ਅਸਤਸਨਾ
ਕਾਂਡ 14
ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪੁੱਤ੍ਰ ਹੋ। ਨਾ ਤੁਸੀਂ ਮੁਰਦਿਆਂ ਦੇ ਕਾਰਨ ਆਪਣੇ ਆਪ ਨੂੰ ਘਾਇਲ ਕਰਿਓ, ਨਾ ਆਪਣੇ ਭਰਵੱਟਿਆਂ ਦਾ ਭੱਦਣ ਕਰਾਇਓ।
2 ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਪਵਿੱਤ੍ਰ ਪਰਜਾ ਹੋ ਅਤੇ ਯਹੋਵਾਹ ਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਪਿਰਥਵੀ ਦੀਆਂ ਸਾਰੀਆਂ ਉੱਮਤਾਂ ਵਿੱਚੋਂ ਉਸ ਦੀ ਇੱਕ ਅਣੋਖੀ ਉੱਮਤ ਹੋਵੋ।
3 ਤੁਸੀਂ ਕਿਸੇ ਘਿਣਾਉਣੀ ਚੀਜ਼ ਨੂੰ ਨਾ ਖਾਓ।
4 ਜਿਨ੍ਹਾਂ ਜਾਨਵਰਾਂ ਨੂੰ ਤੁਸੀਂ ਖਾ ਸੱਕਦੇ ਹੋ ਓਹ ਏਹ ਹਨ ਅਰਥਾਤ ਬਲਦ, ਭੇਡ, ਅਤੇ ਬੱਕਰੀ।
5 ਹਰਨ, ਚਿਕਾਰਾ, ਲਾਲ ਹਰਨ, ਬਣ ਬੱਕਰਾ, ਸਾਂਬਰ, ਜੰਗਲੀ ਸਾਨ੍ਹ ਅਤੇ ਪਹਾੜੀ ਭੇਡ।
6 ਅਤੇ ਪਸੂਆਂ ਵਿੱਚੋਂ ਹਰ ਇੱਕ ਪਸੂ ਜਿਹ ਦੇ ਖੁਰ ਪਾਟੇ ਹੋਏ ਅਰਥਾਤ ਖੁਰਾਂ ਦੇ ਦੋ ਵੱਖੋ ਵੱਖ ਹਿੱਸੇ ਹੋਣ ਅਤੇ ਉਗਾਲੀ ਕਰਨ ਵਾਲਾ ਹੋਵੇ ਉਹ ਤੁਸੀਂ ਖਾਇਓ।
7 ਤਾਂ ਵੀ ਤੁਸੀਂ ਇਨ੍ਹਾਂ ਵਿੱਚੋਂ ਨਾ ਖਾਇਓ ਭਾਵੇਂ ਏਹ ਉਗਾਲੀ ਕਰਦੇ ਯਾ ਇਨ੍ਹਾਂ ਦੇ ਖੁਰ ਪਾਟੇ ਹੋਏ ਹੋਣ ਅਰਥਾਤ ਊਠ, ਸਹਿਆ, ਅਤੇ ਪਹਾੜੀ ਸਹਿਆ, ਕਿਉਂ ਜੋ ਏਹ ਉਗਾਲੀ ਤਾਂ ਕਰਦੇ ਹਨ ਪਰ ਇਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ, ਏਹ ਤੁਹਾਡੇ ਲਈ ਅਸ਼ੁੱਧ ਹਨ।
8 ਸੂਰ ਕਿਉਂ ਜੋ ਏਹ ਦੇ ਖੁਰ ਤਾਂ ਪਾਟੇ ਹੋਏ ਹਨ ਪਰ ਏਹ ਉਗਾਲੀ ਨਹੀਂ ਕਰਦਾ, ਏਹ ਤੁਹਾਡੇ ਲਈ ਅਸ਼ੁੱਧ ਹੈ, ਤੁਸੀਂ ਏਹ ਦੇ ਮਾਸ ਵਿੱਚੋਂ ਨਾ ਖਾਣਾ ਨਾ ਏਹ ਦੀ ਲੋਥ ਨੂੰ ਛੋਹਣਾ।
9 ਏਹਨਾਂ ਸਾਰਿਆਂ ਵਿੱਚੋਂ ਜਿਹੜੇ ਪਾਣੀ ਵਿੱਚ ਹਨ ਤੁਸੀਂ ਖਾਇਓ ਜਿਹ ਦੇ ਪਰ ਅਤੇ ਚਾਨੇ ਹੋਣ ਤੁਸੀਂ ਖਾਇਓ।
10 ਜਿਹ ਦੇ ਪਰ ਅਤੇ ਚਾਨੇ ਨਾ ਹੋਣ ਉਹ ਤੁਸੀਂ ਨਾ ਖਾਓ। ਉਹ ਤੁਹਾਡੇ ਲਈ ਅਸ਼ੁੱਧ ਹਨ।
11 ਸਾਰੇ ਪਵਿੱਤ੍ਰ ਪੰਛੀ ਤੁਸੀਂ ਖਾਓ।
12 ਪਰ ਏਹ ਓਹ ਹਨ ਜਿਨ੍ਹਾਂ ਨੂੰ ਤੁਸੀਂ ਨਾ ਖਾਇਓ ਅਰਥਾਤ ਉਕਾਬ, ਹੱਡ ਖੋਰ, ਸਮੁੰਦਰੀ ਉਕਾਬ,
13 ਇੱਲ, ਲਗੜ ਅਰ ਗਿੱਧ ਉਸ ਦੀ ਜਿਨਸ ਅਨੁਸਾਰ।
14 ਹਰ ਇੱਕ ਪਹਾੜੀ ਕਾਂ ਉਸ ਦੀ ਜਿਨਸ ਅਨੁਸਾਰ।
15 ਸ਼ੁਤਰ ਮੁਰਗ, ਬਿਲ ਬਤੌਰੀ, ਕੁਰਲ ਅਤੇ ਬਾਜ਼ ਉਸ ਦੀ ਜਿਨਸ ਅਨੁਸਾਰ।
16 ਨਿੱਕਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ।
17 ਹਵਾਸਲ ਗਿਰਝ, ਮਾਹੀ ਗੀਰ।
18 ਲਮ ਢੀਂਗ ਅਤੇ ਬਗਲਾ ਉਸ ਦੀ ਜਿਨਸ ਅਨੁਸਾਰ, ਚੱਕੀ ਰਾਹ ਅਤੇ ਚੰਮ ਗਿੱਦੜ।
19 ਅਤੇ ਸਾਰੇ ਘਿਸਰਨ ਵਾਲੇ ਪੰਖੇਰੂ ਓਹ ਤੁਹਾਡੇ ਲਈ ਅਸ਼ੁੱਧ ਹਨ। ਓਹ ਨਾ ਖਾਧੇ ਜਾਣ।
20 ਸਾਰੇ ਸ਼ੁੱਧ ਪੰਖੇਰੂ ਤੁਸੀਂ ਖਾਇਓ।
21 ਤੁਸੀਂ ਮੁਰਦਾਰ ਨਾ ਖਾਇਓ। ਤੁਸੀਂ ਉਸ ਨੂੰ ਉਸ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਦੇ ਸੱਕਦੇ ਹੋ। ਉਹ ਉਸ ਨੂੰ ਖਾਵੇ ਅਥਵਾ ਉਸ ਨੂੰ ਕਿਸੇ ਓਪਰੇ ਕੋਲ ਵੇਚ ਸੱਕਦੇ ਹੋ ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤ੍ਰ ਪਰਜਾ ਹੋ। ਤੁਸੀਂ ਮੇਮਨੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲਿਓ।
22 ਤੁਸੀਂ ਜ਼ਰੂਰ ਆਪਣੇ ਬੀ ਦੀ ਸਾਰੀ ਪੈਦਾਵਾਰ ਦਾ ਜਿਹੜੀ ਖੇਤ ਵਿੱਚੋਂ ਵਰ੍ਹੇ ਦੇ ਵਰ੍ਹੇ ਨਿੱਕਲਦੀ ਹੈ ਦਸਵੰਧ ਦਿਓ।
23 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਉਹ ਆਪਣਾ ਨਾਮ ਵਸਾਉਣ ਲਈ ਚੁਣੇ ਆਪਣੇ ਅੰਨ, ਆਪਣੀ ਨਵੀਂ ਮੈ, ਆਪਣੇ ਤੇਲ ਦੇ ਦਸਵੰਧ ਨੂੰ ਅਤੇ ਆਪਣੇ ਇੱਜੜ ਤੇ ਆਪਣੇ ਚੌਣੇ ਦੇ ਪਲੋਠਿਆਂ ਨੂੰ ਖਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਸਦਾ ਤੀਕ ਰੱਖਣਾ ਸਿੱਖੋ।
24 ਜੇ ਉਹ ਰਾਹ ਤੁਹਾਡੇ ਲਈ ਅਜੇਹਾ ਲੰਮਾ ਹੋਵੇ ਕਿ ਤੁਸੀਂ ਉਹ ਨੂੰ ਉੱਥੇ ਲੈ ਜਾ ਨਾ ਸੱਕੋ ਯਾ ਉਹ ਅਸਥਾਨ ਤੁਹਾਥੋਂ ਦੁਰੇਡਾ ਹੋਵੇ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਧਰਨ ਲਈ ਚੁਣੇਗਾ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ।
25 ਤਦ ਤੁਸੀਂ ਉਹ ਨੂੰ ਚਾਂਦੀ ਨਾਲ ਬਦਲ ਕੇ ਉਸ ਚਾਂਦੀ ਨੂੰ ਆਪਣੇ ਹੱਥ ਵਿੱਚ ਬੰਨ੍ਹ ਲਓ ਅਤੇ ਉਸ ਅਸਥਾਨ ਨੂੰ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ।
26 ਤੁਸੀਂ ਉਸ ਚਾਂਦੀ ਨੂੰ ਆਪਣੀ ਜਾਨ ਦੀ ਇੱਛਿਆ ਲਈ ਦਿਓ ਅਰਥਾਤ ਬਲਦ ਲਈ, ਭੇਡ ਲਈ, ਮੈ ਲਈ, ਸ਼ਰਾਬ ਲਈ ਯਾ ਜਿਸ ਕਾਸੇ ਨੂੰ ਤੁਹਾਡਾ ਜੀ ਲੋਚੇ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਓ। ਤੁਸੀਂ ਅਤੇ ਤੁਹਾਡਾ ਘਰਾਣਾ ਉੱਥੇ ਅਨੰਦ ਕਰੋ।
27 ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਤੁਸੀਂ ਉਸ ਨੂੰ ਭੁੱਲ ਨਾ ਜਾਇਓ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਅਤੇ ਮਿਲਖ ਨਹੀਂ ਹੈ।
28 ਹਰ ਤਿੰਨਾਂ ਵਰਿਹਾਂ ਦੇ ਅੰਤ ਵਿੱਚ ਤੁਸੀਂ ਆਪਣੀ ਪੈਦਾਵਾਰ ਦਾ ਸਾਰਾ ਦਸਵੰਧ ਹਰ ਤੀਜੇ ਵਰ੍ਹੇ ਵਿੱਚ ਲਿਆਓ ਅਤੇ ਆਪਣੇ ਫਾਟਕਾਂ ਦੇ ਅੰਦਰ ਰੱਖੋ।
29 ਤਾਂ ਲੇਵੀ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਅਤੇ ਮਿਲਖ ਨਹੀਂ ਹੈ, ਨਾਲ ਪਰਦੇਸੀ, ਯਤੀਮ ਅਤੇ ਵਿਧਵਾ ਵੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹਨ ਆਣ ਕੇ ਖਾਣ ਅਤੇ ਰੱਜਣ ਤਾਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਹੱਥਾਂ ਦੇ ਕੰਮਾਂ ਉੱਤੇ ਜਿਹੜੇ ਤੁਸੀਂ ਕਰਦੇ ਹੋ ਤੁਹਾਨੂੰ ਬਰਕਤ ਦੇਵੇ।