ਜ਼ਬੂਰ
ਕਾਂਡ 82
ਆਸਾਫ਼ ਦਾ ਭਜਨ ਪਰਮੇਸ਼ੁਰ ਦੀ ਮੰਡਲੀ ਵਿੱਚ ਪਰਮੇਸ਼ੁਰ ਖਲੋਤਾ ਹੈ, ਉਹ ਨਿਆਈਆਂ ਦੇ ਵਿੱਚ ਨਿਆਉਂ ਕਰਦਾ ਹੈ,— 
2    ਤੁਸੀਂ ਕਦੋਂ ਤੋੜੀ ਟੇਡਾ ਨਿਆਉਂ ਕਰੋਗੇ, ਅਤੇ ਦੁਸ਼ਟਾਂ ਦਾ ਪੱਖ ਪਾਤ ਕਰੋਗੇ?     
3    ਨਿਤਾਣੇ ਅਤੇ ਯਤੀਮ ਦਾ ਨਿਆਉਂ ਕਰੋ, ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ।     
4    ਨਿਤਾਣੇ ਅਤੇ ਕੰਗਾਲ ਨੂੰ ਬਚਾਓ, ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਓ।     
5    ਓਹ ਨਹੀਂ ਜਾਣਦੇ ਨਾ ਸਮਝਦੇ ਹਨ, ਓਹ ਅਨ੍ਹੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਹਾਂ ਡੋਲ ਜਾਂਦੀਆਂ ਹਨ।     
6    ਮੈਂ ਆਖਿਆ, ਤੁਸੀਂ ਦਿਓਤੇ ਹੋ, ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤ੍ਰ ਹੋ।     
7    ਪਰੰਤੂ ਤੁਸੀਂ ਇਨਸਾਨ ਵਾਂਙੁ ਮਰੋਗੇ ਅਤੇ ਸਰਦਾਰਾਂ ਵਿੱਚੋਂ ਇੱਕ ਵਾਂਙੁ ਡਿੱਗ ਪਓਗੇ!     
8    ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਉਂ ਕਰ! ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ ਬਣਾਵੇਂਗਾ।