ਪੈਦਾਇਸ਼
ਕਾਂਡ 7
ਫੇਰ ਯਹੋਵਾਹ ਨੇ ਨੂਹ ਨੂੰ ਆਖਿਆ ਕਿ ਤੂੰ ਅਰ ਤੇਰਾ ਟੱਬਰ ਕਿਸ਼ਤੀ ਵਿੱਚ ਜਾਓ ਕਿਉਂਜੋ ਮੈਂ ਤੈਨੂੰ ਆਪਣੇ ਅੱਗੇ ਏਸ ਪੀੜੀ ਵਿੱਚ ਧਰਮੀ ਵੇਖਿਆ ਹੈ।
2 ਸਾਰੇ ਸ਼ੁੱਧ ਪਸੂਆਂ ਵਿੱਚੋਂ ਸੱਤ ਸੱਤ ਆਪਣੇ ਨਾਲ ਲੈ ਲੈ ਨਰ ਅਰ ਉਨ੍ਹਾਂ ਦੀਆਂ ਨਾਰੀਆਂ ਅਤੇ ਅਸ਼ੁੱਧ ਪਸੂਆਂ ਵਿੱਚੋਂ ਦੋ ਦੋ ਨਰ ਅਰ ਉਨ੍ਹਾਂ ਦੀਆਂ ਨਾਰੀਆਂ।
3 ਅਤੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ ਸੱਤ ਨਰ ਨਾਰੀਆਂ ਲੈ ਤਾਂਜੋ ਸਾਰੀ ਧਰਤੀ ਉੱਤੇ ਅੰਸ ਜਿਉਂਦੀ ਰਹੇ।
4 ਕਿਉਂਕਿ ਸੱਤ ਦਿਨ ਅਜੇ ਬਾਕੀ ਹਨ ਤਾਂ ਮੈਂ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਮੀਂਹ ਵਰ੍ਹਾਉਣ ਵਾਲਾ ਹਾਂ ਅਤੇ ਮੈਂ ਸਰਬੱਤ ਜਾਨਾਂ ਨੂੰ ਜੋ ਮੈਂ ਬਣਾਈਆਂ ਹਨ ਜ਼ਮੀਨ ਦੇ ਉੱਤੋਂ ਮੇਟ ਦਿਆਂਗਾ।
5 ਤਾਂ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਨੂਹ ਨੇ ਸਭ ਕੁਝ ਤਿਵੇਂ ਹੀ ਕੀਤਾ।
6 ਨੂਹ ਛੇ ਸੌ ਵਰਿਹਾਂ ਦਾ ਸੀ ਜਦ ਜਲ ਪਰਲੋ ਧਰਤੀ ਉੱਤੇ ਆਈ।
7 ਅਤੇ ਨੂਹ ਅਰ ਉਹਦੇ ਪੁੱਤ੍ਰ ਅਰ ਉਹ ਦੀ ਤੀਵੀਂ ਅਰ ਉਹ ਦੀਆਂ ਨੂਹਾਂ ਪਰਲੋ ਦੇ ਪਾਣੀ ਦੇ ਕਾਰਨ ਉਹ ਦੇ ਨਾਲ ਕਿਸ਼ਤੀ ਵਿੱਚ ਗਏ।
8 ਅਤੇ ਸ਼ੁੱਧ ਡੰਗਰਾਂ ਵਿੱਚੋਂ ਤੇ ਅਸ਼ੁੱਧ ਡੰਗਰਾਂ ਵਿੱਚੋਂ ਅਰ ਪੰਛੀਆਂ ਵਿੱਚੋਂ ਅਰ ਸਭ ਜ਼ਮੀਨ ਉੱਤੇ ਘਿੱਸਰਨ ਵਾਲਿਆਂ ਵਿੱਚੋਂ।
9 ਦੋ ਦੋ ਨਰ ਨਾਰੀ ਕਿਸ਼ਤੀ ਵਿੱਚ ਨੂਹ ਕੋਲ ਗਏ ਜਿਵੇਂ ਪਰਮੇਸ਼ੁਰ ਨੇ ਆਗਿਆ ਦਿੱਤੀ ਸੀ।
10 ਤਾਂ ਐਉਂ ਹੋਇਆ ਕਿ ਸੱਤਾਂ ਦਿਨਾਂ ਦੇ ਪਿੱਛੋਂ ਪਰਲੋ ਦੇ ਪਾਣੀ ਧਰਤੀ ਉੱਤੇ ਆਏ।
11 ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ ਹੀ ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਰ ਅਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ।
12 ਅਤੇ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਵਰਖਾ ਹੁੰਦੀ ਰਹੀ।
13 ਉਸੇ ਦਿਨ ਨੂਹ ਅਰ ਸ਼ੇਮ ਅਰ ਹਾਮ ਅਰ ਯਾਫਥ ਨੂਹ ਦੇ ਪੁੱਤ੍ਰ ਅਰ ਨੂਹ ਦੀ ਤੀਵੀਂ ਅਰ ਉਹ ਦੀਆਂ ਤਿੰਨੇ ਨੂਹਾਂ ਉਹ ਦੇ ਨਾਲ ਕਿਸ਼ਤੀ ਵਿੱਚ ਵੜੇ।
14 ਏਹ ਅਤੇ ਹਰ ਜੰਗਲੀ ਜਾਨਵਰ ਉਹ ਦੀ ਜਿਨਸ ਦੇ ਅਨੁਸਾਰ, ਹਰ ਡੰਗਰ ਉਹ ਦੀ ਜਿਨਸ ਦੇ ਅਨੁਸਾਰ ਅਤੇ ਹਰ ਧਰਤੀ ਪੁਰ ਘਿੱਸਰਨ ਵਾਲਾ ਉਹ ਦੀ ਜਿਨਸ ਦੇ ਅਨੁਸਾਰ ਅਤੇ ਹਰ ਪੰਛੀ ਉਹ ਦੀ ਜਿਨਸ ਦੇ ਅਨੁਸਾਰ ਅਰ ਹਰ ਪਰਕਾਰ ਦੇ ਪੰਖੇਰੂ ਵੀ ਵੜੇ।
15 ਅਤੇ ਉਹ ਜੋੜਾ ਜੋੜਾ ਸਾਰੇ ਸਰੀਰਾਂ ਵਿੱਚੋਂ ਜਿਨ੍ਹਾਂ ਦੇ ਵਿੱਚ ਜੀਵਣ ਦਾ ਸਾਹ ਸੀ ਕਿਸ਼ਤੀ ਵਿੱਚ ਨੂਹ ਕੋਲ ਆਏ।
16 ਜੋ ਆਏ ਨਰ ਨਾਰੀ ਸਾਰੇ ਸਰੀਰਾਂ ਵਿੱਚੋਂ ਆਏ ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਸੀ ਅਤੇ ਯਹੋਵਾਹ ਨੇ ਉਹ ਨੂੰ ਅੰਦਰ ਬੰਦ ਕੀਤਾ।
17 ਤਾਂ ਪਰਲੋ ਚਾਲੀ ਦਿਨ ਧਰਤੀ ਉੱਤੇ ਰਹੀ ਅਤੇ ਪਾਣੀ ਵਧ ਗਿਆ ਅਰ ਕਿਸ਼ਤੀ ਨੂੰ ਚੁੱਕ ਲਿਆ ਸੋ ਉਹ ਧਰਤੀ ਉੱਤੋਂ ਉਤਾਹਾਂ ਹੋ ਗਈ।
18 ਫੇਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਉੱਤੇ ਬਹੁਤ ਹੀ ਵੱਧ ਗਿਆ ਪਰ ਕਿਸ਼ਤੀ ਪਾਣੀ ਉੱਤੇ ਤਰਦੀ ਰਹੀ।
19 ਅਤੇ ਧਰਤੀ ਦੇ ਉੱਤੇ ਪਾਣੀ ਹੀ ਪਾਣੀ, ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਅਕਾਸ਼ ਦੇ ਹੇਠ ਸਨ ਢਕੇ ਗਏ।
20 ਉਨ੍ਹਾਂ ਤੋਂ ਪੰਦਰਾਂ ਹੱਥ ਉੱਚਾ ਪਾਣੀ ਹੀ ਪਾਣੀ ਹੋ ਗਿਆ ਅਤੇ ਪਹਾੜ ਢਕੇ ਗਏ।
21 ਸੋ ਸਰਬੱਤ ਸਰੀਰ ਜਿਹੜੇ ਧਰਤੀ ਉੱਤੇ ਚਲਦੇ ਸਨ ਮਰ ਗਏ ਕੀ ਪੰਛੀ ਕੀ ਡੰਗਰ ਨਾਲੇ ਜੰਗਲੀ ਜਾਨਵਰ ਅਤੇ ਸਾਰੇ ਜੀ ਜੰਤੂ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਅਤੇ ਸਾਰੇ ਆਦਮੀ ਵੀ।
22 ਜਿਨ੍ਹਾਂ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਸੀ ਜਿਹੜੇ ਖੁਸ਼ਕੀ ਉੱਤੇ ਸਨ ਓਹ ਸਾਰੇ ਮਰ ਗਏ।
23 ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ ਕੀ ਆਦਮੀ ਕੀ ਡੰਗਰ ਕੀ ਘਿੱਸਰਨ ਵਾਲਾ ਤੇ ਕੀ ਅਕਾਸ਼ ਦਾ ਪੰਛੀ ਮਿਟ ਗਿਆ। ਉਹ ਧਰਤੀ ਤੋਂ ਮਿਟ ਹੀ ਗਏ ਪਰ ਨੂਹ ਅਰ ਓਹ ਜੋ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਬਚ ਰਹੇ।
24 ਡੇਢ ਸੌ ਦਿਨਾਂ ਤੀਕਰ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।