0:00
0:00

ਕਾਂਡ 49

ਸੁਰ ਪਤੀ ਲਈ ਕੋਰਹ ਦੇ ਪੁੱਤ੍ਰਾਂ ਦਾ ਭਜਨ

ਹੇ ਸਾਰੇ ਲੋਕੋ, ਏਹ ਸੁਣੋ, ਹੇ ਜਗਤ ਦੇ ਸਾਰੇ ਵਾਸੀਓ, ਕੰਨ ਲਾਓ!
2 ਕੀ ਉੱਚ ਕੀ ਨੀਚ, ਧਨੀ ਅਤੇ ਕੰਗਾਲ ਇਕੱਠੇ।
3 ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿੱਕਲਣਗੀਆਂ, ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ।
4 ਮੈਂ ਆਪਣਾ ਕੰਨ ਦਰਿਸ਼ਟਾਂਤ ਵੱਲ ਲਾਵਾਂਗਾ, ਮੈਂ ਬਰਬਤ ਨਾਲ ਆਪਣਾ ਭੇਤ ਖੋਲ੍ਹਾਂਗਾ।
5 ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ, ਜਦ ਧੋਖੇ ਬਾਜਾਂ ਦੀ ਬਦੀ ਮੈਨੂੰ ਘੇਰ ਲੈਂਦੀ ਹੈ?
6 ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ, ਅਤੇ ਆਪਣੇ ਧਨ ਦੀ ਬੁਹਤਾਇਤ ਉੱਤੇ ਫੁੱਲਦੇ ਹਨ,
7 ਉਨ੍ਹਾਂ ਵਿੱਚੋਂ ਕੋਈ ਆਪਣੇ ਭਰਾ ਦਾ ਨਿਸਤਾਰਾ ਕਰ ਨਹੀਂ ਸੱਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪਰਾਸਚਿਤ ਦੇ ਸੱਕਦਾ ਹੈ,
8 ਕਿਉਂ ਜੋ ਉਨ੍ਹਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ, ਅਤੇ ਉਹ ਸਦਾ ਤੀਕ ਅਸਾਧ ਹੈ,
9 ਭਈ ਉਹ ਅਨੰਤ ਕਾਲ ਤੀਕ ਜੀਉਂਦਾ ਰਹੇ, ਅਤੇ ਗੋਰ ਨੂੰ ਨਾ ਵੇਖੇ।
10 ਉਹ ਤਾਂ ਵੇਖਦਾ ਹੈ ਭਈ ਬੁੱਧਵਾਨ ਵੀ ਮਰਦੇ, ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ, ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ।
11 ਉਨ੍ਹਾਂ ਦੇ ਅੰਦਰ ਇਹ ਫੁਰਨਾ ਹੈ ਭਈ ਸਾਡੇ ਘਰ ਸਦਾ ਤੀਕ ਅਤੇ ਸਾਡੇ ਨਿਵਾਸ ਪੀੜ੍ਹੀਓਂ ਪੀੜ੍ਹੀ ਰਹਿਣਗੇ, ਓਹ ਆਪਣੀਆਂ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਉਂ ਰੱਖਦੇ ਹਨ।
12 ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ, ਉਹ ਡੰਗਰਾਂ ਦੇ ਤੁੱਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ।
13 ਉਨ੍ਹਾਂ ਦੀ ਏਹ ਚਾਲ ਉਨ੍ਹਾਂ ਦੀ ਮੂਰਖਤਾਈ ਹੈ, ਤਾਂ ਵੀ ਜਿਹੜੇ ਉਨ੍ਹਾਂ ਦੇ ਮਗਰ ਆਉਂਦੇ ਹਨ, ਓਹ ਉਨ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ।
14 ਇੱਜੜ ਵਾਂਙੁ ਓਹ ਪਤਾਲ ਵਿੱਚ ਰੱਖੇ ਜਾਂਦੇ ਹਨ, ਮੌਤ ਉਨ੍ਹਾਂ ਦਾ ਅਯਾਲੀ ਹੋਵੇਗੀ, ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ। ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ ਜਾਵੇਗਾ, ਉਹ ਦਾ ਕੋਈ ਟਿਕਾਣਾ ਨਾ ਰਹੇਗਾ।
15 ਪਰੰਤੂ ਪਰਮੇਸ਼ੁਰ ਮੇਰੀ ਜਾਨ ਨੂੰ ਪਤਾਲ ਦੇ ਵੱਸ ਤੋਂ ਨਿਸਤਾਰਾ ਦੇਵੇਗਾ, ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ।
16 ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹ ਦੇ ਘਰ ਦਾ ਪਰਤਾਪ ਵਧ ਜਾਵੇ,
17 ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲੈ ਜਾਵੇਗਾ, ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉਤਰੇਗਾ,
18 ਭਾਵੇਂ ਉਹ ਆਪਣੇ ਜੀਉਂਦੇ ਜੀ ਆਪਣੀ ਜਾਨ ਨੂੰ ਮੁਬਾਰਕ ਆਖਦਾ,—ਜਦੋਂ ਤੂੰ ਆਪਣਾ ਭਲਾ ਕਰੇਂ ਤਾਂ ਲੋਕ ਤੈਨੂੰ ਸਲਾਹੁਣਗੇ,—
19 ਤਦ ਵੀ ਉਹ ਆਪਣੇ ਪਿਉ ਦਾਦਿਆਂ ਦੀ ਪੀੜ੍ਹੀ ਵਿੱਚ ਜਾ ਰਲੇਗਾ, ਜਿਹੜੇ ਕਦੀ ਵੀ ਚਾਨਣ ਨਾ ਵੇਖਣਗੇ।
20 ਜਿਹੜਾ ਆਦਮੀ ਆਦਰ ਵਿੱਚ ਹੈ ਪਰ ਸਮਝ ਨਹੀਂ ਰੱਖਦਾ, ਉਹ ਡੰਗਰਾਂ ਦੇ ਤੁੱਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ!