ਹਿਜ਼ ਕੀ ਐਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48


ਕਾਂਡ 21

ਇਸ ਲਈ ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸਨੇ ਆਖਿਆ,
2 "ਆਦਮੀ ਦੇ ਪੁੱਤਰ, ਯਰੂਸ਼ਲਮ ਵੱਲ ਦੇਖ, ਅਤੇ ਉਸਦੇ ਪਵਿੱਤਰ ਸਬਾਨਾਂ ਦੇ ਵਿਰੁੱਧ ਬੋਲ। ਮੇਰੇ ਲਈ, ਇਸਰਾਏਲ ਦੀ ਧਰਤੀ ਦੇ ਵਿਰੁੱਧ ਬੋਲ।
3 ਇਸਰਾਏਲ ਦੀ ਧਰਤੀ ਨੂੰ ਆਖ, 'ਯਹੋਵਾਹ ਨੇ ਇਹ ਗੱਲਾਂ ਆਖੀਆਂ: ਮੈਂ ਤੇਰੇ ਵਿਰੁੱਧ ਹਾਂ! ਮੈਂ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ! ਮੈਂ ਤੇਰੇ ਵਿਚਲੇਁ ਸਾਰੇ ਲੋਕਾਂ ਨੂੰ ਹਟਾ ਦਿਆਂਗਾ - ਚੰਗੇ ਬੰਦਿਆਂ ਨੂੰ ਵੀ ਅਤੇ ਮੰਦੇ ਬੰਦਿਆਂ ਨੂੰ ਵੀ!
4 ਮੈਂ ਚੰਗੇ ਲੋਕਾਂ ਅਤੇ ਬੁਰੇ ਲੋਕਾਂ ਦੋਹਾਂ ਨੂੰ ਹਟਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਇਸਨੂੰ ਦੱਖਣ ਤੋਂ ਉੱਤਰ ਤੱਕ ਸਾਰੇ ਲੋਕਾਂ ਦੇ ਵਿਰੁੱਧ ਵਰਤਾਂਗਾ।
5 ਫ਼ੇਰ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। ਅਤੇ ਉਹ ਜਾਣ ਲੈਣਗੇ ਕਿ ਮੈਂ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਲਿਆ ਹੈ। ਮੇਰੀ ਤਲਵਾਰ ਸਾਰਾ ਕੁਝ ਖਤਮ ਕਰਨ ਤੋਂ ਪਹਿਲਾਂ ਫ਼ੇਰ ਮਿਆਨ ਵਿੱਚ ਨਹੀਂ ਜਾਵੇਗੀ।'
6 ਮੈਨੂੰ ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਟੁੱਟੇ ਹੋਏ ਦਿਲ ਵਾਲੇ ਅਤੇ ਉਦਾਸ ਬੰਦੇ ਵਾਂਗ ਆਵਾਜ਼ਾਂ ਕੱਢ। ਇਹ ਆਵਾਜ਼ਾਂ ਲੋਕਾਂ ਦੇ ਸਾਮ੍ਹਣੇ ਕੱਢ।
7 ਫ਼ੇਰ ਉਹ ਤੈਨੂੰ ਪੁੱਛਣਗੇ, 'ਤੂੰ ਇਹ ਸੋਗੀ ਆਵਾਜ਼ਾਂ ਕਿਉਂ ਕੱਢ ਰਿਹਾ ਹੈਂ?' ਤਾਂ ਤੈਨੂੰ ਇਹ ਜ਼ਰੂਰ ਆਖਣਾ ਚਾਹੀਦਾ ਹੈ, 'ਉਸ ਉਦਾਸ ਖਬਰ ਦੇ ਕਾਰਣ ਜਿਹੜੀ ਆਉਣ ਵਾਲੀ ਹੈ। ਹਰ ਹਿਰਦਾ ਡਰ ਨਾਲ ਪਿਘਲ ਜਾਵੇਗਾ। ਸਾਰੇ ਹੱਥ ਕਮਜ਼ੋਰ ਹੋ ਜਾਣਗੇ। ਹਰ ਆਤਮਾ ਕਮਜ਼ੋਰ ਹੋ ਜਾਵੇਗਾ। ਸਾਰੇ ਗੋਡੇ ਪਾਣੀ ਵਾਂਗ ਹੋ ਜਾਣਗੇ।' ਦੇਖੋ, ਉਹ ਮਾੜੀ ਖਬਰ ਆ ਰਹੀ ਹੈ। ਇਹ ਗੱਲਾਂ ਵਾਪਰਨਗੀਆਂ!" ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ।
8 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ,
9 "ਆਦਮੀ ਦੇ ਪੁੱਤਰ, ਲੋਕਾਂ ਨਾਲ ਮੇਰੀ ਗੱਲ ਕਰ ਇਹ ਗੱਲਾਂ ਆਖ, 'ਯਹੋਵਾਹ ਮੇਰਾ ਪ੍ਰਭੁ ਇਹ ਗੱਲਾਂ ਆਖਦਾ ਹੈ: "ਦੇਖੋ, ਇੱਕ ਤਲਵਾਰ ਇੱਕ ਤਿੱਖੀ ਤਲਵਾਰ। ਅਤੇ ਚਮਕਾਈ ਗਈ ਹੈ ਤਲਵਾਰ।
10 ਤਿੱਖੀ ਕੀਤੀ ਗਈ ਸੀ ਤਲਵਾਰ ਕਤਲ ਕਰਨ ਲਈ। ਚਮਕਾਈ ਗਈ ਸੀ ਇਹ ਬਿਜਲੀ ਦੀ ਲਿਸ਼ਕ ਵਾਂਗ। "'ਮੇਰੇ ਪੁੱਤਰ, ਭੱਜ ਗਿਆ ਸੀ ਤੂੰ ਉਸ ਸੋਟੀ ਕੋਲੋਂ ਜਿਹੜੀ ਵਰਤੀ ਸੀ ਮੈਂ ਤੈਨੂੰ ਸਜ਼ਾ ਦੇਣ ਲਈ। ਇਨਕਾਰ ਕੀਤਾ ਸੀ ਤੂੰ ਉਸ ਲੱਕੜੀ ਦੀ ਸੋਟੀ ਤੋਂ ਸਜ਼ਾ ਲੈਣ ਤੋਂ।
11 ਇਸ ਲਈ ਲਿਸ਼ਕਾਈ ਗਈ ਹੈ ਤਲਵਾਰ। ਵਰਤੀ ਜਾ ਸਕਦੀ ਹੈ ਇਹ ਹੁਣ। ਤਿੱਖੀ ਕੀਤੀ ਗਈ ਸੀ ਅਤੇ ਲਿਸ਼ਕਾਈ ਗਈ ਸੀ ਤਲਵਾਰ। ਦਿੱਤੀ ਜਾ ਸਕਦੀ ਹੈ ਇਹ ਹੁਣ ਕਾਤਲ ਦੇ ਹੱਥਾਂ ਵਿੱਚ।
12 "'ਉੱਚੀ ਪੁਕਾਰੀ ਅਤੇ ਚੀਕਾਂ ਮਾਰ, ਆਦਮੀ ਦੇ ਪੁੱਤਰ! ਕਿਉਂ ਕਿ ਮੇਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਹਾਕਮਾਂ ਦੇ ਵਿਰੁੱਧ ਤਲਵਾਰ ਵਰਤੀ ਜਾਵੇਗੀ! ਉਨ੍ਹਾਂ ਹਾਕਮਾਂ ਨੇ ਜੰਗ ਚਾਹੀ ਸੀ - ਇਸ ਲਈ ਉਹ ਮੇਰੇ ਲੋਕਾਂ ਦੇ ਨਾਲ ਹੋਣਗੇ ਜਦੋਂ ਤਲਵਾਰ ਆਵੇਗੀ! ਇਸ ਲਈ ਆਪਣੇ ਦੋਵੇ ਹੱਥ ਪੱਟਾਂ ਉੱਤੇ ਮਾਰ ਅਤੇ ਆਪਣੇ ਸੋਗ ਨੂੰ ਦਰਸਾਉਣ ਲਈ ਉੱਚੀਆਂ ਆਵਾਜ਼ਾਂ ਕੱਢ!
13 ਕਿਉਂ ਕਿ ਇਹ ਸਿਰਫ਼ ਇਮਤਿਹਾਨ ਨਹੀਂ ਹੈ! ਤੁਸੀਂ ਲੱਕੜੀ ਦੀ ਸੋਟੀ ਦੀ ਸਜ਼ਾ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਕੀ ਹੋਇਆ ਮੈਨੂੰ ਤੁਹਾਨੂੰ ਸਜ਼ਾ ਦੇਣ ਲਈ ਕਿਸੇ ਹੋਰ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ? ਹਾਂ, ਤਲਵਾਰ ਦੀ।"' ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
14 ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਹੱਥਾਂ ਨਾਲ ਤਾੜੀ ਮਾਰ ਅਤੇ ਲੋਕਾਂ ਨਾਲ ਮੇਰੇ ਲਈ ਗੱਲ ਕਰ। ਦੋ ਵਾਰੀ ਤਲਵਾਰ ਨੂੰ ਹੇਠਾਂ ਆਉਣ ਦਿਓ, ਹਾਂ ਤਿੰਨ ਵਾਰੀ! ਇਹ ਤਲਵਾਰ ਮਾਰਨ ਲਈ ਹੈ ਲੋਕਾਂ ਨੂੰ। ਇਹ ਤਲਵਾਰ ਭਿਆਨਕ ਕਤਲ ਕਰਨ ਲਈ ਹੈ! ਇਹ ਤਲਵਾਰ ਉਨ੍ਹਾਂ ਨੂੰ ਅੰਦਰੋਂ ਚੀਰ ਦੇਵੇਗੀ।
15 ਪਿਘਲ ਜਾਣਗੇ ਦਿਲ ਉਨ੍ਹਾਂ ਦੇ ਡਰ ਨਾਲ। ਅਤੇ ਡਿੱਗ ਪੈਣਗੇ ਬਹੁਤ ਲੋਕੀ। ਮਾਰ ਦੇਵੇਗੀ ਬਹੁਤ ਲੋਕਾਂ ਨੂੰ ਤਲਵਾਰ, ਸ਼ਹਿਰ ਦੇ ਫ਼ਾਟਕ ਉੱਤੇ। ਹਾਂ, ਲਿਸ਼ਕੇਗੀ ਤਲਵਾਰ ਬਿਜਲੀ ਵਾਂਗੂ। ਲਿਸ਼ਕਾਈ ਗਈ ਸੀ ਇਹ ਲੋਕਾਂ ਨੂੰ ਕਤਲ ਕਰਨ ਲਈ!
16 ਹੇ ਤਲਵਾਰ, ਤਿੱਖੀ ਹੋ ਜਾ! ਚੀਰ ਸੱਜੇ ਪਾਸੇ ਵੱਲ। ਚੀਰ ਸ਼ਾਹਮਣੇ ਵੱਲ, ਚੀਰ ਖੱਬੇ ਪਾਸੇ ਵੱਲ। ਹਰ ਓਸ ਥਾਂ ਪਹੁੰਚ ਜਿੱਥੇ ਧਾਰ ਤੇਰੀ ਨੂੰ ਪਹੁੰਚਣ ਲਈ ਚੁਣਿਆ ਗਿਆ ਸੀ!
17 "ਫ਼ੇਰ ਮੈਂ ਵੀ ਮਾਰਾਂਗਾ ਤਾੜੀ। ਅਤੇ ਹਟ ਜਾਵਾਂਗਾ ਆਪਣਾ ਕਹਿਰ ਦਰਸਾਉਣੋ। ਮੈਂ, ਯਹੋਵਾਹ, ਬੋਲਿਆ ਹਾਂ!"
18 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ,
19 "ਆਦਮੀ ਦੇ ਪੁੱਤਰ, ਦੋ ਰਸਤੇ ਉਲੀਕੋ ਜਿਸਦੀ ਵਰਤੋਂ ਬਾਬਲ ਦੇ ਪਾਤਸ਼ਾਹ ਦੀ ਤਲਵਾਰ ਇਸਰਾਏਲ ਨੂੰ ਆਉਣ ਲਈ ਕਰ ਸਕੇ। ਦੋਵੇਂ ਰਸਤੇ ਇੱਕੋ ਦੇਸ਼ (ਬਾਬਲ) ਵੱਲੋਂ ਆਉਣਗੇ। ਫ਼ੇਰ ਸ਼ਹਿਰ ਵੱਲ ਜਾਣ ਵਾਲੀ ਸੜਕ ਦੇ ਅਖੀਰ ਉੱਤੇ ਇੱਕ ਨਿਸ਼ਾਨ ਲਾਓ।
20 ਨਿਸ਼ਾਨ ਦੀ ਵਰਤੋਂ ਇਹ ਦਰਸਾਉਣ ਲਈ ਕਰੋ ਕਿ ਤਲਵਾਰ ਕਿਸ ਰਸਤੇ ਦੀ ਵਰਤੋਂ ਕਰੇਗੀ। ਇਹ ਸੜਕ ਅੰਮੋਨੀਆਂ ਸ਼ਹਿਰ ਰਬ੍ਬਾਹ ਨੂੰ ਜਾਂਦੀ ਹੈ। ਦੂਸਰੀ ਸੜਕ ਯਹੂਦਾਹ ਨੂੰ ਜਾਂਦੀ ਹੈ, ਯਰੂਸ਼ਲਮ ਦੇ ਕਿਲ੍ਹੇ ਬੰਦ ਸ਼ਹਿਰ ਨੂੰ!
21 ਇਹ ਦਰਸਾਉਂਦੀ ਹੈ ਕਿ ਬਾਬਲ ਦਾ ਰਾਜਾ ਉਸ ਰਸਤੇ ਦੀ ਵਿਉਂਤ ਬਣਾ ਰਿਹਾ ਹੈ ਜਿਸ ਰਾਹੀ ਉਸ ਇਲਾਕੇ ਉੱਤੇ ਹਮਲਾ ਕਰੇਗਾ। ਬਾਬਲ ਦਾ ਰਾਜਾ ਉਸ ਥਾਂ ਉੱਤੇ ਆ ਚੁਕਿਆ ਹੈ ਜਿੱਥੋਂ ਦੋ ਸੜਕਾਂ ਪਾਟਦੀਆਂ ਨੇ। ਬਾਬਲ ਦੇ ਰਾਜੇ ਨੇ ਭਵਿੱਖ ਦੀ ਤਲਾਸ਼ ਲਈ ਸਂਕੇਤਾਂ (ਜਾਦੂ) ਦੀ ਵਰਤੋਂ ਕੀਤੀ ਹੈ। ਉਸਨੇ ਕੁਝ ਤੀਰ ਮਾਰੇ। ਉਸਨੇ ਪਰਿਵਾਰਕ ਬੁੱਤਾਂ ਕੋਲੋਂ ਕੁਝ ਸਵਾਲ ਪੁੱਛੇ। ਉਸ ਨੇ ਇੱਕ ਮਰੇ ਹੋਏ ਜਾਨਵਰ ਦੇ ਜਿਗਰ ਵੱਲ ਦੇਖਿਆ।
22 "ਸੰਕੇਤ ਉਸਨੂੰ ਆਪਣੇ ਸੱਜੇ ਹੱਥ ਵੱਲ ਦੀ ਸੜਕ ਫ਼ੜਨ ਦਾ ਰਾਹ ਦਸਦੇ ਹਨ, ਯਰੂਸ਼ਲਮ ਵੱਲ ਜਾਂਦੀ ਸੜਕ ਨੂੰ! ਉਹ ਲੱਕੜ ਦੀਆਂ ਭਾਰੀਆਂ ਸ਼ਤੀਰੀਆਂ ਨੂੰ ਲਿਆਉਣ ਦੀ ਵਿਉਂਤ ਬਣਾਉਂਦਾ ਹੈ। ਉਹ ਆਦੇਸ਼ ਦੇਵੇਗਾ। ਅਤੇ ਉਸਦੇ ਫ਼ੌਜੀ ਕਤਲ ਕਰਨਾ ਸ਼ੁਰੂ ਕਰ ਦੇਣਗੇ। ਉਹ ਜੰਗ ਦੇ ਨਾਹਰੇ ਮਾਰਨਗੇ। ਫ਼ੇਰ ਉਹ ਸ਼ਹਿਰ ਦੇ ਦੁਆਲੇ ਮਿੱਟੀ ਦੀ ਕੰਧ ਉਸਾਰਨਗੇ। ਉਹ ਕੰਧਾਂ ਤੱਕ ਜਾਣ ਵਾਲੀ ਮਿੱਟੀ ਦੀ ਢਲਵਾਨ ਬਨਾਉਣਗੇ। ਉਹ ਸ਼ਹਿਰ ਉੱਤੇ ਹਮਲਾ ਕਰਨ ਲਈ ਲੱਕੜੀ ਦੇ ਮੁਨਾਰੇ ਬਨਾਉਣਗੇ।
23 ਉਹ ਸੰਕੇਤ ਇਸਰਾਏਲ ਦੇ ਲੋਕਾਂ ਲਈ ਕੋਈ ਅਰਬ ਨਹੀਂ ਰੱਖਦੇ। ਉਨ੍ਹਾਂ ਕੋਲ ਉਹ ਇਕਰਾਰ ਹਨ ਜਿਹੜੇ ਉਨ੍ਹਾਂ ਨੇ ਕੀਤੇ ਸਨ। ਪਰ ਯਹੋਵਾਹ ਉਨ੍ਹਾਂ ਦੇ ਪਾਪ ਯਾਦ ਰੱਖੇਗਾ! ਫ਼ੇਰ ਇਸਰਾਏਲੀਆਂ ਤੇ ਕਬਜਾ ਕਰ ਲਿਆ ਜਾਵੇਗਾ।"
24 ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ, "ਤੁਸੀਂ ਬਹੁਤ ਮੰਦੇ ਕੰਮ ਕੀਤੇ ਹਨ। ਤੁਹਾਡੇ ਪਾਪ ਬਹੁਤ ਸਪਸ਼ਟ ਹਨ। ਤੁਸੀਂ ਮੈਨੂੰ ਇਹ ਯਾਦ ਕਰਨ ਲਈ ਮਜਬੂਤ ਕੀਤਾ ਕਿ ਤੁਸੀਂ ਦੋਸ਼ੀ ਹੋ। ਇਸ ਲਈ ਦੁਸ਼ਮਣ ਤੁਹਾਨੂੰ ਆਪਣੇ ਹੱਥ ਵਿੱਚ ਫ਼ੜ ਲਵੇਗਾ।
25 ਅਤੇ ਤੁਸੀਂ, ਇਸਰਾਏਲ ਦੇ ਬਦ ਆਗੂਓ, ਤੁਸੀਂ ਮਾਰੇ ਜਾਵੋਂਗੇ। ਤੁਹਾਡੀ ਸਜ਼ਾ ਦਾ ਵਕਤ ਆ ਗਿਆ ਹੈ! ਅੰਤ ਆ ਗਿਆ ਹੈ!"
26 ਯਹੋਵਾਹ ਮੇਰਾ ਪ੍ਰਭੂ ਗੱਲਾਂ ਆਖਦਾ ਹੈ, "ਪਗੜੀ ਉਤਾਰ ਦਿਓ! ਤਾਜ ਉਤਾਰ ਦਿਓ! ਬਦਲਣ ਦਾ ਸਮਾਂ ਆ ਗਿਆ ਹੈ। ਮਹੱਤਵਪੂਰਣ ਆਗੂ ਨਿਮਾਣੇ ਬਣਾ ਦਿੱਤੇ ਜਾਣਗੇ। ਅਤੇ ਉਹ ਲੋਕ ਜਿਹੜੇ ਹੁਣ ਮਹੱਤਵਪੂਰਣ ਨਹੀਂ ਹਨ ਉਹ ਮਹੱਤਵਪੂਰਣ ਆਗੂ ਬਣ ਜਾਣਗੇ।
27 ਮੈਂ ਉਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗਾ! ਪਰ ਇਹ ਗੱਲ ਕਿਸੇ ਧਰਮੀ ਆਦਮੀ ਦੇ ਨਵਾਂ ਰਾਜਾ ਬਣਨ ਤੀਕ ਵਾਪਰੇਗੀ। ਫ਼ੇਰ ਮੈਂ ਉਸਦੇ (ਬਾਬਲ ਦੇ ਰਾਜੇ ਦੇ) ਇਹ ਸ਼ਹਿਰ ਹਵਾਲੇ ਕਰ ਦੇਵਾਂਗਾ।"
28 ਪਰਮੇਸ਼ੁਰ ਨੇ ਆਖਿਆ, "ਆਦਮੀ ਦੇ ਪੁੱਤਰ, ਲੋਕਾਂ ਨਾਲ ਮੇਰੀ ਗੱਲ ਕਰ। ਇਹ ਗੱਲਾਂ ਆਖ, 'ਯਹੋਵਾਹ, ਮੇਰਾ ਪ੍ਰਭੂ ਅੰਮੋਨੀਆਂ ਦੇ ਲੋਕਾਂ ਅਤੇ ਉਨ੍ਹਾਂ ਦੇ ਸ਼ਰਮਨਾਕ ਦੇਵਤੇ ਨੂੰ ਇਹ ਗੱਲਾਂ ਆਖਦਾ ਹੈ: 'ਦੇਖੋ, ਇੱਕ ਤਲਵਾਰ! ਮਿਆਨ ਵਿੱਚੋਂ ਨਿਕਲੀ ਹੋਈ ਹੈ ਤਲਵਾਰ। ਲਿਸ਼ਕਾਈ ਹੋਈ ਹੈ ਤਲਵਾਰ! ਤਿਆਰ ਹੈ ਕਤਲ ਕਰਨ ਲਈ ਤਲਵਾਰ! ਲਿਸ਼ਕਾਈ ਗਈ ਸੀ ਇਹ ਬਿਜਲੀ ਵਾਂਗਰਾਂ!
29 ਤੁਹਾਡੇ ਦਰਸ਼ਨ ਫ਼ਿਜ਼ੂਲ ਹਨ। ਜਾਦੂ ਤੁਹਾਡਾ ਕਰੇਗਾ ਨਹੀਂ ਸਹਾਇਤਾ ਤੁਹਾਡੀ। ਝੂਠ ਦਾ ਪੁਲਂਦਾ ਹੀ ਹੈ ਇਹ। ਬਦ ਲੋਕਾਂ ਦੀ ਗਰਦਨ ਉੱਤੇ ਹੈ ਹੁਣ ਤਲਵਾਰ। ਬਣ ਜਾਵਣਗੇ ਛੇਤੀ ਹੀ ਉਹ ਮੁਰਦਾ ਸ਼ਰੀਰ। ਵਕਤ ਉਨ੍ਹਾਂ ਦਾ ਹੈ ਆ ਗਿਆ। ਵਕਤ ਆ ਗਿਆ ਹੈ ਉਨ੍ਹਾਂ ਦੀ ਬਦੀ ਦੇ ਮੁਕਣ ਦਾ।
30 "'ਪਾ ਲਵੋ ਵਾਪਸ ਤਲਵਾਰ (ਬਾਬਲ) ਨੂੰ ਮਿਆਨ ਅੰਦਰ। ਬਾਬਲ ਮੈਂ ਤੇਰਾ ਨਿਰਣਾ ਓਥੇ ਹੀ ਕਰਾਂਗਾ ਜਿੱਥੇ ਤੂੰ ਸਾਜਿਆ ਗਿਆ ਸੀ, ਜਿਸ ਧਰਤੀ ਉੱਤੇ ਤੂੰ ਜੰਮਿਆ ਸੀ।
31 ਮੈਂ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ। ਮੇਰਾ ਕਹਿਰ ਤੈਨੂੰ ਗਰਮ ਹਵਾ ਵਾਂਗ ਸਾੜ ਦੇਵੇਗਾ। ਮੈਂ ਤੈਨੂੰ ਜ਼ਾਲਮ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਲੋਕ ਲੋਕਾਂ ਨੂੰ ਕਤਲ ਕਰਨ ਵਿੱਚ ਮਾਹਰ ਹਨ।
32 ਤੂੰ ਅੱਗ ਲਈ ਬਾਲਣ ਵਾਂਗ ਹੋਵੇਂਗਾ। ਤੇਰਾ ਖੂਨ ਧਰਤੀ ਅੰਦਰ ਡੂੰਘਾ ਵਗ ਜਾਵੇਗਾ - ਲੋਕ ਤੈਨੂੰ ਫ਼ੇਰ ਕਦੇ ਵੀ ਯਾਦ ਨਹੀਂ ਕਰਨਗੇ। ਮੈਂ, ਯਹੋਵਾਹ ਨੇ, ਬੋਲ ਦਿੱਤਾ ਹੈ!"'