ਅਸਤਸਨਾ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34

0:00
0:00

ਕਾਂਡ 16

ਅਬੀਬ ਦੇ ਮਹੀਨੇ ਨੂੰ ਤੁਸੀਂ ਮਨਾਇਆ ਕਰੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਸਹ ਕਰੋ ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਸਰ ਤੋਂ ਰਾਤ ਦੇ ਵੇਲੇ ਕੱਢ ਲਿਆਇਆ।
2 ਤੁਸੀਂ ਚੌਣੇ ਅਤੇ ਇੱਜੜ ਤੋਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਸ ਅਸਥਾਨ ਵਿੱਚ ਪਸਹ ਚੜ੍ਹਾਓ ਜਿਹੜਾ ਯਹੋਵਾਹ ਆਪਣਾ ਨਾਮ ਵਸਾਉਣ ਲਈ ਚੁਣੇਗਾ।
3 ਤੁਸੀਂ ਉਹ ਦੇ ਨਾਲ ਖਮੀਰ ਨਾ ਖਾਇਓ। ਸੱਤ ਦਿਨ ਉਹ ਦੇ ਨਾਲ ਪਤੀਰੀ ਰੋਟੀ ਜਿਹੜੀ ਦੁਖ ਦੀ ਰੋਟੀ ਹੈ ਖਾਇਓ ਕਿਉਂ ਜੋ ਤੁਸੀਂ ਮਿਸਰ ਦੇਸ ਤੋਂ ਤੁਰਤ ਫੁਰਤ ਨਿੱਕਲ ਆਏ ਹੋ। ਪਰੋਜਨ ਏਹ ਹੈ ਭਈ ਤੁਸੀਂ ਜੀਵਨ ਭਰ ਉਸ ਦਿਨ ਨੂੰ ਚੇਤੇ ਰੱਖੋ ਜਦ ਤੁਸੀਂ ਮਿਸਰ ਦੇਸ ਤੋਂ ਨਿੱਕਲ ਆਏ।
4 ਸੱਤਾਂ ਦਿਨਾਂ ਤੀਕ ਕੋਈ ਖਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਨਾ ਵੇਖਿਆ ਜਾਵੇ, ਨਾ ਉਸ ਮਾਸ ਤੋਂ ਜਿਹੜਾ ਪਹਿਲੇ ਦਿਨ ਸ਼ਾਮਾਂ ਨੂੰ ਤੁਸੀਂ ਚੜ੍ਹਾਵੋ, ਸਾਰੀ ਰਾਤ ਸਵੇਰ ਤੀਕ ਕੁਝ ਬਾਕੀ ਰਹੇ।
5 ਤੁਸੀਂ ਪਸਹ ਨੂੰ ਆਪਣੇ ਹੋਰ ਕਿਸੇ ਫਾਟਕ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਚੜ੍ਹਾ ਨਾ ਸੱਕੋਗੇ।
6 ਪਰੰਤੂ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਉੱਥੇ ਤੁਸੀਂ ਸ਼ਾਮਾਂ ਨੂੰ ਪਸਹ ਚੜ੍ਹਾਓ ਜਦ ਸੂਰਜ ਡੁੱਬ ਰਿਹਾ ਹੋਵੇ ਉਸੇ ਰੁੱਤੇ ਜਦ ਤੁਸੀਂ ਮਿਸਰੋਂ ਨਿੱਕਲੇ ਸਾਓ।
7 ਤੁਸੀਂ ਭੁੰਨ ਕੇ ਉਸ ਅਸਥਾਨ ਵਿੱਚ ਖਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਫੇਰ ਮੁੜ ਕੇ ਸਵੇਰ ਨੂੰ ਤੁਸੀਂ ਆਪਣੇ ਤੰਬੂਆਂ ਨੂੰ ਚੱਲੇ ਆਓ।
8 ਛੇ ਦਿਨ ਤੁਸੀਂ ਪਤੀਰੀ ਰੋਟੀ ਖਾਓ ਅਤੇ ਸੱਤਵੇਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਮਹਾ ਸਭਾ ਹੋਵੇ, ਉਸ ਵਿੱਚ ਕੋਈ ਕੰਮ ਧੰਦਾ ਨਾ ਕਰੋ।
9 ਸੱਤ ਹਫ਼ਤੇ ਤੁਸੀਂ ਆਪਣੇ ਲਈ ਗਿਣੋ। ਖੜੀ ਫ਼ਸਲ ਨੂੰ ਦਾਤੀ ਲਾਉਣ ਦੇ ਵੇਲੇ ਤੋਂ ਤੁਸੀਂ ਸੱਤ ਹਫ਼ਤੇ ਗਿਣਨੇ ਸ਼ੁਰੂ ਕਰੋ।
10 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਹਫ਼ਤਿਆਂ ਦਾ ਪਰਬ ਆਪਣੇ ਹੱਥ ਦੀ ਖੁਸ਼ੀ ਦੀ ਭੇਟ ਦੇ ਨਜ਼ਰਾਨਿਆਂ ਨਾਲ ਮਨਾਓ। ਤੁਸੀਂ ਤਿਵੇਂ ਦਿਓ ਜਿਵੇਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਬਰਕਤ ਦਿੰਦਾ ਹੈ।
11 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਅਨੰਦ ਕਰੋ, ਤੁਸੀਂ, ਤੁਹਾਡਾ ਪੁੱਤ੍ਰ, ਤੁਹਾਡੀ ਧੀ, ਤੁਹਾਡਾ ਗੋੱਲਾ, ਤੁਹਾਡੀ ਗੋੱਲੀ, ਨਾਲੇ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੋਵੇ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਕੋਲ ਹੋਣ।
12 ਤੁਸੀਂ ਚੇਤੇ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸਾਓ। ਤੁਸੀਂ ਇਨ੍ਹਾਂ ਬਿਧੀਆਂ ਨੂੰ ਮੰਨੋ ਅਤੇ ਪੂਰਾ ਕਰੋ।
13 ਸੱਤਾਂ ਦਿਨਾਂ ਤੀਕ ਤੁਸੀਂ ਆਪਣੇ ਲਈ ਡੇਰਿਆਂ ਦਾ ਪਰਬ ਮਨਾਓ ਜਦ ਤੁਸੀਂ ਆਪਣੇ ਪਿੜ ਅਤੇ ਮੈ ਦੇ ਕੋਹਲੂ ਤੋਂ ਮਾਲ ਇਕੱਠਾ ਕਰ ਲਿਆ ਹੋਵੇ।
14 ਉਸ ਆਪਣੇ ਪਰਬ ਵਿੱਚ ਤੁਸੀਂ ਅਨੰਦ ਕਰੋ, ਤੁਸੀਂ, ਤੁਹਾਡਾ ਪੁੱਤ੍ਰ, ਤੁਹਾਡੀ ਧੀ, ਤੁਹਾਡਾ ਗੋੱਲਾ, ਤੁਹਾਡੀ ਗੋੱਲੀ, ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ।
15 ਸੱਤਾਂ ਦਿਨਾਂ ਤੀਕ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਚੁਣੇਗਾ ਪਰਬ ਮਨਾਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਵਾਧੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ ਤਾਂ ਤੁਸੀਂ ਪੂਰਾ ਪੂਰਾ ਅਨੰਦ ਕਰੋ।
16 ਵਰ੍ਹੇ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਨਰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਉਹ ਚੁਣੇਗਾ ਹਾਜ਼ਰ ਹੋਣ ਅਰਥਾਤ ਪਤੀਰੀ ਰੋਟੀ ਦੇ ਪਰਬ, ਡੇਰਿਆਂ ਦੇ ਪਰਬ, ਹਫ਼ਤਿਆਂ ਦੇ ਪਰਬ ਉੱਤੇ ਅਤੇ ਓਹ ਯਹੋਵਾਹ ਦੇ ਸਨਮੁਖ ਸੱਖਣੇ ਹੱਥ ਨਾ ਹਾਜ਼ਰ ਹੋਣ।
17 ਹਰ ਮਨੁੱਖ ਆਪਣੇ ਵਿਤ ਅਨੁਸਾਰ ਦੇਵੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਦਿੱਤੀ ਹੋਈ ਬਰਕਤ ਹੈ।
18 ਤੁਸੀਂ ਆਪਣੇ ਸਾਰੇ ਫਾਟਕਾਂ ਦੇ ਅੰਦਰ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਗੋਤਾਂ ਅਨੁਸਾਰ ਆਪਣੇ ਲਈ ਨਿਆਈ ਅਤੇ ਹੁੱਦੇਦਾਰ ਠਹਿਰਾਓ। ਓਹ ਪਰਜਾ ਦਾ ਧਰਮ ਨਾਲ ਨਿਆਉਂ ਕਰਨ।
19 ਤੁਸੀਂ ਨਿਆਉਂ ਨੂੰ ਨਾ ਵਿਗਾੜਿਓ। ਤੁਸੀਂ ਕਿਸੇ ਦਾ ਪੱਖਪਾਤ ਨਾ ਕਰੋ। ਤੁਸੀਂ ਵੱਢੀ ਨਾ ਖਾਓ ਕਿਉਂ ਜੋ ਵੱਢੀ ਸਿਆਣਿਆਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਉਲੱਦ ਦਿੰਦੀ ਹੈ।
20 ਤੁਸੀਂ ਧਰਮ ਦੇ ਹੀ ਪਿੱਛੇ ਚੱਲੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ।
21 ਤੁਸੀਂ ਕਿਸੇ ਰੁੱਖ ਦਾ ਟੁੰਡ ਆਪਣੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਦੇ ਕੋਲ ਜਿਹੜੀ ਤੁਸੀਂ ਆਪਣੇ ਲਈ ਬਣਾਓਗੇ ਨਾ ਲਾਓ।
22 ਤੁਸੀਂ ਆਪਣੇ ਲਈ ਕੋਈ ਥੰਮ੍ਹ ਨਾ ਖੜਾ ਕਰੋ ਜਿਸ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਘਿਣ ਕਰਦਾ ਹੈ।