ਪੈਦਾਇਸ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50


ਕਾਂਡ 20

ਤਾਂ ਅਬਰਾਹਾਮ ਨੇ ਉੱਥੋਂ ਦੱਖਣ ਦੇ ਦੇਸ ਵੱਲ ਕੂਚ ਕੀਤਾ ਅਤੇ ਕਾਦੇਸ ਅਰ ਸ਼ੂਰ ਦੇ ਵਿਚਕਾਰ ਟਿਕ ਕੇ ਗਰਾਰ ਵਿੱਚ ਜਾ ਵੱਸਿਆ।
2 ਅਤੇ ਅਬਰਾਹਾਮ ਨੇ ਸਾਰਾਹ ਆਪਣੀ ਪਤਨੀ ਦੇ ਵਿਖੇ ਆਖਿਆ ਭਈ ਏਹ ਮੇਰੀ ਭੈਣ ਹੈ ਸੋ ਅਬੀਮਲਕ ਗਰਾਰ ਦੇ ਰਾਜਾ ਨੇ ਆਦਮੀ ਘੱਲਕੇ ਸਾਰਾਹ ਨੂੰ ਮੰਗਵਾ ਲਿਆ।
3 ਅਤੇ ਪਰਮੇਸ਼ੁਰ ਨੇ ਅਬੀਮਲਕ ਕੋਲ ਰਾਤ ਦੇ ਸੁਫਨੇ ਵਿੱਚ ਆਕੇ ਉਹ ਨੂੰ ਆਖਿਆ, ਵੇਖ ਤੂੰ ਏਸ ਤੀਵੀਂ ਦੇ ਕਾਰਨ ਜਿਹ ਨੂੰ ਤੂੰ ਲਿਆ ਹੈ ਮਰਨ ਵਾਲਾ ਹੈਂ ਕਿਉਂਜੋ ਉਹ ਵਿਆਹੀ ਹੋਈ ਹੈ।
4 ਪਰ ਅਜੇ ਅਬੀਮਲਕ ਉਹ ਦੇ ਨੇੜੇ ਨਹੀਂ ਗਿਆ ਸੀ ਤਾਂ ਉਸ ਨੇ ਆਖਿਆ, ਹੇ ਪ੍ਰਭੁ ਕੀ ਤੂੰ ਇੱਕ ਧਰਮੀ ਕੌਮ ਨੂੰ ਵੀ ਮਾਰ ਸੁੱਟੇਂਗਾ?
5 ਕੀ ਉਹ ਨੇ ਮੈਨੂੰ ਨਹੀਂ ਆਖਿਆ ਕਿ ਏਹ ਮੇਰੀ ਭੈਣ ਹੈ? ਅਤੇ ਕੀ ਉਸ ਨੇ ਵੀ ਆਪ ਹੀ ਨਹੀਂ ਆਖਿਆ ਕਿ ਉਹ ਮੇਰਾ ਭਰਾ ਹੈ? ਮੈਂ ਤਾਂ ਆਪਣੇ ਦਿਲ ਦੀ ਸਿਧਿਆਈ ਅਰ ਆਪਣੇ ਹੱਥਾਂ ਦੀ ਨਿਰਮਲਤਾਈ ਨਾਲ ਏਹ ਕੀਤਾ ਹੈ।
6 ਤਾਂ ਪਰਮੇਸ਼ੁਰ ਨੇ ਸੁਫਨੇ ਵਿੱਚ ਉਹ ਨੂੰ ਆਖਿਆ, ਮੈਂ ਵੀ ਜਾਣ ਲਿਆ ਹੈ ਕਿ ਤੂੰ ਆਪਣੇ ਦਿਲ ਦੀ ਸਿਧਿਆਈ ਨਾਲ ਇਹ ਕੀਤਾ ਹੈ। ਮੈਂ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ ਕਿਉਂਕਿ ਮੈਂ ਤੈਨੂੰ ਉਹ ਨੂੰ ਛੋਹਣ ਨਹੀਂ ਦਿੱਤਾ।
7 ਸੋ ਹੁਣ ਤੂੰ ਉਸ ਮਨੁੱਖ ਨੂੰ ਉਹ ਦੀ ਪਤਨੀ ਮੋੜ ਦਿਹ ਕਿਉਂਜੋ ਉਹ ਨਬੀ ਹੈ ਅਰ ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜਿਉਂਦਾ ਰਹੇਂਗਾ ਪਰ ਜੇ ਨਾ ਮੋੜੇਂ ਤਾਂ ਜਾਣ ਲੈ ਕਿ ਤੂੰ ਅਰ ਸਾਰੇ ਜੋ ਤੇਰੇ ਹਨ ਜ਼ਰੂਰ ਮਰਨਗੇ।
8 ਤਾਂ ਅਬੀਮਲਕ ਸਵੇਰੇ ਹੀ ਉੱਠਿਆ ਅਰ ਆਪਣੇ ਸਾਰੇ ਟਹਿਲੂਆਂ ਨੂੰ ਬੁਲਾਕੇ ਉਨ੍ਹਾਂ ਦੇ ਕੰਨਾਂ ਵਿੱਚ ਏਹ ਸਾਰੀਆਂ ਗੱਲਾਂ ਪਾਈਆਂ ਤਾਂ ਓਹ ਮਨੁੱਖ ਬਹੁਤ ਹੀ ਡਰ ਗਏ।
9 ਅਬੀਮਲਕ ਨੇ ਅਬਰਾਹਾਮ ਨੂੰ ਬੁਲਵਾਕੇ ਆਖਿਆ, ਤੈਂ ਸਾਡੇ ਨਾਲ ਏਹ ਕੀ ਕੀਤਾ? ਮੈਂ ਤੇਰਾ ਕੀ ਪਾਪ ਕੀਤਾ ਕਿ ਤੂੰ ਮੇਰੇ ਉੱਤੇ ਅਰ ਮੇਰੀ ਬਾਦਸ਼ਾਹੀ ਉੱਤੇ ਇਹ ਵੱਡਾ ਪਾਪ ਲੈ ਆਂਦਾ ਹੈ? ਇਹ ਕਰਤੂਤ ਜਿਹੜੀ ਤੈਨੂੰ ਨਹੀਂ ਕਰਨੀ ਚਾਹੀਦੀ ਸੀ ਤੈਂ ਮੇਰੇ ਨਾਲ ਕੀਤੀ।
10 ਤਾਂ ਅਬੀਮਲਕ ਨੇ ਅਬਰਾਹਾਮ ਨੂੰ ਆਖਿਆ ਤੈਂ ਕੀ ਵੇਖਿਆ ਭਈ ਤੈਂ ਇਹ ਗੱਲ ਕੀਤੀ?
11 ਤਾਂ ਅਬਰਾਹਾਮ ਨੇ ਆਖਿਆ ਏਸ ਲਈ ਕਿ ਮੈਂ ਆਖਿਆ ਭਈ ਪਰਮੇਸ਼ੁਰ ਦਾ ਡਰ ਏਸ ਥਾਂ ਜ਼ਰੂਰ ਨਹੀਂ ਹੈ ਅਰ ਓਹ ਮੇਰੀ ਪਤਨੀ ਦੀ ਖ਼ਾਤਰ ਮੈਨੂੰ ਮਾਰ ਸੁੱਟਣਗੇ।
12 ਪਰ ਉਹ ਸੱਚ ਮੁੱਚ ਮੇਰੀ ਭੈਣ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ ਫੇਰ ਉਹ ਮੇਰੀ ਪਤਨੀ ਹੋ ਗਈ।
13 ਐਉਂ ਹੋਇਆ ਕਿ ਜਦ ਪਰਮੇਸ਼ੁਰ ਨੇ ਮੇਰੇ ਪਿਤਾ ਦੇ ਘਰ ਤੋਂ ਮੈਨੂੰ ਐਧਰ ਔਧਰ ਘੁਮਾਇਆ ਤਾਂ ਮੈਂ ਏਹ ਨੂੰ ਆਖਿਆ ਭਈ ਏਹ ਤੇਰੀ ਦਯਾ ਹੋਵੇਗੀ ਜੋ ਤੂੰ ਮੇਰੇ ਉੱਤੇ ਕਰੇਂ। ਹਰ ਥਾਂ ਜਿੱਥੇ ਅਸੀਂ ਜਾਈਏ ਤੂੰ ਮੇਰੇ ਵਿਖੇ ਆਖੀਂ ਕਿ ਇਹ ਮੇਰਾ ਭਰਾ ਹੈ।
14 ਉਪਰੰਤ ਅਬੀਮਲਕ ਨੇ ਇੱਜੜ ਅਰ ਪਸੂ ਅਰ ਗੋੱਲੇ ਗੋੱਲੀਆਂ ਲੈਕੇ ਅਬਰਾਹਾਮ ਨੂੰ ਦਿੱਤੇ ਅਰ ਉਹ ਨੂੰ ਸਾਰਾਹ ਉਹ ਦੀ ਪਤਨੀ ਵੀ ਮੋੜ ਦਿੱਤੀ।
15 ਨਾਲੇ ਅਬੀਮਲਕ ਨੇ ਆਖਿਆ, ਵੇਖ ਮੇਰਾ ਦੇਸ ਤੇਰੇ ਅੱਗੇ ਹੈ। ਜਿੱਥੇ ਤੇਰੀ ਨਿਗਾਹ ਵਿੱ ਚ ਚੰਗਾ ਲੱਗੇ ਉੱਥੇ ਵੱਸ।
16 ਅਤੇ ਸਾਰਾਹ ਨੂੰ ਉਸ ਨੇ ਆਖਿਆ, ਵੇਖ ਮੈਂ ਤੇਰੇ ਭਰਾ ਨੂੰ ਇੱਕ ਹਜ਼ਾਰ ਚਾਂਦੀ ਦੇ ਟਕੇ ਦਿੱਤੇ। ਵੇਖ ਓਹ ਤੇਰੇ ਲਈ ਅਰ ਸਾਰਿਆਂ ਲਈ ਜੋ ਤੇਰੇ ਸੰਗ ਹਨ ਅੱਖੀਆਂ ਦਾ ਪੜਦਾ ਹੋਣਗੇ ਅਤੇ ਐਉਂ ਹਰ ਤਰਾਂ ਤੇਰੀ ਦਾਦ ਰਸੀ ਹੋਵੇਗੀ।
17 ਤਾਂ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਰ ਪਰਮੇਸ਼ੁਰ ਨੇ ਅਬੀਮਲਕ ਅਰ ਉਸ ਦੀ ਤੀਵੀਂ ਅਰ ਉਸ ਦੀਆਂ ਗੋੱਲੀਆਂ ਨੂੰ ਚੰਗਾ ਕਰ ਦਿੱਤਾ ਅਤੇ ਓਹ ਫੇਰ ਜਣਨ ਲੱਗ ਪਈਆਂ।
18 ਕਿਉਂਕਿ ਯਹੋਵਾਹ ਨੇ ਅਬੀਮਲਕ ਦੇ ਘਰਾਣੇ ਦੀ ਹਰ ਕੁੱਖ ਨੂੰ ਸਾਰਾਹ ਅਬਰਾਹਾਮ ਦੀ ਪਤਨੀ ਦੇ ਕਾਰਨ ਸਖ਼ਤੀ ਨਾਲ ਬੰਦ ਕਰ ਛੱਡਿਆ ਸੀ।