ਅਸਤਸਨਾ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34

0:00
0:00

ਕਾਂਡ 12

ਏਹ ਓਹ ਬਿਧੀਆਂ ਅਤੇ ਕਨੂਨ ਹਨ ਜਿਨ੍ਹਾਂ ਨੂੰ ਤੁਸਾਂ ਆਪਣੇ ਸਾਰੇ ਦਿਨ ਜਿੰਨਾ ਚਿਰ ਤੁਸੀਂ ਜੀਉਂਦੇ ਰਹੋਗੇ ਉਸ ਧਰਤੀ ਵਿੱਚ ਪੂਰਾ ਕਰਨਾ ਹੈ ਜਿਹੜੀ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਕਬਜ਼ਾ ਕਰਨ ਲਈ ਦਿੱਤੀ ਹੈ।
2 ਉਨ੍ਹਾਂ ਸਾਰੇ ਅਸਥਾਨਾਂ ਦਾ ਜਿੱਥੇ ਪਰਾਈਆਂ ਕੌਮਾਂ ਜਿਨ੍ਹਾਂ ਨੂੰ ਤੁਸਾਂ ਕੱਢਣਾ ਹੈ ਆਪਣੇ ਦੇਵਤਿਆਂ ਦੀ ਉੱਚੇ ਪਹਾੜਾਂ ਉੱਤੇ ਅਤੇ ਟਿੱਲਿਆਂ ਉੱਤੇ ਅਤੇ ਹਰ ਹਰੇ ਰੁੱਖ ਹੇਠ ਪੂਜਾ ਕਰਦੀਆਂ ਹਨ ਤੁਸਾਂ ਉੱਕਾ ਹੀ ਕੱਖ ਨਾ ਰਹਿਣ ਦੇਣਾ।
3 ਓਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਣਾ ਅਤੇ ਓਹਨਾਂ ਦੇ ਥੰਮ੍ਹਾਂ ਨੂੰ ਚੂਰ ਚੂਰ ਕਰ ਦੇਣਾ ਅਤੇ ਓਹਨਾਂ ਦੇ ਟੁੰਡਾਂ ਨੂੰ ਅੱਗ ਵਿੱਚ ਸਾੜ ਸੁੱਟਣਾ ਅਤੇ ਓਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਨੂੰ ਤੋੜ ਫੋੜ ਸੁੱਟਣਾ ਅਤੇ ਓਹਨਾਂ ਦਾ ਨਾਉਂ ਉਸ ਥਾਂ ਉੱਤੋਂ ਮਿਟਾ ਦੇਣਾ।
4 ਇਉਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਨਾ ਕਰਿਓ।
5 ਪਰ ਉਸ ਅਸਥਾਨ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਿਆਂ ਸਾਰਿਆਂ ਗੋਤਾਂ ਵਿੱਚੋਂ ਚੁਣੇਗਾ ਕਿ ਉਹ ਉੱਥੇ ਆਪਣਾ ਨਾਮ ਰਖੇ ਅਰਥਾਤ ਉਸ ਦਾ ਡੇਹਰਾ ਤੁਸੀਂ ਲੱਭਿਓ ਅਤੇ ਉੱਥੇ ਜਾਇਆ ਕਰੋ।
6 ਉੱਥੇ ਤੁਸੀਂ ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੇ ਹੱਥ ਦੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਸੁੱਖਨਾਂ, ਆਪਣੀਆਂ ਖੁਸ਼ੀ ਦੀਆਂ ਭੇਟਾਂ, ਆਪਣੇ ਚੌਣਿਆਂ ਅਤੇ ਆਪਣੇ ਇੱਜੜਾਂ ਦੇ ਪਲੋਠੇ ਲੈ ਜਾਇਆ ਕਰੋ।
7 ਅਤੇ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਇਓ ਅਤੇ ਆਪਣੇ ਹੱਥਾਂ ਦੇ ਹਰ ਕੰਮ ਉੱਤੇ ਤੁਸੀਂ ਅਤੇ ਤੁਹਾਡੇ ਘਰਾਣੇ ਜਿਨ੍ਹਾਂ ਦੇ ਕਾਰਨ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ ਖੁਸ਼ੀ ਮਨਾਇਓ।
8 ਤੁਸੀਂ ਕੋਈ ਅਜੇਹਾ ਕੰਮ ਨਾ ਕਰਿਓ ਜਿਵੇਂ ਅੱਜ ਅਸੀਂ ਏਥੇ ਕਰਦੇ ਹਾਂ। ਏਥੇ ਹਰ ਮਨੁੱਖ ਜੋ ਉਸ ਦੀ ਨਿਗਾਹ ਵਿੱਚ ਭਲਾ ਹੈ ਉਹੀ ਕਰਦਾ ਹੈ।
9 ਕਿਉਂ ਜੋ ਤੁਸੀਂ ਹੁਣ ਤੀਕ ਉਸ ਅਰਾਮ ਵਿੱਚ ਅਤੇ ਉਸ ਮਿਲਖ ਵਿੱਚ ਨਹੀਂ ਅੱਪੜੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ।
10 ਜਦ ਤੁਸੀਂ ਯਰਦਨ ਪਾਰ ਲੰਘੋ ਅਤੇ ਉਸ ਧਰਤੀ ਵਿੱਚ ਵੱਸ ਜਾਓ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੇ ਸਾਰੇ ਵੈਰੀਆਂ ਤੋਂ ਅਰਾਮ ਦੇਵੇ ਅਤੇ ਤੁਸੀਂ ਅਮਨ ਨਾਲ ਵੱਸ ਜਾਓ।
11 ਤਾਂ ਐਉਂ ਹੋਵੇਗਾ ਕਿ ਤੁਸੀਂ ਉਸ ਅਸਥਾਨ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਭਈ ਆਪਣਾ ਨਾਮ ਉੱਥੇ ਰੱਖੇ ਤੁਸੀਂ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਲਿਆਇਆ ਕਰਿਓ ਅਰਥਾਤ ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੇ ਹੱਥ ਦੀਆਂ ਚੁੱਕਣ ਦੀਆਂ ਭੇਟਾਂ ਅਤੇ ਆਪਣੀਆਂ ਸਾਰੀਆਂ ਮਨ ਭਾਉਂਦੀਆਂ ਸੁੱਖਨਾਂ ਜਿਹੜੀਆਂ ਤੁਸਾਂ ਯਹੋਵਾਹ ਲਈ ਸੁੱਖੀਆਂ ਹਨ।
12 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਅਨੰਦ ਕਰਿਓ, ਤੁਸੀਂ, ਤੁਹਾਡੇ ਪੁੱਤ੍ਰ, ਤੁਹਾਡੀਆਂ ਧੀਆਂ, ਤੁਹਾਡੇ ਗੋੱਲੇ, ਤੁਹਾਡੀਆਂ ਗੋੱਲੀਆਂ ਅਤੇ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਅਤੇ ਕੋਈ ਮਿਲਖ ਨਹੀਂ।
13 ਖ਼ਬਰਦਾਰ ਰਹੋ, ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਜਿੱਥੇ ਕਿਤੇ ਤੁਹਾਡੀ ਨਿਗਾਹ ਜਾਵੇ ਨਾ ਚੜ੍ਹਾਇਓ।
14 ਪਰ ਉਸ ਅਸਥਾਨ ਉੱਤੇ ਜਿਹੜਾ ਯਹੋਵਾਹ ਤੁਹਾਡੇ ਕਿਸੇ ਗੋਤ ਵਿੱਚ ਚੁਣੇ ਉੱਥੇ ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਚੜ੍ਹਾਇਓ ਅਤੇ ਉੱਥੇ ਤੁਸੀਂ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਰਿਓ।
15 ਤਾਂ ਵੀ ਆਪਣੇ ਮਨ ਦੀ ਪੂਰੀ ਇੱਛਾ ਅਨੁਸਾਰ ਤੁਸੀਂ ਕੱਟ ਕੇ ਮਾਸ ਆਪਣੇ ਫਾਟਕਾਂ ਦੇ ਅੰਦਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਅਨੁਸਾਰ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਖਾਇਓ। ਸ਼ੁੱਧ ਅਤੇ ਅਸ਼ੁੱਧ ਉਸ ਨੂੰ ਖਾਣ ਜਿਵੇਂ ਚਿਕਾਰੇ ਅਤੇ ਹਿਰਨ ਨੂੰ ਖਾਂਦੇ ਹਨ।
16 ਕੇਵਲ ਲਹੂ ਤੁਸਾਂ ਨਾ ਖਾਣਾ। ਤੁਸੀਂ ਉਸ ਨੂੰ ਪਾਣੀ ਵਾਂਙੁ ਭੂਮੀ ਉੱਤੇ ਡੋਹਲ ਦੇਣਾ।
17 ਪਰ ਤੁਸਾਂ ਆਪਣੇ ਅੰਨ, ਆਪਣੀ ਨਵੀਂ ਮੈ, ਆਪਣੇ ਤੇਲ ਦਾ ਦਸਵੰਧ, ਆਪਣੇ ਇੱਜੜ ਅਤੇ ਆਪਣੇ ਚੌਣੇ ਦੇ ਪਲੋਠੇ, ਆਪਣੇ ਫਾਟਕਾਂ ਦੇ ਅੰਦਰ ਕਦਾ ਚਿਤ ਨਾ ਖਾਣਾ, ਨਾ ਆਪਣੀਆਂ ਸਾਰੀਆਂ ਸੁੱਖਨਾਂ, ਨਾ ਆਪਣੀਆਂ ਖੁਸ਼ੀ ਦੀਆਂ ਭੇਟਾਂ, ਨਾ ਆਪਣੇ ਹੱਥ ਦੀਆਂ ਚੁੱਕਣ ਦੀਆਂ ਭੇਟਾਂ।
18 ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਉਨ੍ਹਾਂ ਨੂੰ ਖਾਇਓ, ਤੁਸੀਂ, ਤੁਹਾਡੇ ਪੁੱਤ੍ਰ, ਤੁਹਾਡੀਆਂ ਧੀਆਂ, ਤੁਹਾਡੇ ਗੋੱਲੇ, ਤੁਹਾਡੀਆਂ ਗੋੱਲੀਆਂ ਅਤੇ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਆਪਣੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਅਨੰਦ ਕਰਿਓ।
19 ਖਬਰਦਾਰ ਰਹੋ ਕਿ ਜਦ ਤੀਕ ਤੁਸੀਂ ਆਪਣੀ ਭੂਮੀ ਉੱਤੇ ਹੋ ਤੁਸੀਂ ਲੇਵੀ ਨੂੰ ਕਦੀ ਨਾ ਭੁੱਲਿਓ।
20 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇਗਾ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਅਤੇ ਤੁਸੀਂ ਆਖੋਗੇ ਕਿ ਅਸੀਂ ਮਾਸ ਖਾਈਏ ਕਿਉਂ ਜੋ ਤੁਹਾਡਾ ਜੀਅ ਮਾਸ ਖਾਣ ਨੂੰ ਲੋਚਦਾ ਹੈ ਤਾਂ ਤੁਸੀਂ ਆਪਣੇ ਜੀਅ ਦੀ ਪੂਰੀ ਇੱਛਾ ਅਨੁਸਾਰ ਮਾਸ ਖਾਓ।
21 ਜੇ ਉਹ ਅਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਕਿ ਉੱਥੇ ਆਪਣਾ ਨਾਮ ਰੱਖੇ ਤੁਹਾਥੋਂ ਬਹੁਤ ਦੁਰੇਡੇ ਹੋਵੇ ਤਾਂ ਤੁਸੀਂ ਆਪਣੇ ਇੱਜੜ ਅਤੇ ਆਪਣੇ ਚੌਣੇ ਵਿੱਚੋਂ ਜਿਹੜਾ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ ਲੈ ਕੇ ਕੱਟ ਲਿਓ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਪੂਰੀ ਇੱਛਾ ਅਨੁਸਾਰ ਖਾ ਲਿਆ ਕਰਿਓ।
22 ਜਿਵੇਂ ਚਿਕਾਰਾ ਅਤੇ ਹਿਰਨ ਖਾਈਦਾ ਹੈ ਤਿਵੇਂ ਤੁਸੀਂ ਉਸ ਨੂੰ ਖਾਇਓ, ਅਸ਼ੁੱਧ ਅਤੇ ਸ਼ੁੱਧ ਦੋਨੋਂ ਉਸ ਨੂੰ ਖਾਣ।
23 ਪਰ ਲਹੂ ਕਦਾ ਚਿਤ ਨਾ ਖਾਇਓ ਕਿਉਂ ਜੋ ਲਹੂ ਹੀ ਜੀਉਣ ਹੈ ਅਤੇ ਤੁਸੀਂ ਜੀਉਣ ਨੂੰ ਮਾਸ ਨਾਲ ਨਾ ਖਾਇਓ।
24 ਤੁਸੀਂ ਉਸ ਨੂੰ ਨਾ ਖਾਇਓ। ਤੁਸੀਂ ਉਸ ਨੂੰ ਧਰਤੀ ਉੱਤੇ ਪਾਣੀ ਵਾਂਙੁ ਡੋਹਲ ਦੇਇਓ।
25 ਤੁਸੀਂ ਉਸ ਨੂੰ ਨਾ ਖਾਇਓ ਤਾਂ ਜੋ ਤੁਹਾਡਾ ਅਤੇ ਤੁਹਾਡੇ ਪਿੱਛੋਂ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਜਦ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਠੀਕ ਕੰਮ ਕਰੋ।
26 ਕੇਵਲ ਤੁਹਾਡੀਆਂ ਪਵਿੱਤ੍ਰ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਹਨ ਅਤੇ ਤੁਹਾਡੀਆਂ ਸੁੱਖਣਾਂ ਤੁਸੀਂ ਲੈ ਕੇ ਉਸ ਅਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਚੁਣੇਗਾ।
27 ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਮਾਸ ਅਤੇ ਲਹੂ ਸਣੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਚੜ੍ਹਾਇਓ ਪਰ ਬਲੀਆਂ ਦਾ ਲਹੂ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਡੋਹਲ ਦੇਣਾ ਤਾਂ ਮਾਸ ਤੁਸੀਂ ਖਾ ਲੈਣਾ।
28 ਇਨ੍ਹਾਂ ਸਾਰੀਆਂ ਗੱਲਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਸੁਣੋ ਅਤੇ ਮੰਨੋ ਤਾਂ ਜੋ ਤੁਹਾਡਾ ਅਤੇ ਤੁਹਾਡੇ ਪਿੱਛੋਂ ਤੁਹਾਡੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ ਸੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਕੰਮ ਕਰੋ।
29 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਤੁਹਾਡੇ ਅੱਗੋਂ ਵੱਢ ਸੁੱਟੇ ਜਿੱਥੇ ਤੁਸੀਂ ਓਹਨਾਂ ਉੱਤੇ ਕਬਜ਼ਾ ਕਰਨ ਲਈ ਜਾਂਦੇ ਹੋ ਅਤੇ ਤੁਸੀਂ ਓਹਨਾਂ ਉੱਤੇ ਕਾਬੂ ਪਾ ਕੇ ਓਹਨਾਂ ਦੀ ਧਰਤੀ ਵਿੱਚ ਵੱਸ ਜਾਓ।
30 ਤਾਂ ਖਬਰਦਾਰ ਰਹਿਣਾ ਅਤੇ ਓਹਨਾਂ ਦੇ ਪਿੱਛੇ ਲੱਗ ਕੇ ਫਸ ਨਾ ਜਾਣਾ ਜਦ ਓਹ ਤੁਹਾਡੇ ਅੱਗੋਂ ਨਾਸ ਕੀਤੇ ਗਏ ਹੋਣ। ਤੁਸੀਂ ਓਹਨਾਂ ਦੇ ਦੇਵਤਿਆਂ ਦੇ ਵਿਖੇ ਨਾ ਪੁੱਛਣਾ ਕਿ ਏਹ ਪਰਾਈਆਂ ਕੌਮਾਂ ਕਿਵੇਂ ਆਪਣੇ ਦੇਵਤਿਆਂ ਦੀ ਪੂਜਾ ਕਰਦੀਆਂ ਹਨ ਤਾਂ ਜੋ ਅਸੀਂ ਵੀ ਏਵੇਂ ਹੀ ਕਰੀਏ।
31 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਐਉਂ ਨਾ ਕਰਨਾ ਕਿਉਂ ਜੋ ਸਾਰੇ ਘਿਣਾਉਣੇ ਕੰਮ ਜਿਨ੍ਹਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ ਓਹਨਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ ਕਿਉਂ ਜੋ ਓਹ ਆਪਣੇ ਪੁੱਤ੍ਰਾਂ ਅਤੇ ਆਪਣੀਆਂ ਧੀਆਂ ਨੂੰ ਆਪਣੇ ਦੇਵਤਿਆਂ ਲਈ ਅੱਗ ਵਿੱਚ ਸਾੜ ਸੁੱਟਦੇ ਹਨ।
32 ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਉਸ ਦੀ ਪਾਲਨਾ ਕਰਿਓ, ਨਾ ਉਸ ਵਿੱਚ ਕੁਝ ਵਧਾਇਓ, ਨਾ ਉਸ ਵਿੱਚੋਂ ਕੁਝ ਘਟਾਇਓ।