0:00
0:00

ਕਾਂਡ 145

ਦਾਊਦ ਦੀ ਉਸਤਤ

ਹੇ ਮੇਰੇ ਪਰਮੇਸ਼ੁਰ, ਹੇ ਪਾਤਸ਼ਾਹ, ਮੈਂ ਤੈਨੂੰ ਸਲਾਹਾਂਗਾ, ਤੇਰੇ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਾਂਗਾ!
2 ਮੈਂ ਤੈਨੂੰ ਦਿਨੋ ਦਿਨ ਮੁਬਾਰਕ ਆਖਾਂਗਾ, ਅਤੇ ਜੁੱਗੋ ਜੁੱਗ ਤੇਰੇ ਨਾਮ ਦੀ ਉਸਤਤ ਕਰਾਂਗਾ!
3 ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ।
4 ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਤੇਰੀ ਕਾਰ ਦਾ ਜਸ ਸੁਣਾਏਗੀ, ਅਤੇ ਓਹ ਤੇਰੀਆਂ ਕੁਦਰਤਾਂ ਦੱਸਣਗੇ।
5 ਮੈਂ ਤੇਰੇ ਤੇਜਵਾਨ ਪਰਤਾਪ ਦੀ ਸ਼ਾਨ ਦਾ, ਅਤੇ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ।
6 ਓਹ ਤੇਰੇ ਭਿਆਣਕ ਕੰਮਾਂ ਦੀ ਸਮਰੱਥਾ ਦਾ ਪਰਚਾਰ ਕਰਨਗੇ, ਅਤੇ ਮੈਂ ਤੇਰੀ ਮਹਾਨਤਾ ਦਾ ਵਰਨਣ ਕਰਾਂਗਾ।
7 ਓਹ ਤੇਰੀ ਬਹੁਤੀ ਭਲਿਆਈ ਨੂੰ ਚੇਤੇ ਕਰ ਕੇ ਉੱਬਲ ਉੱਠਣਗੇ, ਅਤੇ ਓਹ ਤੇਰੇ ਧਰਮ ਦਾ ਜੈਕਾਰਾ ਗਜਾਉਣਗੇ।
8 ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਵਿੱਚ ਮਹਾਨ।
9 ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।
10 ਹੇ ਯਹੋਵਾਹ, ਤੇਰੇ ਸਾਰੇ ਕੰਮ ਤੇਰਾ ਧੰਨਵਾਦ ਕਰਨਗੇ, ਅਤੇ ਤੇਰੇ ਸੰਤ ਤੈਨੂੰ ਮੁਬਾਰਕ ਆਖਣਗੇ।
11 ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ,
12 ਭਈ ਓਹ ਆਦਮੀ ਦੇ ਵੰਸ ਉੱਤੇ ਤੇਰੀਆਂ ਕੁਦਰਤਾਂ ਨੂੰ ਪਰਗਟ ਕਰਨ, ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ।
13 ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਪਾਤਸ਼ਾਹੀ ਹੈ, ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੀਕ।
14 ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।
15 ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ, ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈਂ।
16 ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।
17 ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ।
18 ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ।
19 ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।
20 ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਨਾ ਕਰਦਾ ਹੈ, ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ।
21 ਮੇਰਾ ਮੂੰਹ ਯਹੋਵਾਹ ਦੀ ਉਸਤਤ ਕਰੇ, ਅਤੇ ਸਾਰੇ ਬਸ਼ਰ ਉਹ ਦੇ ਪਵਿੱਤਰ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਣ!।