਰਾਜਿਆਂ ਨੂੰ ਆਪਣੇ ਤਖਤਾਂ ਤੋਂ ਖੜੇ ਕਰ ਰਿਹਾ ਹੈ। ਉਹ ਤੇਰਾ ਸੁਆਗਤ ਕਰਨ ਲਈ ਤਿਆਰ ਹੋ ਜਾਣਗੇ।
10 ਇਹ ਸਾਰੇ ਆਗੂ ਤੇਰਾ ਮਜ਼ਾਕ ਉਡਾਣਗੇ। ਉਹ ਆਖਣਗੇ, "ਤੂੰ ਹੁਣ ਸਾਡੇ ਵਾਂਗ ਹੀ ਮੁਰਦਾ ਜਿਸਮ ਹੈਂ। ਹੁਣ ਤੂੰ ਬਸ ਸਾਡੇ ਜਿਹਾ ਹੀ ਹੈਂ।"
11 ਤੇਰੇ ਗੁਮਾਨ ਨੂੰ ਸ਼ਿਓਲ ਵੱਲ ਭੇਜ ਦਿੱਤਾ ਗਿਆ ਹੈ। ਤੇਰੀਆਂ ਸਾਰੰਗੀਆਂ ਦਾ ਸੰਗੀਤ ਤੇਰੀ ਮਾਣ ਭਰੀ ਰੂਹ ਦੀ ਆਮਦ ਦੀ ਸੂਚਨਾ ਦਿੰਦਾ ਹੈ। ਮੱਖੀਆਂ ਤੇਰੇ ਜਿਸਮ ਨੂੰ ਖਾ ਜਾਣਗੀਆਂ। ਤੂੰ ਉਨ੍ਹਾਂ ਉੱਤੇ ਬਿਸਤਰੇ ਵਾਂਗ ਲੇਟਿਆਂ ਹੋਵੇਂਗਾ। ਕੀੜੇ ਤੇਰੇ ਜਿਸਮ ਨੂੰ ਰਜ਼ਾਈ ਵਾਂਗ ਕੱਜਣ।
12 ਤੂੰ ਪ੍ਰਭਾਤ ਦੇ ਤਾਰੇ ਵਾਂਗ ਸੀ ਪਰ ਤੂੰ ਅਕਾਸ਼ ਵਿੱਚੋਂ ਡਿੱਗ ਚੁਕਿਆ ਹੈਂ। ਅਤੀਤ ਵਿੱਚ, ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਸਾਮ੍ਹਣੇ ਝੁਕਦੀਆਂ ਸਨ। ਪਰ ਹੁਣ ਤੂੰ ਕੱਟ ਕੇ ਸੁੱਟ ਦਿੱਤਾ ਗਿਆ ਹੈਂ।
13 ਤੂੰ ਹਮੇਸ਼ਾ ਆਪਣੇ-ਆਪ ਨੂੰ ਆਖਿਆ, "ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ। ਮੈਂ ਉੱਪਰ ਅਕਾਸ਼ ਵੱਲ ਜਾਵਾਂਗਾ। ਮੈਂ ਆਪਣਾ ਤਖਤ ਪਰਮੇਸ਼ੁਰ ਦੇ ਤਾਰਿਆਂ ਦੇ ਉੱਪਰ ਸਬਾਪਿਤ ਕਰਾਂਗਾ। ਮੈਂ ਜ਼ਫ਼ੋਨ ਦੇ ਪਵਿੱਤਰ ਪਰਬਤ ਉੱਤੇ ਬੈਠਾਂਗਾ। ਉਸ ਪਰਬਤ ਉੱਤੇ ਮੈਂ ਦੇਵਤਿਆਂ ਨੂੰ ਮਿਲਾਂਗਾ।
14 ਮੈਂ ਬੱਦਲਾਂ ਵਿਚਲੀ ਜਗਵੇਦੀ ਤੱਕ ਜਾਵਾਂਗਾ। ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ।"
15 ਪਰ ਇਉਂ ਹੋਇਆ ਨਹੀਂ। ਤੂੰ ਪਰਮੇਸ਼ੁਰ ਨਾਲ ਅਕਾਸ਼ ਵੱਲ ਨਹੀਂ ਗਿਆ। ਤੈਨੂੰ ਡੂੰਘੀ ਖੱਡ ਵਿੱਚ, ਸ਼ਿਓਲ, ਮੌਤ ਦੇ ਸਬਾਨ ਉੱਤੇ ਡੇਗਿਆ ਗਿਆ ਸੀ।
16 ਲੋਕ ਤੇਰੇ ਵੱਲ ਦੇਖਦੇ ਹਨ ਅਤੇ ਤੇਰੇ ਬਾਰੇ ਸੋਚਦੇ ਹਨ। ਉਹ ਦੇਖਦੇ ਹਨ ਕਿ ਤੂੰ ਤਾਂ ਬਸ ਮੁਰਦਾ ਜਿਸਮ ਹੀ ਹੈਂ, ਤੇ ਲੋਕ ਆਖਦੇ ਨੇ , "ਕੀ ਇਹ ਉਹੀ ਬੰਦਾ ਹੈ ਜਿਸਨੇ ਧਰਤੀ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਭੈਭੀਤ ਕੀਤਾ ਸੀ?
17 ਕੀ ਇਹੀ ਉਹ ਆਦਮੀ ਹੈ ਜਿਸਨੇ ਸ਼ਹਿਰਾਂ ਨੂੰ ਤਬਾਹ ਕੀਤਾ ਸੀ ਅਤੇ ਜਿਸਨੇ ਧਰਤੀ ਨੂੰ ਮਾਰੂਬਲ ਵਿੱਚ ਬਦਲ ਦਿੱਤਾ ਸੀ? ਕੀ ਇਹ ਉਹੀ ਆਦਮੀ ਹੈ ਜਿਸਨੇ ਲੋਕਾਂ ਨੂੰ ਜੰਗ ਵਿੱਚ ਫ਼ੜਿਆ ਸੀ ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਸੀ?"
18 ਧਰਤੀ ਦਾ ਹਰ ਰਾਜਾ ਸ਼ਾਨ ਨਾਲ ਮਰਿਆ ਹੈ। ਹਰ ਰਾਜੇ ਦੀ ਆਪਣੀ ਕਬਰ ਹੈ।
19 ਪਰ ਤੂੰ, ਹੇ ਬੁਰੇ ਰਾਜੇ, ਤੈਨੂੰ ਤੇਰੀ ਕਬਰ ਵਿੱਚੋਂ ਕੱਢ ਸੁਟਿਆ ਗਿਆ ਹੈ। ਤੂੰ ਰੁੱਖ ਦੀ ਕੱਟੀ ਹੋਈ ਟਾਹਣੀ ਵਾਂਗਰਾਂ ਹੈਂ। ਉਸ ਟਾਹਣੀ ਨੂੰ ਕੱਟ ਕੇ ਸੁੱਟ ਦਿੱਤਾ ਜਾਂਦਾ ਹੈ। ਤੂੰ ਉਸ ਮੁਰਦਾ ਲਾਸ਼ ਵਾਂਗ ਹੈ ਜਿਹੜੀ ਲੜਾਈ ਅੰਦਰ ਡਿੱਗੀ ਸੀ, ਤੇ ਜਿਸ ਨੂੰ ਹੋਰਨਾਂ ਫ਼ੌਜੀਆਂ ਨੇ ਦਰੜ ਦਿੱਤਾ ਸੀ। ਹੁਣ, ਤੂੰ ਹੋਰਨਾਂ ਮੁਰਦਾ ਬੰਦਿਆਂ ਵਰਗਾ ਲੱਗਦਾ ਹੈਂ। ਤੂੰ ਕਫ਼ਨ ਵਿੱਚ ਲਿਪਟਿਆ ਹੋਇਆ ਹੈਂ।
20 ਹੋਰ ਬਹੁਤ ਸਾਰੇ ਰਾਜੇ ਮਰ ਚੁੱਕੇ ਹਨ। ਅਤੇ ਉਨ੍ਹਾਂ ਦੀਆਂ ਆਪੋ-ਆਪਣੀਆਂ ਕਬਰਾਂ ਹਨ। ਪਰ ਤੂੰ ਉਨ੍ਹਾਂ ਨਾਲ ਸ਼ਾਮਿਲ ਨਹੀਂ ਹੋਵੇਂਗਾ। ਕਿਉਂ ਕਿ ਤੂੰ ਆਪਣੇ ਹੀ ਦੇਸ਼ ਨੂੰ ਤਬਾਹ ਕਰ ਦਿੱਤਾ ਸੀ। ਤੂੰ ਆਪਣੇ ਹੀ ਲੋਕਾਂ ਨੂੰ ਮਾਰ ਦਿੱਤਾ ਸੀ। ਤੇਰੇ ਬੱਚੇ ਤੇਰੇ ਵਾਂਗ ਤਬਾਹ ਨਹੀਂ ਕਰਦੇ ਰਹਿਣਗੇ। ਤੇਰੇ ਬੱਚਿਆਂ ਨੂੰ ਰੋਕ ਦਿੱਤਾ ਜਾਵੇਗਾ।
21 ਉਸਦੇ ਬੱਚਿਆਂ ਨੂੰ ਮਾਰਨ ਲਈ ਤਿਆਰ ਰਹੋ। ਉਨ੍ਹਾਂ ਨੂੰ ਮਾਰ ਦਿਓ ਕਿਉਂ ਕਿ ਉਨ੍ਹਾਂ ਦਾ ਪਿਤਾ ਗੁਨਾਹਗਾਰ ਹੈ। ਉਸਦੇ ਬੱਚੇ ਫ਼ੇਰ ਕਦੇ ਵੀ ਧਰਤੀ ਉੱਤੇ ਹਕੂਮਤ ਨਹੀਂ ਕਰਨਗੇ। ਫ਼ੇਰ ਉਹ ਕਦੇ ਵੀ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਨਹੀਂ ਭਰਨਗੇ।
22 ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ, "ਮੈਂ ਖਲੋਵਾਂਗਾ ਤੇ ਉਨ੍ਹਾਂ ਲੋਕਾਂ ਵਿਰੁੱਧ ਲੜਾਂਗਾ। ਮੈਂ ਬਾਬਲ ਦੇ ਮਸ਼ਹੂਰ ਸ਼ਹਿਰ ਨੂੰ ਤਬਾਹ ਕਰ ਦਿਆਂਗਾ। ਮੈਂ ਬਾਬਲ ਦੇ ਸਾਰੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਦੇ ਪੁੱਤ ਪੋਤਿਆਂ ਅਤੇ ਪੜਪੋਤਿਆਂ ਨੂੰ ਤਬਾਹ ਕਰ ਦਿਆਂਗਾ।" ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।
23 ਯਹੋਵਾਹ ਨੇ ਆਖਿਆ, "ਮੈਂ ਬਾਬਲ ਨੂੰ ਬਦਲ ਦਿਆਂਗਾ। ਉਹ ਥਾਂ ਜਾਨਵਰਾਂ ਲਈ ਹੋਵੇਗੀ ਲੋਕਾਂ ਲਈ ਨਹੀਂ। ਉਹ ਥਾਂ ਇੱਕ ਦਲਦਲ ਹੋਵੇਗੀ। ਮੈਂ 'ਬਰਬਾਦੀ ਦੇ ਝਾੜੂ' ਨੂੰ ਵਰਤਾਂਗਾ ਤੇ ਬਾਬਲ ਉੱਤੇ ਝਾੜੂ ਫ਼ੇਰ ਦਿਆਂਗਾ।" ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
24 ਸਰਬ ਸ਼ਕਤੀਮਾਨ ਯਹੋਵਾਹ ਨੇ ਇੱਕ ਇਕਰਾਰ ਕੀਤਾ ਹੈ। ਯਹੋਵਾਹ ਨੇ ਆਖਿਆ ਸੀ, "ਮੈਂ ਇਕਰਾਰ ਕਰਦਾ ਹਾਂ, ਇਹ ਗੱਲਾਂ ਓਵੇਂ ਵਾਪਰਨਗੀਆਂ ਜਿਵੇਂ ਮੈਂ ਸੋਚਿਆ ਸੀ। ਇਹ ਗੱਲਾਂ ਉਵੇਂ ਵਾਪਰਨਗੀਆਂ ਜਿਵੇਂ ਮੈਂ ਯੋਜਨਾ ਬਣਾਈ ਸੀ।
25 ਮੈਂ ਆਪਣੇ ਦੇਸ਼ ਵਿੱਚ ਅੱਸ਼ੂਰ ਦੇ ਰਾਜੇ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਰਾਜੇ ਨੂੰ ਆਪਣੇ ਪਰਬਤਾਂ ਉੱਤੇ ਪੈਰਾਂ ਹੇਠ ਕੁਚਲ ਦਿਆਂਗਾ। ਉਸ ਰਾਜੇ ਨੇ ਮੇਰੇ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ, ਉਸਨੇ ਉਨ੍ਹਾਂ ਦੇ ਗਲਾਂ ਵਿੱਚ ਜ਼ੰਜ਼ੀਰਾਂ ਪਾਈਆਂ। ਯਹੂਦਾਹ ਦੀ ਗਰਦਨਾਂ ਉੱਤੋਂ ਉਸ ਲੱਠ ਨੂੰ ਹਟਾ ਦਿੱਤਾ ਜਾਵੇਗਾ। ਉਸ ਬੋਲ ਨੂੰ ਦੂਰ ਕਰ ਦਿੱਤਾ ਜਾਵੇਗਾ।
26 ਇਹੀ ਗੱਲ ਹੈ ਜਿਸਦੀ ਮੈਂ ਆਪਣੇ ਲੋਕਾਂ ਲਈ ਯੋਜਨਾ ਬਣਾਈ ਹੈ। ਅਤੇ ਮੈਂ ਆਪਣੀ ਬਾਂਹ (ਸ਼ਕਤੀ) ਦੀ ਵਰਤੋਂ ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਕਰਾਂਗਾ।"
27 ਜਦੋਂ ਯਹੋਵਾਹ ਕੋਈ ਯੋਜਨਾ ਬਣਾਉਂਦਾ ਹੈ, ਇਸਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਯਹੋਵਾਹ ਲੋਕਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕਦਾ ਹੈ, ਕੋਈ ਬੰਦਾ ਉਸਨੂੰ ਰੋਕ ਨਹੀਂ ਸਕਦਾ।
28 ਇਹ ਸੰਦੇਸ਼ ਉਸ ਸਾਲ ਦਿੱਤਾ ਗਿਆ ਜਦੋਂ ਰਾਜਾ ਅਹਾਦ ਮਰਿਆ ਸੀ।
29 ਫ਼ਿਲਿਸਤੀਆਂ ਦੇ ਦੇਸ, ਤੂੰ ਬਹੁਤ ਖੁਸ਼ ਹੈਂ ਕਿਉਂ ਕਿ ਜਿਸ ਰਾਜੇ ਨੇ ਤੈਨੂੰ ਮਾਰਿਆ ਸੀ ਉਹ ਹੁਣ ਮਰ ਗਿਆ ਹੈ। ਪਰ ਤੈਨੂੰ ਸੱਚਮੁੱਚ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਠੀਕ ਹੈ ਕਿ ਉਸਦਾ ਰਾਜ ਖਤਮ ਹੋ ਗਿਆ ਹੈ। ਪਰ ਰਾਜੇ ਦਾ ਪੁੱਤਰ ਆਵੇਗਾ ਤੇ ਰਾਜ ਕਰੇਗਾ। ਇਹ ਓਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਇੱਕ ਸੱਪ ਹੋਰ ਵਧੇਰੇ ਜ਼ਹਿਰੀਲੇ ਸੱਪ ਨੂੰ ਜਨਮ ਦਿੰਦਾ ਹੈ। ਇਹ ਨਵਾਂ ਰਾਜਾ ਤੁਹਾਡੇ ਲਈ ਬਹੁਤ ਤੇਜ਼ ਫ਼ਨੀਅਰ ਵਰਗਾ ਹੋਵੇਗਾ।
30 ਪਰ ਮੇਰੇ ਗਰੀਬ ਬੰਦੇ ਸੁਰਖਿਅਤ ਹੋ ਕੇ ਭੋਜਨ ਕਰ ਸਕਣਗੇ। ਉਨ੍ਹਾਂ ਦੇ ਬੱਚੇ ਸੁਰਖਿਅਤ ਹੋਣਗੇ। ਮੇਰੇ ਗਰੀਬ ਬੰਦੇ ਆਰਾਮ ਨਾਲ ਲੇਟ ਸਕਣਗੇ ਤੇ ਸੁਰਖਿਅਤ ਮਹਿਸੂਸ ਕਰਨਗੇ। ਪਰ ਮੈਂ ਤੁਹਾਡੇ ਪਰਿਵਾਰ ਨੂੰ ਭੁੱਖ ਨਾਲ ਮਾਰ ਦਿਆਂਗਾ। ਅਤੇ ਤੁਹਾਡੇ ਸਾਰੇ ਰਹਿੰਦੇ ਬੰਦੇ ਮਰ ਜਾਣਗੇ।
31 ਸ਼ਹਿਰ ਦੇ ਦਰਵਾਜ਼ਿਆਂ ਨੇੜੇ ਰਹਿਣ ਵਾਲਿਓ, ਰੋਵੋ! ਸ਼ਹਿਰ ਵਾਸੀਓ, ਰੋਵੋ! ਤੁਸੀਂ, ਫ਼ਿਲਿਸਤੀਆਂ ਦੇ ਸਮੂਹ ਲੋਕੋ ਭੈਭੀਤ ਹੋ ਜਾਵੋਂਗੇ। ਤੁਹਾਡਾ ਹੌਸਲਾ ਮੋਮ ਵਾਂਗ ਪਿਘਲ ਜਾਵੇਗਾ। ਉੱਤਰ ਵੱਲ ਦੇਖੋ! ਧੂੜ ਦਾ ਬੱਦਲ ਉਠਿਆ ਹੈ! ਅੱਸ਼ੂਰ ਦੀ ਫ਼ੌਜ ਆ ਰਹੀ ਹੈ! ਉਸ ਫ਼ੌਜ ਦੇ ਸਾਰੇ ਬੰਦੇ ਤਾਕਤਵਰ ਹਨ।
32 ਉਹ ਫ਼ੌਜ ਤੁਹਾਡੇ ਦੇਸ ਅੰਦਰ ਸੰਦੇਸ਼ਵਾਹਕਾਂ ਨੂੰ ਭੇਜੇਗੀ। ਉਹ ਸੰਦੇਸ਼ਵਾਹਕ ਆਪਣੇ ਲੋਕਾਂ ਨੂੰ ਕੀ ਆਖਣਗੇ? ਉਹ ਸੂਚਿਤ ਕਰਨਗੇ: ਫ਼ਿਲਿਸਤੀਆਂ ਨੂੰ ਹਰਾ ਦਿੱਤਾ ਗਿਆ ਸੀ, ਪਰ ਯਹੋਵਾਹ ਨੇ ਸੀਯੋਨ ਨੂੰ ਤਾਕਤ ਦਿੱਤੀ ਸੀ। ਉਸਦੇ ਸਾਰੇ ਬੰਦੇ ਓਥੇ ਸੁਰਖਿਆ ਲਈ ਗਏ ਸਨ।