ਅੱਯੂਬ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42

0:00
0:00

ਕਾਂਡ 40

ਯਹੋਵਾਹ ਨੇ ਅੱਯੂਬ ਨੂੰ ਜਵਾਬ ਦਿੱਤਾ ਅਤੇ ਉਸਨੂੰ ਆਖਿਆ:
2 "ਅੱਯੂਬ, ਤੂੰ ਸ਼ਰਬ ਸ਼ਕਤੀਮਾਨ ਪਰਮੇਸ਼ੁਰ ਨਾਲ ਬਹਿਸ ਕੀਤੀ ਹੈ। ਤੂੰ ਮੇਰਾ ਗ਼ਲਤ ਕਰਨ ਦੇ ਦੋਸ਼ੀ ਵਜੋਂ ਨਿਆਂ ਕੀਤਾ ਹੈ। ਕੀ ਹੁਣ ਤੂੰ ਮਂਨੇਗਾ ਕਿ ਤੂੰ ਗਲਤ ਹੈਂ? ਕੀ ਤੂੰ ਮੈਨੂੰ ਜਵਾਬ ਦੇਵੇਂਗਾ?"
3 ਫੇਰ ਅੱਯੂਬ ਨੇ ਪਰਮੇਸ਼ੁਰ ਨੂੰ ਜਵਾਬ ਦਿੱਤਾ ਤੇ ਆਖਿਆ:
4 ਮੈਂ ਇੰਨਾ ਨਿਮਾਣਾ ਹਾਂ ਕਿ ਮੈਂ ਕਿਵੇਂ ਬੋਲਾਂ। ਮੈਂ ਤੈਨੂੰ ਕੀ ਆਖ ਸਕਦਾ ਹਾਂ? ਮੈਂ ਤੈਨੂੰ ਜਵਾਬ ਨਹੀਂ ਦੇ ਸਕਦਾ, ਮੈਂ ਆਪਣੇ ਮੂੰਹ ਉੱਤੇ ਹੱਥ ਰੱਖ ਲਵਾਂਗਾ।
5 ਮੈਂ ਇੱਕ ਵਾਰੀ ਬੋਲਿਆ ਸਾਂ, ਪਰ ਮੈਂ ਫ਼ੇਰ ਨਹੀਂ ਬੋਲਾਂਗਾ। ਮੈਂ ਦੋ ਵਾਰੀ ਬੋਲਿਆ ਸਾਂ, ਪਰ ਮੈਂ ਹੋਰ ਕੁਝ ਵੀ ਨਹੀਂ ਆਖਾਂਗਾ।"
6 ਤਾਂ ਯਹੋਵਾਹ ਤੂਫਾਨ ਵਿੱਚੋਂ ਫੇਰ ਅੱਯੂਬ ਨਾਲ ਬੋਲਿਆ। ਯਹੋਵਾਹ ਨੇ ਆਖਿਆ:
7 ਅੱਯੂਬ, ਆਪਣੇ-ਆਪ ਨੂੰ ਕਸ ਲੈ ਤੇ ਉਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੋ ਜੋ ਮੈਂ ਪੁੱਛਾਂਗਾ।
8 "ਅੱਯੂਬ, ਤੇਰਾ ਕੀ ਖਿਆਲ ਹੈ ਕਿ ਮੈਂ ਬੇਲਾਗ ਨਹੀਂ? ਕੀ ਤੂੰ ਆਖਦਾ ਹੈ ਕੀ ਮੈਂ ਗਲਤ ਕਰਨ ਦਾ ਦੋਸ਼ੀ ਹਾਂ, ਤਾਂ ਜੋ ਤੈਨੂੰ ਬੇਗੁਨਾਹ ਸਾਬਿਤ ਕੀਤਾ ਜਾ ਸਕੇਗਾ।
9 ਕੀ ਤੇਰੇ ਬਾਜ਼ੂ ਇੰਨੇ ਤਾਕਤਵਰ ਹਨ ਜਿਵੇਂ ਪਰਮੇਸ਼ੁਰ ਦਾ ਬਾਜ਼ੂ ਹੈਂ? ਕੀ ਤੇਰੀ ਆਵਾਜ਼ ਪਰਮੇਸ਼ੁਰ ਦੀ ਆਵਾਜ਼ ਵਰਗੀ ਹੈ ਜਿਹੜੀ ਗਰਜ ਵਾਂਗ ਉੱਚੀ ਹੈ?
10 ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਗੁਮਾਨੀ ਹੋ ਸਕਦਾ ਹੈ। ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਪਰਤਾਪ ਅਤੇ ਮਾਨ ਨੂੰ ਬਸਤਰਾਂ ਵਾਂਗ ਪਹਿਨ ਸਕਦਾ ਹੈਂ।
11 ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਆਪਣਾ ਕ੍ਰੋਧ ਦਰਸਾ ਸਕਦਾ ਹੈ ਤੇ ਗੁਮਾਨੀ ਲੋਕਾਂ ਨੂੰ ਦੰਡ ਦੇ ਸਕਦਾ ਹੈ। ਤੂੰ ਉਨ੍ਹਾਂ ਗੁਮਾਨੀ ਲੋਕਾਂ ਨੂੰ, ਨਿਮਾਣੇ ਬਣਾ ਸਕਦਾ ਹੈਂ।
12 ਹਾਂ, ਅੱਯੂਬ ਉਨ੍ਹਾਂ ਗੁਮਾਨੀ ਲੋਕਾਂ ਵੱਲ ਵੇਖ ਤੇ ਉਨ੍ਹਾਂ ਨੂੰ ਨਿਮਾਣਾ ਬਣਾ ਦੇ। ਉਨ੍ਹਾਂ ਬੁਰੇ ਲੋਕਾਂ ਨੂੰ ਕੁਚਲ ਦੇ, ਜਿੱਥੇ ਉਹ ਖਲੋਤੇ ਨੇ।
13 ਸਾਰੇ ਘਮਂਡੀ ਲੋਕਾਂ ਨੂੰ ਧੂੜ ਅੰਦਰ ਦਫਨ ਕਰ ਦੇ। ਉਨ੍ਹਾਂ ਦੇ ਸ਼ਰੀਰਾਂ ਨੂੰ ਲਪੇਟ ਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਬਰਾਂ ਵਿੱਚ ਸੁੱਟ ਦੇ।
14 ਅੱਯੂਬ, ਜੇਕਰ ਤੂੰ ਇਹ ਸਾਰੀਆਂ ਗੱਲਾਂ ਕਰ ਸਕਦਾ ਹੈਂ, ਮੈਂ ਵੀ ਤੇਰੀ ਉਸਤਤ ਕਰਾਂਗਾ ਅਤੇ ਕਬੂਲ ਕਰ ਲਵਾਂਗਾ ਕਿ ਤੂੰ ਆਪਣੀ ਤਾਕਤ ਨਾਲ ਆਪਣੇ-ਆਪ ਨੂੰ ਬਚਾਉਣ ਦੇ ਸਮਰੱਥ ਹੈ।
15 ਅੱਯੂਬ ਜ਼ਰਾ ਬਹੇਮੋਬ ਵੱਲ ਵੇਖ। ਮੈਂ, ਪਰਮੇਸ਼ੁਰ ਨੇ ਬਹੇਮੋਬ ਨੂੰ ਬਣਾਇਆ ਸੀ ਤੇ ਮੈਂ ਤੈਨੂੰ ਸਾਜਿਆ ਸੀ। ਬਹੇਮੋਬ ਗਊ ਵਾਂਗ ਘਾਹ ਖਾਂਦਾ ਹੈ।
16 ਬਹੇਮੋਬ ਦੇ ਸ਼ਰੀਰ ਅੰਦਰ ਬਹੁਤ ਤਾਕਤ ਹੈ। ਉਸਦੇ ਮਿਹਦੇ ਦੇ ਪੱਠੇ ਬਹੁਤ ਮਜ਼ਬੂਤ ਹਨ।
17 ਬਹੇਮੋਬ ਦੀ ਪੂਛ ਦਿਆਰ ਦੇ ਰੁੱਖ ਵਾਂਗਰਾਂ ਮਜ਼ਬੂਤੀ ਨਾਲ ਖਲੋਤੀ ਹੈ। ਉਸ ਦੀਆਂ ਲੱਤਾਂ ਦੇ ਪੱਠੇ ਬਹੁਤ ਮਜ਼ਬੂਤ ਹਨ।
18 ਬਹੇਮੋਬ ਦੀਆਂ ਹੱਡੀਆਂ ਕਾਂਸੀ ਵਾਂਗ ਮਜ਼ਬੂਤ ਹਨ। ਉਸ ਦੀਆਂ ਲੱਤਾਂ ਲੋਹੇ ਦੀਆਂ ਲਠ੍ਠਾਂ ਵਰਗੀਆਂ ਹਨ।
19 ਬਹੇਮੋਬ ਸਾਰੇ ਜਾਨਵਰਾਂ ਵਿਚੋਂ, ਜਿਨ੍ਹਾਂ ਨੂੰ ਮੈਂ ਸਾਜਿਆ, ਸਭ ਤੋਂ ਹੈਰਾਨਕੁਨ ਹੈ। ਪਰ ਮੈਂ ਉਸਨੂੰ ਵੀ ਹਰਾ ਸਕਦਾ ਹਾਂ।
20 ਬਹੇਮੋਬ ਘਾਹ ਖਾਂਦਾ ਹੈ ਜਿਹੜਾ ਪਹਾੜਾਂ ਉੱਤੇ ਉੱਗਦਾ ਹੈ, ਜਿੱਥੇ ਜੰਗਲੀ ਜਾਨਵਰ ਕਲੋਲਾਂ ਕਰਦੇ ਨੇ।
21 ਬਹੇਮੋਬ ਕੰਵਲ ਦੇ ਪੌਦਿਆਂ ਹੇਠਾਂ ਲੇਟਦਾ ਹੈ। ਉਹ ਦਲਦਲ ਵਿਚਲੀ ਕਾਹੀ ਅੰਦਰ ਛੁਪ ਜਾਂਦਾ ਹੈ।
22 ਕੰਵਲ ਦੇ ਪੌਦੇ ਬਹੇਮੋਬ ਨੂੰ ਆਪਣੀ ਛਾਂ ਹੇਠਾਂ ਛੁਪਾ ਲੈਂਦੇ ਨੇ। ਉਹ ਬੈਂਤ ਦੇ ਰੁੱਖਾਂ ਹੇਠਾਂ ਰਹਿੰਦਾ ਹੈ, ਜਿਹੜੇ ਨਦੀ ਦੇ ਨੇੜੇ ਨਹੀਂ ਉੱਗਦੇ।
23 ਜੇ ਨਦੀ ਵਿੱਚ ਹੜ ਆਉਂਦਾ ਹੈ ਦਰਿਆਈ ਘੋੜਾ ਨਸਦਾ ਨਹੀਂ ਉਹ ਡਰਦਾ ਨਹੀਂ ਜੇ ਯਰਦਨ ਨਦੀ ਵੀ ਉਸ ਦੇ ਚਿਹਰੇ ਉੱਤੇ ਛਿੱਟੇ ਮਾਰੇ।
24 ਕੋਈ ਵੀ ਬੰਦਾ ਦਰਿਆਈ ਘੋੜੇ ਦੀਆਂ ਅੱਖਾਂ ਅੰਨ੍ਹੀਆਂ ਨਹੀਂ ਕਰ ਸਕਦਾ ਤੇ ਉਸ ਨੂੰ ਆਪਣੇ ਜਾਲ ਵਿੱਚ ਫ਼ੜ ਨਹੀਂ ਸਕਦਾ।