ਪੈਦਾਇਸ਼
ਕਾਂਡ 11
ਸਾਰੀ ਧਰਤੀ ਉੱਤੇ ਇੱਕੋਈ ਬੋਲੀ ਅਰ ਇੱਕੋਈ ਭਾਸ਼ਾ ਸੀ।
2 ਤੇ ਐਉਂ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਨ੍ਹਾਂ ਨੂੰ ਇੱਕ ਮਦਾਨ ਸਿਨਾਰ ਦੇਸ ਵਿੱਚ ਲੱਭਾ ਅਤੇ ਉੱਥੇ ਓਹ ਵੱਸ ਗਏ।
3 ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਰ ਉਨ੍ਹਾਂ ਨੂੰ ਚੰਗੀ ਤਰਾਂ ਪਕਾਈਏ ਸੋ ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਰ ਚੂਨੇ ਦੀ ਥਾਂ ਗਾਰਾ ਸੀ।
4 ਤਾਂ ਉਨ੍ਹਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਰ ਇੱਕ ਬੁਰਜ ਬਣਾਈਏ ਜਿਸ ਦੀ ਟੀਸੀ ਅਕਾਸ਼ ਤੀਕ ਹੋਵੇ ਅਰ ਆਪਣੇ ਲਈ ਇੱਕ ਨਾਉਂ ਕੱਢੀਏ ਅਜਿਹਾ ਨਾ ਹੋਵੇ ਭਈ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ।
5 ਤਾਂ ਯਹੋਵਾਹ ਉਸ ਸ਼ਹਿਰ ਅਰ ਬੁਰਜ ਨੂੰ ਜਿਹ ਨੂੰ ਆਦਮ-ਵੰਸ ਨੇ ਬਣਾਇਆ ਸੀ ਵੇਖਣ ਲਈ ਉੱਤਰਿਆ।
6 ਯਹੋਵਾਹ ਨੇ ਆਖਿਆ ਕਿ ਵੇਖੋ ਏਹ ਲੋਕ ਇੱਕ ਹਨ ਅਰ ਉਨ੍ਹਾਂ ਸਭਨਾਂ ਦੀ ਬੋਲੀ ਇੱਕ ਹੈ ਅਤੇ ਓਹ ਏਹ ਕਰਨ ਲੱਗੇ ਹਨ। ਜੋ ਕੁਛ ਉਨ੍ਹਾਂ ਦੇ ਕਰਨ ਦੀ ਭਾਵਨੀ ਹੋਵੇਗੀ ਹੁਣ ਉਨਾਂ ਅੱਗੇ ਨਹੀਂ ਅਟਕੇਗਾ।
7 ਆਓ ਅਸੀਂ ਉੱਤਰੀਏ ਅਤੇ ਉੱਥੇ ਉਨ੍ਹਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦੇਈਏ ਭਈ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ।
8 ਤਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਸੋ ਓਹ ਉਸ ਸ਼ਹਿਰ ਦੇ ਬਣਾਉਣ ਤੋਂ ਹਟ ਗਏ।
9 ਏਸ ਕਾਰਨ ਉਨ੍ਹਾਂ ਨੇ ਉਹ ਦਾ ਨਾਉਂ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਬੋਲੀ ਉਲਟ ਪੁਲਟ ਕਰ ਦਿੱਤੀ ਅਰ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।
10 ਏਹ ਸ਼ੇਮ ਦੀ ਕੁਲਪੱਤਰੀ ਹੈ। ਸ਼ੇਮ ਇੱਕ ਸੌ ਵਰਿਹਾਂ ਦਾ ਸੀ ਅਰ ਉਸ ਤੋਂ ਅਰਪਕਸ਼ਦ ਪਰਲੋ ਦੇ ਦੋ ਵਰਿਹਾਂ ਦੇ ਪਿੱਛੋਂ ਜੰਮਿਆ।
11 ਸ਼ੇਮ ਅਰਪਕਸ਼ਦ ਦੇ ਜਨਮ ਦੇ ਪਿੱਛੋਂ ਪੰਜ ਸੌ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।
12 ਜਾਂ ਅਰਪਕਸ਼ਦ ਦਾ ਜੀਵਣ ਪੈਂਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਸ਼ਲਹ ਜੰਮਿਆ।
13 ਅਤੇ ਅਰਪਕਸ਼ਦ ਸ਼ਲਹ ਦੇ ਜਨਮ ਦੇ ਪਿੱਛੋਂ ਚਾਰ ਸੌ ਤਿੰਨ ਵਰਿਹਾਂ ਤੀਕ ਜਿਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।
14 ਜਾਂ ਸ਼ਲਹ ਤੀਹਾਂ ਵਰਿਹਾਂ ਦਾ ਹੋਇਆ ਤਾਂ ਏਬਰ ਜੰਮਿਆ।
15 ਸ਼ਲਹ ਏਬਰ ਦੇ ਜਨਮ ਦੇ ਪਿੱਛੋਂ ਚਾਰ ਸੌ ਤਿੰਨ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।
16 ਅਤੇ ਏਬਰ ਚੌਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਪਲਗ ਜੰਮਿਆ।
17 ਏਬਰ ਪਲਗ ਦੇ ਜਨਮ ਦੇ ਪਿੱਛੋਂ ਚਾਰ ਸੌ ਤੀਹਾਂ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।
18 ਜਾਂ ਪਲਗ ਤੀਹਾਂ ਵਰਿਹਾਂ ਦਾ ਹੋਇਆ ਤਾਂ ਰਊ ਜੰਮਿਆ।
19 ਪਲਗ ਰਊ ਦੇ ਜਨਮ ਦੇ ਪਿੱਛੋਂ ਦੋ ਸੌ ਨੌ ਵਰਿਹਾਂ ਤੀਕ ਜਿਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।
20 ਰਊ ਬੱਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਸਰੂਗ ਜੰਮਿਆ।
21 ਰਊ ਸਰੂਗ ਦੇ ਜਨਮ ਦੇ ਪਿੱਛੋਂ ਦੋ ਸੌ ਸੱਤ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।
22 ਜਾਂ ਸਰੂਗ ਤੀਹਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਨਾਹੋਰ ਜੰਮਿਆ।
23 ਸਰੂਗ ਨਾਹੋਰ ਦੇ ਜਨਮ ਦੇ ਪਿੱਛੋਂ ਦੋ ਸੌ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।
24 ਜਾਂ ਨਾਹੋਰ ਉਨੱਤੀਆਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਤਾਰਹ ਜੰਮਿਆ।
25 ਨਾਹੋਰ ਤਾਰਹ ਦੇ ਜਨਮ ਦੇ ਪਿੱਛੋਂ ਇੱਕ ਸੌ ਉੱਨੀ ਵਰਿਹਾਂ ਤੀਕ ਜੀਉਂਦਾ ਰਿਹਾ ਅਰ ਉਸ ਤੋਂ ਪੁੱਤ੍ਰ ਧੀਆਂ ਜੰਮੇ।
26 ਤਾਰਹ ਸੱਤਰਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ।
27 ਏਹ ਤਾਰਹ ਦੀ ਕੁੱਲਪੱਤ੍ਰੀ ਹੈ। ਤਾਰਹ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ ਅਰ ਹਾਰਾਨ ਤੋਂ ਲੂਤ ਜੰਮਿਆ।
28 ਹਾਰਾਨ ਆਪਣੇ ਪਿਤਾ ਤਾਰਹ ਦੇ ਅੱਗੇ ਆਪਣੀ ਜਨਮ ਭੂਮੀ ਵਿੱਚ ਅਰਥਾਤ ਕਸਦੀਆਂ ਦੇ ਊਰ ਵਿੱਚ ਮਰ ਗਿਆ।
29 ਅਬਰਾਮ ਅਰ ਨਾਹੋਰ ਨੇ ਆਪਣੇ ਲਈ ਤੀਵੀਆਂ ਕੀਤੀਆਂ। ਅਬਰਾਮ ਦੀ ਪਤਨੀ ਦਾ ਨਾਉਂ ਸਾਰਈ ਸੀ ਅਰ ਨਾਹੋਰ ਦੀ ਪਤਨੀ ਦਾ ਨਾਉਂ ਮਿਲਕਾਹ ਸੀ ਜਿਹੜੀ ਹਾਰਾਨ ਦੀ ਧੀ ਸੀ ਜੋ ਮਿਲਕਾਹ ਅਰ ਯਿਸਕਾਹ ਦਾ ਪਿਤਾ ਸੀ।
30 ਪਰ ਸਾਰਈ ਬਾਂਝ ਸੀ, ਉਹ ਦਾ ਕੋਈ ਬੱਚਾ ਨਹੀਂ ਸੀ।
31 ਤਾਰਹ ਆਪਣੇ ਪੁੱਤ੍ਰ ਅਬਰਾਮ ਨੂੰ ਅਰ ਲੂਤ ਹਾਰਾਨ ਦੇ ਪੁੱਤ੍ਰ ਆਪਣੇ ਪੋਤੇ ਨੂੰ ਅਰ ਸਾਰਈ ਆਪਣੀ ਨੂੰਹ ਆਪਣੇ ਪੁੱਤ੍ਰ ਅਬਰਾਮ ਦੀ ਪਤਨੀ ਨੂੰ ਲੈਕੇ ਉਨ੍ਹਾਂ ਨਾਲ ਕਸਦੀਮ ਦੇ ਊਰ ਤੋਂ ਕਨਾਨ ਦੇ ਦੇਸ ਨੂੰ ਜਾਣ ਲਈ ਨਿੱਕਲਿਆ ਅਤੇ ਓਹ ਹਾਰਾਨ ਵਿੱਚ ਆਏ ਅਰ ਉੱਥੇ ਵੱਸ ਗਏ।
32 ਤਾਰਹ ਦੀ ਉਮਰ ਦੋ ਸੌ ਪੰਜਾਂ ਵਰਿਹਾਂ ਦੀ ਸੀ ਅਰ ਤਾਰਹ ਹਾਰਾਨ ਵਿੱਚ ਮਰ ਗਿਆ।