ਪੈਦਾਇਸ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50


ਕਾਂਡ 16

ਸਾਰਈ ਅਬਰਾਮ ਦੀ ਪਤਨੀ ਉਹ ਦੇ ਲਈ ਪੁੱਤ੍ਰ ਨਾ ਜਣੀ। ਉਹ ਦੇ ਕੋਲ ਇੱਕ ਮਿਸਰੀ ਗੋੱਲੀ ਸੀ ਜਿਹਦਾ ਨਾਉਂ ਹਾਜਰਾ ਸੀ।
2 ਤਾਂ ਸਾਰਈ ਨੇ ਅਬਰਾਮ ਨੂੰ ਆਖਿਆ, ਵੇਖ ਯਹੋਵਾਹ ਨੇ ਮੈਨੂੰ ਜਣਨ ਤੋਂ ਠਾਕਿਆ ਹੈ। ਮੇਰੀ ਗੋੱਲੀ ਕੋਲ ਜਾਹ। ਸ਼ਾਇਤ ਮੈਂ ਉਸ ਤੋਂ ਉਲਾਦ ਵਾਲੀ ਬਣਾਈ ਜਾਵਾਂ। ਅਬਰਾਮ ਨੇ ਸਾਰਈ ਦੀ ਗੱਲ ਸੁਣੀ।
3 ਜਦੋਂ ਅਬਰਾਮ ਨੂੰ ਕਨਾਨ ਦੇਸ ਵਿੱਚ ਵੱਸਦਿਆਂ ਦਸ ਵਰ੍ਹੇ ਹੋ ਗਏ ਤਾਂ ਸਾਰਈ ਅਬਰਾਮ ਦੀ ਪਤਨੀ ਨੇ ਆਪਣੀ ਮਿਸਰੀ ਗੋੱਲੀ ਹਾਜਰਾ ਨੂੰ ਲੈਕੇ ਆਪਣੇ ਪਤੀ ਅਬਰਾਮ ਨੂੰ ਉਹ ਦੀ ਤੀਵੀਂ ਬਣਨ ਲਈ ਦਿੱਤਾ।
4 ਉਹ ਹਾਜਰਾ ਕੋਲ ਗਿਆ ਅਤੇ ਉਹ ਗਰਭਣੀ ਹੋਈ। ਜਾਂ ਉਸ ਨੇ ਵੇਖਿਆ ਕਿ ਮੈਂ ਗਰਭਣੀ ਹਾਂ ਤਾਂ ਉਹ ਦੀ ਬੀਬੀ ਉਹ ਦੀਆਂ ਅੱਖਾਂ ਵਿੱਚ ਤੁੱਛ ਹੋ ਗਈ।
5 ਤਾਂ ਸਾਰਈ ਨੇ ਅਬਰਾਮ ਨੂੰ ਆਖਿਆ, ਮੇਰੀ ਹੱਤਿਆ ਤੇਰੇ ਉੱਤੇ ਪਵੇ। ਮੈਂ ਆਪਣੀ ਗੋੱਲੀ ਨੂੰ ਤੇਰੀ ਹਿੱਕ ਨਾਲ ਲਾ ਦਿੱਤਾ ਅਤੇ ਜਦ ਉਸ ਨੇ ਵੇਖਿਆ ਕਿ ਉਹ ਗਰਭਣੀ ਹੋਈ ਹੈ ਤਾਂ ਮੇਰੀ ਕਦਰ ਉਹ ਦੀਆਂ ਅੱਖੀਆਂ ਵਿੱਚ ਘੱਟ ਗਈ। ਯਹੋਵਾਹ ਮੇਰਾ ਅਰ ਤੇਰਾ ਨਿਆਉਂ ਕਰੇ।
6 ਫੇਰ ਅਬਰਾਮ ਨੇ ਸਾਰਈ ਨੂੰ ਆਖਿਆ, ਵੇਖ ਤੇਰੀ ਗੋੱਲੀ ਤੇਰੇ ਵੱਸ ਵਿੱਚ ਹੈ, ਜੋ ਤੇਰੀ ਨਿਗਾਹ ਵਿੱਚ ਚੰਗਾ ਹੈ ਤੂੰ ਉਸ ਨਾਲ ਉਹੀ ਕਰ। ਉਪਰੰਤ ਸਾਰਈ ਨੇ ਉਸ ਨਾਲ ਸਖ਼ਤੀ ਕੀਤੀ ਅਤੇ ਉਹ ਉਸ ਦੇ ਕੋਲੋਂ ਭੱਜ ਗਈ।
7 ਪਰ ਯਹੋਵਾਹ ਦੇ ਦੂਤ ਨੇ ਉਹ ਨੂੰ ਪਾਣੀ ਦੇ ਚਸ਼ਮੇ ਕੋਲ ਉਜਾੜ ਵਿੱਚ ਲੱਭਿਆ ਅਰਥਾਤ ਸੂਰ ਵਾਲੇ ਰਾਹ ਦੇ ਚਸ਼ਮੇ ਕੋਲ।
8 ਉਸ ਨੇ ਆਖਿਆ ਕਿ ਹੇ ਹਾਜਰਾ ਸਾਰਈ ਦੀਏ ਗੋੱਲੀਏ ਤੂੰ ਕਿੱਥੋਂ ਆਈ ਹੈਂ? ਅਤੇ ਕਿੱਧਰ ਜਾਣਾ ਹੈ? ਤਾਂ ਉਸ ਨੇ ਆਖਿਆ ਮੈਂ ਆਪਣੀ ਬੀਬੀ ਸਾਰਈ ਕੋਲੋਂ ਭੱਜ ਆਈ ਹਾਂ।
9 ਫੇਰ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਕਿ ਆਪਣੀ ਬੀਬੀ ਕੋਲ ਮੁੜ ਜਾਹ ਅਤੇ ਆਪਣੇ ਆਪ ਨੂੰ ਉਸ ਦੇ ਤਾਬੇ ਕਰ ਦੇਹ।
10 ਨਾਲੇ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਮੈਂ ਤੇਰੀ ਅੰਸ ਨੂੰ ਐੱਨਾ ਵਧਾਵਾਂਗਾ ਕਿ ਉਹ ਵਾਧੇ ਦੇ ਕਾਰਨ ਗਿਣੀ ਨਾ ਜਾਵੇਗੀ।
11 ਨਾਲੇ ਹੀ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਵੇਖ ਤੂੰ ਗਰਭਣੀ ਹੈਂ ਅਰ ਪੁੱਤ੍ਰ ਜਣੇਂਗੀ। ਉਹ ਦਾ ਨਾਉਂ ਇਸਮਾਏਲ ਰੱਖੀਂ ਕਿਉਂਜੋ ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ।
12 ਪਰ ਉਹ ਜੰਗਲੀ ਖੋਤੇ ਜਿਹਾ ਆਦਮੀ ਹੋਵੇਗਾ। ਉਹ ਦਾ ਹੱਥ ਹਰ ਇੱਕ ਦੇ ਵਿਰੁੱਧ ਅਤੇ ਹਰ ਇੱਕ ਦਾ ਹੱਥ ਉਸ ਦੇ ਵਿਰੁੱਧ ਹੋਵੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵੱਸੇਗਾ।
13 ਉਪਰੰਤ ਉਸ ਨੇ ਯਹੋਵਾਹ ਦਾ ਨਾਮ ਜੋ ਉਹ ਦੇ ਨਾਲ ਬੋਲਦਾ ਸੀ ਇਹ ਰੱਖਿਆ ਕਿ ਤੂੰ ਮੇਰਾ ਵੇਖਣਹਾਰ ਪਰਮੇਸ਼ੁਰ ਹੈਂ ਕਿਉਂਕਿ ਉਸ ਨੇ ਆਖਿਆ ਕੀ ਮੈਂ ਐਥੇ ਉਹ ਦੇ ਮੈਨੂੰ ਵੇਖਣ ਦੇ ਮਗਰੋਂ ਵੀ ਵੇਖਦੀ ਹਾਂ?
14 ਏਸ ਲਈ ਉਹ ਉਸ ਖੂਹ ਦਾ ਨਾਉਂ ਬਏਰ -ਲਹਈ-ਰੋਈ ਆਖਦੇ ਹਨ। ਵੇਖੋ ਓਹ ਕਾਦੇਸ ਅਰ ਬਰਦ ਦੇ ਵਿਚਕਾਰ ਹੈ।
15 ਫੇਰ ਹਾਜਰਾ ਅਬਰਾਮ ਲਈ ਇੱਕ ਪੁੱਤ੍ਰ ਜਣੀ ਅਤੇ ਅਬਰਾਮ ਨੇ ਆਪਣੇ ਪੁੱਤ੍ਰ ਦਾ ਨਾਉਂ ਜਿਹ ਨੂੰ ਹਾਜਰਾ ਜਣੀ ਇਸਮਾਏਲ ਰੱਖਿਆ।
16 ਜਦ ਹਾਜਰਾ ਇਸਮਾਏਲ ਨੂੰ ਅਬਰਾਮ ਲਈ ਜਣੀ ਅਬਰਾਮ ਛਿਆਸੀਆਂ ਵਰਿਹਾਂ ਦਾ ਸੀ।