ਅੱਯੂਬ
ਕਾਂਡ 37
"ਗਰਜ ਤੇ ਚਮਕ ਮੈਨੂੰ ਭੈਭੀਤ ਕਰਦੇ ਨੇ। ਮੇਰਾ ਦਿਲ ਤੇਜੀ ਨਾਲ ਮੇਰੀ ਛਾਤੀ ਅੰਦਰ ਧੜਕਦਾ ਹੈ।
2 ਹਰ ਕੋਈ ਸੁਣੋ। ਪਰਮੇਸ਼ੁਰ ਦੀ ਅਵਾਜ਼ ਗਰਜ ਵਰਗੀ ਲੱਗਦੀ ਹੈ। ਗਰਜਦੀ ਹੋਈ ਆਵਾਜ਼ ਨੂੰ ਸੁਣੋ ਜਿਹੜੀ ਪਰਮੇਸ਼ੁਰ ਦੇ ਮੁਖ ਤੋਂ ਨਿਕਲ ਰਹੀ ਹੈ।
3 ਪਰਮੇਸ਼ੁਰ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਉੱਤੇ ਚਮਕਣ ਲਈ ਭੇਜਦਾ ਹੈ। ਇਹ ਸਾਰੀ ਧਰਤੀ ਉੱਤੇ ਚਮਕਦੀ ਹੈ।
4 ਬਿਜਲੀ ਦੀ ਚਮਕ ਤੋਂ ਮਗਰੋਂ, ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਸੁਣੀ ਜਾ ਸਕਦੀ ਹੈ। ਪਰਮੇਸ਼ੁਰ ਆਪਣੀ ਅਦਭੁਤ ਅਵਾਜ਼ ਨਾਲ ਗਰਜਦਾ ਹੈ। ਜਦੋਂ ਬਿਜਲੀ ਲਿਸ਼ਕਦੀ ਹੈ, ਪਰਮੇਸ਼ੁਰ ਦੀ ਆਵਾਜ਼ ਗਰਜਦੀ ਹੈ।
5 ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਅਦਭੁਤ ਹੁੰਦੀ ਹੈ! ਉਹ ਮਹਾਨ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਸਮਝ ਸਕਦੇ।
6 ਪਰਮੇਸ਼ੁਰ ਬਰਫ ਨੂੰ ਆਖਦਾ ਹੈ, 'ਧਰਤੀ ਉੱਤੇ ਡਿੱਗ' ਤੇ ਉਹ ਮੀਂਹ ਨੂੰ ਆਖਦਾ ਹੈ, 'ਧਰਤੀ ਉੱਤੇ ਵਰ੍ਹ।'
7 ਪਰਮੇਸ਼ੁਰ ਇਹ ਸਾਰੀਆਂ ਗੱਲਾਂ ਕਰਦਾ ਹੈ ਤਾਂ ਜੋ ਸਾਰੇ ਲੋਕ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ, ਜਾਣ ਲੈਣ ਕਿ ਉਹ ਕੀ ਕਰ ਸਕਦਾ ਹੈ। ਇਹੀ ਉਸਦਾ ਪ੍ਰਮਾਣ ਹੈ।
8 ਜਾਨਵਰ ਆਪਣੇ ਭੋਰਿਆਂ ਅੰਦਰ ਵੜ ਜਾਂਦੇ ਨੇ ਤੇ ਉੱਥੇ ਹੀ ਰਹਿੰਦੇ ਨੇ।
9 ਦੱਖਣ ਵੱਲੋਂ ਵਾਵਰੋਲੇ ਉੱਠਦੇ ਨੇ। ਉੱਤਰ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ।
10 ਪਰਮੇਸ਼ੁਰ ਦਾ ਸਾਹ ਬਰਫ਼ ਨੂੰ ਬਣਾਉਂਦਾ ਹੈ, ਤੇ ਸਾਗਰ ਨੂੰ ਜਮਾ ਦਿੰਦਾ ਹੈ।
11 ਪਰਮੇਸ਼ੁਰ ਬੱਦਲਾਂ ਨੂੰ ਪਾਣੀ ਨਾਲ ਭਰ ਦਿੰਦਾ ਹੈ ਤੇ ਉਨ੍ਹਾਂ ਤੂਫਾਨੀ ਬੱਦਲਾਂ ਨੂੰ ਖਿੰਡਾ ਦਿੰਦਾ ਹੈ।
12 ਪਰਮੇਸ਼ੁਰ ਬੱਦਲਾਂ ਨੂੰ, ਸਾਰੀ ਧਰਤੀ ਉੱਤੇ ਵਗਣ ਲਈ ਹੁਕਮ ਦਿੰਦਾ ਹੈ। ਬੱਦਲ ਉਹ ਸਭ ਕੁਝ ਕਰਦੇ ਹਨ ਜੋ ਪਰਮੇਸ਼ੁਰ ਉਨ੍ਹਾਂ ਨੂੰ ਕਰਨ ਦਾ ਹੁਂਕਮ ਦਿੰਦਾ ਹੈ।
13 ਪਰਮੇਸ਼ੁਰ ਲੋਕਾਂ ਨੂੰ ਦੰਡ ਦੇਣ ਲਈ ਹੜ ਲਿਆਉਣ ਲਈ ਜਾਂ ਆਪਣੇ ਪਿਆਰ ਨੂੰ ਦਰਸਾਉਣ ਲਈ, ਪਾਣੀ ਲਿਆਉਣ ਲਈ, ਬੱਦਲਾਂ ਨੂੰ ਲਿਆਉਂਦਾ ਹੈ।
14 ਅੱਯੂਬ, ਇੱਕ ਮਿਨਟ ਲਈ ਠਹਿਰ ਤੇ ਸੁਣ। ਉਨ੍ਹਾਂ ਅਦਭੁਤ ਗੱਲਾਂ ਬਾਰੇ ਸੋਚ ਜਿਹੜੀਆਂ ਪਰਮੇਸ਼ੁਰ ਕਰਦਾ ਹੈ।
15 ਅੱਯੂਬ ਜਾਣਦਾ ਹੈਂ ਤੂੰ ਪਰਮੇਸ਼ੁਰ ਕਿਵੇਂ ਬੱਦਲਾਂ ਨੂੰ ਚਲਾਉਂਦਾ ਹੈ? ਕੀ ਤੂੰ ਜਾਣਦਾ ਹੈ ਕਿ ਕਿਵੇਂ ਪਰਮੇਸ਼ੁਰ ਆਪਣੀ ਬਿਜਲੀ ਲਿਸ਼ਕਾਉਂਦਾ ਹੈ?
16 ਕੀ ਤੂੰ ਜਾਣਦਾ ਹੈਂ ਕਿ ਬੱਦਲ ਅਕਾਸ਼ ਵਿੱਚ ਕਿਵੇਂ ਲਟਕਦੇ ਨੇ? ਬੱਦਲ ਤਾਂ ਉਨ੍ਹਾਂ ਅਦਭੁੱਤ ਗੱਲਾਂ ਦੀ ਸਿਰਫ ਇੱਕ ਮਿਸਾਲ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ। ਤੇ ਪਰਮੇਸ਼ੁਰ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ।
17 ਪਰ ਅੱਯੂਬ, ਤੂੰ ਇਨ੍ਹਾਂ ਗੱਲਾਂ ਬਾਰੇ ਨਹੀਂ ਜਾਣਦਾ। ਤੂੰ ਤਾਂ ਇਹੀ ਜਾਣਦਾ ਹੈ ਕਿ ਤੈਨੂੰ ਪਸੀਨਾ ਆਉਂਦਾ ਹੈ, ਤੇ ਤੇਰੇ ਕੱਪੜੇ ਤੇਰੇ ਸਰੀਰ ਨਾਲ ਚਿਪਕ ਜਾਂਦੇ ਨੇ ਤੇ ਸਭ ਕੁਝ ਰੁਕ ਜਾਂਦਾ ਅਤੇ ਸ਼ਾਂਤ ਹੁੰਦਾ ਹੈ ਜਦੋਂ ਦੱਖਣ ਵੱਲੋਂ ਗਰਮੀ ਦੀ ਲਹਿਰ ਆਉਂਦੀ ਹੈ।
18 ਅੱਯੂਬ, ਕੀ ਤੂੰ ਅਕਾਸ਼ ਨੂੰ ਫ਼ੈਲਾਉਣ ਵਿੱਚ ਪਰਮੇਸ਼ੁਰ ਦੀ ਸਹਾਇਤਾ ਕਰ ਸਕਦਾ ਹੈਂ, ਤੇ ਇਸ ਨੂੰ ਪਾਲਿਸ਼ ਕੀਤੇ ਤਾਂਬੇ ਵਾਂਗ ਚਮਕਦਾਰ ਬਣਾ ਸਕਦਾ ਹੈਂ?
19 ਅੱਯੂਬ, ਸਾਨੂੰ ਦੱਸ ਅਸੀਂ ਪਰਮੇਸ਼ੁਰ ਨੂੰ ਕੀ ਆਖੀਏ? ਅਸੀਂ ਆਪਣੀ ਅਗਿਆਨਤਾ ਕਾਰਣ, ਸੋਚ ਨਹੀਂ ਸਕਦੇ ਕਿ ਉਸ ਨੂੰ ਕੀ ਆਖੀਏ।
20 ਮੈਂ ਪਰਮੇਸ਼ੁਰ ਨੂੰ ਨਾ ਦੱਸਾਂਗਾ ਕਿ ਮੈਂ ਉਸ ਨਾਲ ਗੱਲਾਂ ਕਰਨਾ ਚਾਹੁੰਦਾ ਹਾਂ। ਇਹ ਤਾਂ ਤਬਾਹ ਕਰਨ ਦੀ ਮੰਗ ਕਰਨ ਵਾਂਗ ਹੋਣੀ ਸੀ।
21 ਕੋਈ ਬੰਦਾ ਸੂਰਜ ਵੱਲ ਨਹੀਂ ਤੱਕ ਸਕਦਾ। 'ਇਹ ਅਕਾਸ਼ ਵਿੱਚ ਬਹੁਤ ਤੇਜ਼ ਤੇ ਚਮਕੀਲਾ ਹੁੰਦਾ ਹੈ ਜਦੋਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ।
22 ਤੇ ਪਰਮੇਸ਼ੁਰ ਵੀ ਇਸੇ ਤਰ੍ਹਾਂ ਹੈ। ਪਰਮੇਸ਼ੁਰ ਦਾ ਸੁਨਿਹਰੀ ਪਰਤਾਪ ਪਵਿੱਤਰ ਪਰਬਤ ਉੱਤੋਂ ਚਮਕਦਾ ਹੈ। ਪਰਮੇਸ਼ੁਰ ਦੁਆਲੇ ਚਮਕਦਾਰ ਰੋਸ਼ਨੀ ਹੁੰਦੀ ਹੈ।
23 ਸਰਬ ਸ਼ਕਤੀਮਾਨ ਪਰਮੇਸ਼ੁਰ ਮਹਾਨ ਹੈ। ਅਸੀਂ ਪਰਮੇਸ਼ੁਰ ਨੂੰ ਨਹੀਂ ਸਮਝ ਸਕਦੇ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਸਾਡੇ ਲਈ ਚੰਗਾ ਅਤੇ ਨਿਆਂਈ ਵੀ ਹੈ। ਪਰਮੇਸ਼ੁਰ ਸਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ।
24 ਇਹੀ ਕਾਰਣ ਹੈ ਕਿ ਲੋਕ ਉਸਦਾ ਆਦਰ ਕਰਦੇ ਨੇ। ਪਰ ਪਰਮੇਸ਼ੁਰ ਗੁਮਾਨੀ ਲੋਕਾਂ ਦਾ ਆਦਰ ਨਹੀਂ ਕਰਦਾ ਜਿਹੜੇ ਆਪਣੇ-ਆਪ ਨੂੰ ਸਿਆਣੇ ਸਮਝਦੇ ਨੇ।"