੨ ਸਲਾਤੀਨ

1 2 3 4 5 6 7 8 9 10 11 12 13 14 15 16 17 18 19 20 21 22 23 24 25


ਕਾਂਡ 8

ਅਲੀਸ਼ਾ ਨੇ ਉਸ ਔਰਤ ਨਾਲ ਗੱਲ ਕੀਤੀ ਜਿਸਦੇ ਪੁੱਤਰ ਨੂੰ ਉਸਨੇ ਜੀਵਤ ਕੀਤਾ ਸੀ ਅਤੇ ਆਖਿਆ, "ਉੱਠ ਤੇ ਆਪਣੇ ਪਰਿਵਾਰ ਸਮੇਤ ਇਸ ਦੇਸ਼ ਵਿੱਚੋਂ ਕਿਤੇ ਹੋਰ ਚਲੀ ਜਾ। ਕਿਉਂ ਕਿ ਯਹੋਵਾਹ ਨੇ ਇੱਥੇ ਕਾਲ ਦਾ ਹੁਕਮ ਦੇ ਦਿੱਤਾ ਹੈ ਜੋ ਕਿ ਇਸ ਦੇਸ਼ ਉੱਪਰ ਸੱਤ ਸਾਲਾਂ ਲਈ ਰਹੇਗਾ।"
2 ਤਾਂ ਉਸ ਔਰਤ ਨੇ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ। ਤਾਂ ਉਹ ਸੱਤ ਸਾਲਾਂ ਲਈ ਫ਼ਲਿਸਤੀਆਂ ਦੇ ਦੇਸ਼ ਵਿੱਚ ਆਪਣੇ ਟੱਬਰ ਨੂੰ ਲੈਕੇ ਚਲੀ ਗਈ।
3 ਜਦ ਸੱਤ ਸਾਲ ਬੀਤ ਗਏ ਤਾਂ ਉਹ ਫ਼ਲਿਸਤੀਆਂ ਨੂੰ ਛੱਡ, ਮੁੜ ਆਪਣੇ ਘਰ ਲਈ ਮੁੜ ਆਈ। ਫ਼ਲਿਸਤੀਆਂ ਤੋਂ ਵਾਪਸ ਆਕੇ ਉਹ ਪਾਤਸ਼ਾਹ ਕੋਲ ਦੁਹਾਈ ਦੇਣ ਗਈ ਕਿ ਉਸ ਨੂੰ ਉਸਦਾ ਘਰ ਤੇ ਜ਼ਮੀਨ ਵਾਪਸ ਦਿੱਤੀ ਜਾਵੇ।
4 ਤੱਦ ਪਾਤਸ਼ਾਹ, ਪਰਮੇਸ਼ੁਰ ਦੇ ਮਨੁੱਖ ਦੇ ਜਵਾਨ ਗੇਹਾਜੀ ਨਾਲ ਗੱਲਾਂ ਕਰਦਾ ਰਿਹਾ ਸੀ, "ਕਿਰਪਾ ਕਰਕੇ ਤੂੰ ਉਹ ਸਾਰੇ ਵੱਡੇ-ਵੱਡੇ ਕੰਮ ਮੈਨੂੰ ਦੱਸ ਜੋ ਅਲੀਸ਼ਾ ਨੇ ਕੀਤੇ ਹਨ।"
5 ਜਦ ਗੇਹਾਜੀ ਪਾਤਸ਼ਾਹ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਇੱਕ ਮਰੇ ਹੋਏ ਮਨੁੱਖ ਨੂੰ ਜੀਵਿਤ ਕੀਤਾ ਸੀ, ਉਸੇ ਵੇਲੇ ਜਿਸ ਔਰਤ ਦੇ ਬੱਚੇ ਨੂੰ ਅਲੀਸ਼ਾ ਨੇ ਜੀਵਿਤ ਕੀਤਾ ਸੀ, ਉੱਥੇ ਪਹੁੰਚ ਗਈ, ਉਹ ਪਾਤਸ਼ਾਹ ਕੋਲੋਂ ਆਪਣਾ ਖੁੱਸ ਚੁੱਕਾ ਘਰ ਤੇ ਜ਼ਮੀਨ ਵਾਪਸ ਲੈਣ ਲਈ ਮਦਦ ਮੰਗਣ ਗਈ ਸੀ। ਗੇਹਾਜੀ ਨੇ ਕਿਹਾ, "ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਹੀ ਉਹ ਔਰਤ ਹੈ ਤੇ ਇਹੀ ਉਹ ਬੱਚਾ, ਜਿਸਨੂੰ ਅਲੀਸ਼ਾ ਨੇ ਮਰੇ ਹੋਏ ਨੂੰ ਜਿਉਂਦਾ ਕੀਤਾ ਸੀ।"
6 ਪਾਤਸ਼ਾਹ ਨੇ ਉਸ ਔਰਤ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ? ਤਾਂ ਉਸ ਔਰਤ ਨੇ ਉਸਨੂੰ ਸਭ ਦੱਸਿਆ। ਤੱਦ ਪਾਤਸ਼ਾਹ ਨੇ ਇੱਕ ਅਫ਼ਸਰ ਨੂੰ ਉਸ ਔਰਤ ਦੀ ਮਦਦ ਲਈ ਭੇਜਿਆ। ਪਾਤਸ਼ਾਹ ਨੇ ਆਖਿਆ, "ਇਸ ਔਰਤ ਨੂੰ ਇਸਦੀ ਸਾਰੀ ਜ਼ਮੀਨ ਜਾਇਦਾਦ ਤੇ ਜੋ ਇਸਦਾ ਹੱਕ ਹੈ, ਇਸਨੂੰ ਵਾਪਸ ਕਰ ਦਿੱਤਾ ਜਾਵੇ ਤੇ ਜਿਸ ਦਿਨ ਤੋਂ ਇਹ ਭੋਇਂ ਛੱਡ ਕੇ ਇਥੋਂ ਗਈ ਹੈ ਉਸ ਦਿਨ ਤੋਂ ਲੈਕੇ ਅੱਜ ਤੀਕ ਦੀ ਫ਼ਸਲ ਜੋ ਇਸਦਾ ਹੱਕ ਬਣਦਾ ਹੈ ਇਸਨੂੰ ਵਾਪਸ ਕੀਤਾ ਜਾਵੇ।"
7 ਤਾਂ ਅਲੀਸ਼ਾ ਦੰਮਿਸਕ ਵਿੱਚ ਆਇਆ। ਅਰਾਮ ਦਾ ਪਾਤਸ਼ਾਹ ਬਨ-ਹਦਦ ਤੱਦ ਬੀਮਾਰ ਸੀ। ਇੱਕ ਮਨੁੱਖ ਨੇ ਬਨ-ਹਦਦ ਨੂੰ ਇਹ ਦੱਸਿਆ ਕਿ ਪਰਮੇਸ਼ੁਰ ਦਾ ਮਨੁੱਖ ਇੱਥੇ ਆਇਆ ਹੈ।
8 ਤੱਦ ਬਨ-ਹਦਦ ਪਾਤਸ਼ਾਹ ਨੇ ਹਜ਼ਾਏਲ ਨੂੰ ਆਖਿਆ, "ਜਾਓ ਤੇ ਤੋਹਫ਼ਾ ਲੈਕੇ ਪਰਮੇਸ਼ੁਰ ਦੇ ਮਨੁੱਖ ਨੂੰ ਮਿਲਣ ਲਈ ਜਾਵੋ ਅਤੇ ਉਸਨੂੰ ਆਖੋ ਕਿ ਯਹੋਵਾਹ ਨੂੰ ਪੁੱਛੇ ਕਿ ਕੀ ਮੈਂ ਆਪਣੀ ਬਿਮਾਰੀ ਤੋਂ ਠੀਕ ਹੋ ਜਾਵਾਂਗਾ?"
9 ਤੱਦ ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਆਪਣੇ ਨਾਲ ਤੋਹਫ਼ੇ ਵੀ ਲੈ ਗਿਆ। ਉਹ ਆਪਣੇ ਨਾਲ ਦੰਮਿਸਕ ਦੀਆਂ ਸਭ ਵਿਸ਼ੇਸ਼ ਵਸਤਾਂ ਲੈਕੇ ਗਿਆ। ਇਹ ਸਭ ਤੋਹਫ਼ੇ ਚੁੱਕਣ ਲਈ ਉਸ ਨੂੰ ਚਾਲੀ ਊਠ ਕਰਨੇ ਪਏ ਤੇ ਫ਼ਿਰ ਹਜ਼ਾਏਲ ਅਲੀਸ਼ਾ ਵੱਲ ਗਿਆ ਅਤੇ ਜਾਕੇ ਉਸਨੂੰ ਆਖਿਆ, "ਤੇਰੇ ਚੇਲੇ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਇਹ ਪੁੱਛਾਂ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਵਾਂਗਾ?"
10 ਤੱਦ ਅਲੀਸ਼ਾ ਨੇ ਹਜ਼ਾਏਲ ਨੂੰ ਆਖਿਆ, "ਜਾਹ ਅਤੇ ਜਾਕੇ ਬਨ-ਹਦਦ ਨੂੰ ਆਖ ਕਿ ਉਹ ਅੱਛਾ ਹੋ ਜਾਵੇਗਾ ਪਰ ਯਹੋਵਾਹ ਨੇ ਮੇਰੇ ਉਪਰ ਪ੍ਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ।"
11 ਅਲੀਸ਼ਾ ਹਜ਼ਾਏਲ ਵੱਲ ਟਿਕ-ਟਿਕੀ ਲਗਾ ਕੇ ਉਨੀ ਦੇਰ ਵੇਖਦਾ ਰਿਹਾ ਜਦ ਤੀਕ ਉਹ ਸ਼ਰਮਸਾਰ ਨਾ ਹੋ ਗਿਆ। ਤੱਦ ਪਰਮੇਸ਼ੁਰ ਦੇ ਮਨੁੱਖ ਨੇ ਰੋਣਾ ਸ਼ੁਰੂ ਕਰ ਦਿੱਤਾ।
12 ਹਜ਼ਾਏਲ ਨੇ ਪੁਛਿਆ, "ਸ੍ਸੁਆਮੀ, ਤੂੰ ਰੋ ਕਿਉਂ ਰਿਹਾ ਹੈ?"ਅਲੀਸ਼ਾ ਨੇ ਆਖਿਆ "ਮੈਂ ਇਸ ਲਈ ਰੋ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਜੋ ਬਦੀ ਤੂੰ ਇਸਰਾਏਲੀਆਂ ਨਾਲ ਕਰਨ ਵਾਲਾ ਹੈਂ। ਤੂੰ ਉਨ੍ਹਾਂ ਦੇ ਮਜ਼ਬੂਤ ਸ਼ਹਿਰਾਂ ਨੂੰ ਸਾੜ ਦੇਵੇਂਗਾ ਅਤੇ ਉਨ੍ਹਾਂ ਦੇ ਨੌਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਤੂੰ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਵੀ ਮਾਰ ਮੁਕਾਵੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਵੀ ਚੀਰ ਸੁੱਟੇਂਗਾ।"
13 ਹਜ਼ਾਏਲ ਨੇ ਆਖਿਆ, "ਮੈਂ ਇੰਨਾ ਤਾਕਤਵਰ ਮਨੁੱਖ ਨਹੀਂ ਜੋ ਇਹੋ ਜਿਹੇ ਵੱਡੇ ਕਾਰਜ ਕਰ ਸਕਾਂ।"ਅਲੀਸ਼ਾ ਨੇ ਆਖਿਆ, "ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਉੱਤੇ ਰਾਜਾ ਹੋਵੇਂਗਾ।"
14 ਤੱਦ ਹਜ਼ਾਏਲ ਉਥੋਂ ਮੁੜਕੇ ਪਾਤਸ਼ਾਹ ਕੋਲ ਗਿਆ। ਬਨ-ਹਦਦ ਨੇ ਹਜ਼ਾਏਲ ਨੂੰ ਪੁਛਿਆ, "ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?"ਹਜ਼ਾਏਲ ਨੇ ਉੱਤਰ ਦਿੱਤਾ, "ਅਲੀਸ਼ਾ ਨੇ ਮੈਨੂੰ ਕਿਹਾ ਹੈ ਕਿ ਤੂੰ ਜਿਉਂਦਾ ਰਹੇਗਾ।"ਹਜ਼ਾਏਲ ਵੱਲੋਂ ਬਨ-ਹਦਦ ਦਾ ਕਤਲ
15 ਪਰ ਅਗਲੇ ਦਿਨ, ਹਜ਼ਾਏਲ ਨੇ ਇੱਕ ਮੋਟਾ ਕੱਪੜਾ ਲਿਆ ਤੇ ਉਸਨੂੰ ਪਾਣੀ ਨਾਲ ਭਿਉਂ ਕੇ ਉਸਦੇ ਮੂੰਹ ਨੂੰ ਢਕ ਦਿੱਤਾ, ਇਸ ਨਾਲ ਬਨ-ਹਦਦ ਮਰ ਗਿਆ ਤੇ ਹਜ਼ਾਏਲ ਨਵਾਂ ਰਾਜਾ ਬਣ ਗਿਆ।
16 ਇਸਰਾਏਲ ਦੇ ਪਾਤਸ਼ਾਹ, ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਪਾਤਸ਼ਾਹ ਸੀ, ਉਸ ਵੇਲੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ।
17 ਯਹੋਰਾਮ ਜਦੋਂ ਰਾਜ ਕਰਨ ਲਗਿਆ ਤਾਂ ਉਹ 32 ਸਾਲਾਂ ਦਾ ਸੀ ਅਤੇ ਉਸਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ।
18 ਪਰ ਉਸਨੇ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹ ਨੂੰ ਹੀ ਫ਼ੜਿਆ ਤੇ ਉਹ ਕੁਝ ਕੀਤਾ ਜੋ ਯਹੋਵਾਹ ਉਚਿਤ ਨਹੀਂ ਸੀ ਸਮਝਦਾ। ਕਿਉਂ ਕਿ ਅਹਾਬ ਦੀ ਧੀ ਉਸਦੀ ਰਾਣੀ ਹੋ ਗਈ ਸੀ ਇਸ ਲਈ ਉਸਨੇ ਵੀ ਉਹੀ ਕੁਝ ਕੀਤਾ।
19 ਫ਼ਿਰ ਵੀ ਯਹੋਵਾਹ ਨੇ ਆਪਣੇ ਇਕਰਾਰ ਕਾਰਣ ਜਿਹੜਾ ਕਿ ਉਸਨੇ ਦਾਊਦ ਨਾਲ ਕੀਤਾ ਸੀ ਉਸ ਨੂੰ ਨਸ਼ਟ ਨਾ ਕੀਤਾ। ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਸਦੀ ਅੰਸ਼ ਵਿੱਚੋਂ ਕੋਈ ਨਾ ਕੋਈ ਰਾਜ ਕਰੇਗਾ।
20 ਯਹੋਰਾਮ ਦੇ ਰਾਜ ਦੇ ਦਿਨਾਂ ਵਿੱਚ ਅਦੋਮ ਯਹੂਦਾਹ ਦੀ ਅਧੀਨਗੀ ਨੂੰ ਆਕੀ ਹੋ ਗਿਆ ਅਤੇ ਅਦੋਮ ਦੇ ਲੋਕਾਂ ਨੇ ਆਪਣੇ ਲਈ ਇੱਕ ਅਲੱਗ ਰਾਜਾ ਚੁਣਿਆ।
21 ਤੱਦ ਯਹੋਰਾਮ ਅਤੇ ਉਸਦੇ ਸਾਰੇ ਰੱਥ ਸਈਰ ਨੂੰ ਗਏ ਤੇ ਅਦੋਮੀਆਂ ਦੀ ਫ਼ੌਜ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਯਹੋਰਾਮ ਤੇ ਉਸਦੇ ਅਫ਼ਸਰਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ, ਉਨ੍ਹਾਂ ਤੇ ਹਮਲਾ ਕਰਕੇ ਉਹ ਬਚਕੇ ਨਿਕਲ ਗਏ ਅਤੇ ਯਹੋਰਾਮ ਦੀ ਸਾਰੀ ਸੈਨਾ ਭੱਜ ਗਈ ਅਤੇ ਘਰਾਂ ਨੂੰ ਪਰਤ ਗਈ।
22 ਸੋ ਅਦੋਮੀ ਯਹੂਦਾਹ ਤੋਂ ਆਕੀ ਹੋ ਗਏ ਜੋ ਕਿ ਅੱਜ ਤੀਕ ਆਕੀ ਹਨ।ਪਰ ਇਸਦੇ ਨਾਲ ਹੀ ਲਿਬਨਾਹ ਵੀ ਯਹੂਦਾਹ ਤੋਂ ਆਕੀ ਹੋ ਗਿਆ।
23 ਯਹੋਰਾਮ ਦੀ ਬਾਕੀ ਵਾਰਤਾ ਅਤੇ ਜੋ ਕਾਰਜ ਉਸਨੇ ਕੀਤੇ ਉਹ 'ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ।
24 ਯਹੋਰਾਮ ਮਰ ਗਿਆ ਤਾਂ ਉਸਨੂੰ ਦਾਊਦ ਦੇ ਸ਼ਹਿਰ ਉਸਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਅਹਜ਼ਯਾਹ ਪਾਤਸ਼ਾਹ ਬਣਿਆ।
25 ਇਸਰਾਏਲ ਦੇ ਪਾਤਸ਼ਾਹ ਦੇ ਪੁੱਤਰ ਯਹੋਰਾਮ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ।
26 ਉਸ ਵਕਤ ਅਹਜ਼ਯਾਹ 22 ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀ ਅਬਲਯਾਹ ਜੋ ਕਿ ਇਸਰਾਏਲ ਦੇ ਰਾਜੇ ਆਮਰੀ ਦੀ ਧੀ ਸੀ।
27 ਅਹਜ਼ਯਾਹ ਵੀ ਅਹਾਬ ਦੇ ਘਰਾਣੇ ਦੇ ਰਾਹੇ ਹੀ ਤੁਰਿਆ ਅਤੇ ਉਸਨੇ ਵੀ ਅਹਾਬ ਦੇ ਘਰਾਣੇ ਵਾਂਗ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ, ਕਿਉਂ ਕਿ ਉਹ ਅਹਾਬ ਦੇ ਘਰਾਣੇ ਦਾ ਹੀ ਜੁਆਈ ਸੀ।
28 ਯੋਰਾਮ ਅਹਾਬ ਦੇ ਘਰਾਣੇ ਵਿੱਚੋਂ ਸੀ। ਅਹਜ਼ਯਾਹ ਰਾਮੋਬ ਗਿਲਆਦ ਵਿੱਚ ਯੋਰਾਮ ਦੇ ਨਾਲ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫ਼ੱਟੜ ਕੀਤਾ।
29 ਯੋਰਾਮ ਇਸਰਾਏਲ ਵਿੱਚ ਵਾਪਸ ਮੁੜ ਆਇਆ ਤਾਂ ਜੋ ਉਹ ਉਨ੍ਹਾਂ ਜ਼ਖਮਾਂ ਨੂੰ ਠੀਕ ਕਰ ਸਕੇ। ਯੋਰਾਮ ਯਿਜ਼ਰੇਲ ਖੇਤਰ ਵੱਲ ਗਿਆ। ਯਹੋਰਾਮ ਦਾ ਪੁੱਤਰ ਅਹਜ਼ਯਾਹ ਉਸ ਵਕਤ ਯਹੂਦਾਹ ਦਾ ਪਾਤਸ਼ਾਹ ਸੀ ਤਾਂ ਅਹਜ਼ਯਾਹ ਯੋਰਾਮ ਨੂੰ ਵੇਖਣ ਲਈ ਯਿਜ਼ਰੇਲ ਵੱਲ ਗਿਆ।