੨ ਸਲਾਤੀਨ
ਕਾਂਡ 4
ਨਬੀਆਂ ਦੇ ਟੋਲੇ ਵਿੱਚ ਇੱਕ ਨਬੀ ਦੀ ਬੀਵੀ ਸੀ ਜਿਸਦੇ ਪਤੀ ਦੀ ਮੌਤ ਹੋ ਗਈ। ਉਸਦੀ ਪਤਨੀ ਅਲੀਸ਼ਾ ਅੱਗੇ ਜਾਕੇ ਪਿੱਟੀ, "ਮੇਰਾ ਪਤੀ ਤੇਰੇ ਸੇਵਕਾਂ ਵਰਗਾ ਸੀ। ਹੁਣ ਉਸਦੀ ਮੌਤ ਹੋ ਗਈ ਹੈ। ਤੈਨੂੰ ਪਤਾ ਹੈ ਕਿ ਉਹ ਯਹੋਵਾਹ ਦਾ ਭੈ ਮੰਨਦਾ ਹੈ। ਉਸਨੇ ਇੱਕ ਆਦਮੀ ਤੋਂ ਉਧਾਰ ਲਿੱਤਾ ਸੀ ਤੇ ਹੁਣ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਆਪਣੇ ਗੁਲਾਮ ਬਨਾਉਣ ਲਈ ਲੈਣ ਆ ਰਿਹਾ ਹੈ।"
2 ਅਲੀਸ਼ਾ ਨੇ ਆਖਿਆ, "ਮੈਂ ਤੇਰੀ ਮਦਦ ਕਿਵੇਂ ਕਰ ਸਕਦਾ ਹਾਂ? ਮੈਨੂੰ ਦੱਸ ਕਿ ਤੇਰੇ ਘਰ ਵਿੱਚ ਤੇਰੇ ਕੋਲ ਕੀ ਹੈ?"ਉਸ ਔਰਤ ਨੇ ਕਿਹਾ, "ਮੇਰੇ ਕੋਲ ਘਰ ਵਿੱਚ ਕੁਝ ਵੀ ਨਹੀਂ ਹੈ, ਮੇਰੇ ਕੋਲ ਸਿਰਫ਼ ਜੈਤੂਨ ਦੇ ਤੇਲ ਦਾ ਇੱਕ ਮਰਤਬਾਨ ਹੈ।"
3 ਤੱਦ ਅਲੀਸ਼ਾ ਨੇ ਕਿਹਾ, "ਤੂੰ ਜਾਹ ਤੇ ਜਾਕੇ ਆਪਣੇ ਸਾਰੇ ਗੁਆਂਢੀਆਂ ਕੋਲੋਂ ਖਾਲੀ ਭਾਂਡੇ ਮੰਗ ਲਿਆ। ਉਹ ਵੀ ਖਾਲੀ ਹੀ ਹੋਣਗੇ। ਤੂੰ ਕਾਫ਼ੀ ਸਾਰੇ ਭਾਂਡੇ ਇਕੱਠੇ ਕਰ ਲੈ।
4 ਫ਼ਿਰ ਆਪਣੇ ਘਰ ਜਾਕੇ ਆਪਣਾ ਦਰਵਾਜ਼ਾ ਅੰਦਰੋਂ ਬੰਦ ਕਰ ਲਵੀਂ। ਸਿਰਫ਼ ਤੂੰ ਤੇ ਤੇਰੇ ਪੁੱਤਰ ਹੀ ਘਰ ਵਿੱਚ ਰਹਿਣ ਤੇ ਫ਼ਿਰ ਉਹ ਤੇਲ ਸਾਰੇ ਭਾਂਡਿਆਂ ਵਿੱਚ ਪਾ ਦੇਵੀਂ। ਉਨ੍ਹਾਂ ਭਾਂਡਿਆਂ ਨੂੰ ਤੇਲ ਨਾਲ ਭਰਕੇ ਇੱਕ ਪਾਸੇ ਰੱਖ ਦੇਵੀਂ।"
5 ਤਾਂ ਉਹ ਔਰਤ ਅਲੀਸ਼ਾ ਨਾਲ ਗੱਲ ਕਰਕੇ ਆਪਣੇ ਘਰ ਗਈ ਅਤੇ ਅੰਦਰ ਜਾਕੇ ਦਰਵਾਜ਼ਾ ਬੰਦ ਕਰ ਲਿੱਤਾ। ਉਸਦੇ ਪੁੱਤਰਾਂ ਨੇ ਭਾਂਡੇ ਲਿਆਂਦੇ ਅਤੇ ਉਸਨੇ ਉਨ੍ਹਾਂ ਵਿੱਚ ਤੇਲ ਭਰਿਆ।
6 ਉਸਨੇ ਬਹੁਤ ਸਾਰੇ ਭਾਂਡੇ ਭਰ ਲਿੱਤੇ। ਅਖੀਰ ਵਿੱਚ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, "ਮੈਨੂੰ ਹੋਰ ਭਾਂਡਾ ਲਿਆਕੇ ਦੇ।"ਪਰ ਸਾਰੇ ਭਾਂਡੇ ਭਰ ਚੁੱਕੇ ਸਨ। ਉਸਦੇ ਪੁੱਤਰਾਂ ਵਿੱਚੋਂ ਇੱਕ ਨੇ ਕਿਹਾ, "ਹੋਰ ਭਾਂਡੇ ਨਹੀਂ ਹੈਗੇ।" ਤਾਂ ਉਸ ਵਕਤ ਮਰਤਬਾਨ ਵਾਲਾ ਤੇਲ ਖਤਮ ਹੋ ਗਿਆ।
7 ਤੱਦ ਉਹ ਔਰਤ ਪਰਮੇਸ਼ੁਰ ਦੇ ਮਨੁੱਖ ਕੋਲ ਆਈ ਅਤੇ ਤੇ ਆਕੇ ਉਸਨੂੰ (ਅਲੀਸ਼ਾ) ਸਾਰਾ ਹਾਲ ਦੱਸਿਆ ਕਿ ਕੀ ਵਾਪਰਿਆ ਹੈ। ਤਾਂ ਅਲੀਸ਼ਾ ਨੇ ਉਸਨੂੰ ਕਿਹਾ, "ਜਾ, ਹੁਣ ਜਾਕੇ ਇਹ ਤੇਲ ਵੇਚ ਅਤੇ ਆਪਣਾ ਉਧਾਰ ਉਤਾਰ। ਇਹ ਤੇਲ ਵਿਕਣ ਤੋਂ ਬਾਅਦ ਤੇਰਾ ਉਧਾਰ ਵੀ ਲਬ੍ਬ ਜਾਵੇਗਾ ਤੇ ਬਾਕੀ ਜੋ ਪੈਸੇ ਬਚਣਗੇ ਉਸ ਨਾਲ ਤੇਰਾ ਤੇ ਤੇਰੇ ਪੁੱਤਰਾਂ ਦਾ ਗੁਜ਼ਾਰਾ ਹੋ ਜਾਵੇਗਾ।"
8 ਇੱਕ ਦਿਨ ਅਲੀਸ਼ਾ ਸ਼ੂਨੇਮ ਵੱਲੋਂ ਦੀ ਲੰਘਿਆ। ਉੱਥੇ ਇੱਕ ਮਹੱਤਵਪੂਰਣ ਔਰਤ ਹਿਂਦੀ ਸੀ ਜਿਸਨੇ ਅਲੀਸ਼ਾ ਨੂੰ ਰਾਤ ਉੱਥੇ ਠਹਿਰਨ ਤੇ ਆਪਣੇ ਘਰ ਭੋਜਨ ਕਰਨ ਲਈ ਆਖਿਆ। ਤਾਂ ਫ਼ਿਰ ਜਦੋਂ ਵੀ ਅਲੀਸ਼ਾ ਉਸ ਰਾਹ ਤੋਂ ਦੀ ਲੰਘਦਾ ਰੋਟੀ ਖਾਣ ਲਈ ਉਹ ਉਸ ਘਰੇ ਰੁਕ ਜਾਂਦਾ।
9 ਉਸ ਔਰਤ ਨੇ ਆਪਣੇ ਪਤੀ ਨੂੰ ਕਿਹਾ, "ਵੇਖੋ! ਉਹ ਮਨੁੱਖ ਜਿਸਦਾ ਨਾਂ ਅਲੀਸ਼ਾ ਹੈ, ਜੋ ਕਿ ਅਕਸਰ ਇਸ ਰਾਹ ਤੋਂ ਦੀ ਲੰਘਦਾ ਹੈ, ਪਰਮੇਸ਼ੁਰ ਦਾ ਕੋਈ ਪਵਿੱਤਰ ਮਨੁੱਖ ਹੈ।
10 ਆਪਾਂ ਛੱਤ ਉੱਪਰ ਉਸ ਲਈ ਇੱਕ ਕਮਰਾ ਪਾ ਦੇਈਏ ਅਤੇ ਉਸਦੇ ਕਮਰੇ ਵਿੱਚ ਇੱਕ ਮਂਜਾ, ਇੱਕ ਮੇਜ ਤੇ ਕੁਰਸੀ ਅਤੇ ਇੱਕ ਲਾਲਟੇਨ ਰੱਖ ਦੇਈਏ। ਇਉਂ ਫ਼ਿਰ ਉਹ ਜਦੋਂ ਕਦੇ ਵੀ ਇਸ ਰਾਹ ਤੋਂ ਦੀ ਜਾਵੇਗਾ, ਉਹ ਇਸ ਕਮਰੇ ਦੀ ਵਰਤੋਂ ਕਰ ਸਕਦਾ ਹੈ।"
11 ਇੱਕ ਦਿਨ ਅਲੀਸ਼ਾ ਉਸ ਔਰਤ ਦੇ ਘਰ ਗਿਆ ਅਤੇ ਉਸ ਕਮਰੇ ਵਿੱਚ ਬੋੜੀ ਦੇਰ ਰੁਕ ਕੇ ਉਸਨੇ ਅਰਾਮ ਕੀਤਾ।
12 ਤੱਦ ਅਲੀਸ਼ਾ ਨੇ ਆਪਣੇ ਸੇਵਕ ਗੇਹਾਜ਼ੀ ਨੂੰ ਆਖਿਆ, "ਇਸ ਸ਼ੂਨੰਮੀ ਔਰਤ ਨੂੰ ਸੱਦ ਕੇ ਲਿਆ।"ਸੇਵਕ ਨੇ ਉਸ ਸ਼ੂਨੰਮੀ ਔਰਤ ਨੂੰ ਸਦਿਆ ਤਾਂ ਉਹ ਅਲੀਸ਼ਾ ਦੇ ਸਾਮ੍ਹਣੇ ਆਕੇ ਖੜੋ ਗਈ।
13 ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, "ਇਸ ਔਰਤ ਨੂੰ ਆਖ ਕਿ, 'ਤੂੰ ਆਪਣੇ ਵੱਲੋਂ ਸਾਡੀ ਪੂਰੀ ਆਓ-ਭਗਤੀ ਕੀਤੀ ਹੈ ਸੋ ਦੱਸ ਹੁਣ ਅਸੀਂ ਤੇਰੇ ਲਈ ਕੀ ਕਰੀਏ? ਕੀ ਅਸੀਂ ਪਾਤਸ਼ਾਹ ਨਾਲ ਜਾਂ ਸੈਨਾਪਤੀ ਨਾਲ ਤੇਰੇ ਲਈ ਗੱਲ ਕਰੀਏ?"'ਉਹ ਔਰਤ ਬੋਲੀ, "ਮੈਂ ਤਾਂ ਇੱਥੇ ਆਪਣੇ ਲੋਕਾਂ ਵਿਚਕਾਰ ਹੱਸਦੀ ਵੱਸਦੀ ਹਾਂ।"
14 ਤਾਂ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, "ਤਾਂ ਫ਼ਿਰ ਇਸ ਲਈ ਕੀ ਕੀਤਾ ਜਾਵੇ?"ਗੇਹਾਜੀ ਨੇ ਆਖਿਆ, "ਮੈਂ ਜਾਣਦਾ ਹਾਂ ਕਿ ਇਸ ਔਰਤ ਦਾ ਕੋਈ ਪੁੱਤਰ ਨਹੀਂ ਹੈ ਤੇ ਇਸਦਾ ਪਤੀ ਕਾਫ਼ੀ ਬਿਰਧ ਹੋ ਚੁੱਕਾ ਹੈ।"
15 ਤੱਦ ਅਲੀਸ਼ਾ ਨੇ ਕਿਹਾ, "ਉਸ ਨੂੰ ਇੱਥੇ ਬੁਲਾ।"ਤਾਂ ਗੇਹਾਜੀ ਨੇ ਉਸ ਔਰਤ ਨੂੰ ਬੁਲਾਇਆ ਤਾਂ ਉਹ ਆਕੇ ਉਸਦੇ ਦਰਵਾਜ਼ੇ ਕੋਲ ਖੜੋ ਗਈ।
16 ਅਲੀਸ਼ਾ ਨੇ ਉਸਨੂੰ ਕਿਹਾ, "ਇਸੇ ਰੁੱਤ ਬਸੰਤ ਦੇ ਦਿਨਾਂ ਦੇ ਕੋਲ ਤੇਰੀ ਆਪਣੀ ਗੋਦ ਵਿੱਚ ਪੁੱਤਰ ਹੋਵੇਗਾ ਜਿਸ ਨਾਲ ਤੂੰ ਕਲੋਲ ਕਰੇਗੀ।"ਉਹ ਬੋਲੀ , "ਨਹੀਂ ਮੇਰੇ ਸੁਆਮੀ , ਪਰਮੇਸ਼ੁਰ ਦੇ ਮਨੁੱਖ ਆਪਣੀ ਟਹਿਲਣ ਨਾਲ ਝੂਠ ਨਾ ਬੋਲ।"
17 ਪਰ ਉਹ ਔਰਤ ਗਰਭਵਤੀ ਹੋਈ ਤੇ ਉਸੇ ਬਸੰਤ ਦੇ ਮੌਸਮ ਉਸਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਵੇਂ ਕਿ ਅਲੀਸ਼ਾ ਦਾ ਵਾਕ ਸੀ।
18 ਕੁਝ ਦੇਰ ਬਾਅਦ ਬੱਚਾ ਵੱਡਾ ਹੋਇਆ। ਇੱਕ ਦਿਨ ਉਹ ਬਾਲ ਆਪਣੇ ਪਿਓ ਨੂੰ ਤੇ ਵਾਢਿਆ ਨੂੰ ਵੇਖਣ ਖੇਤਾਂ ਵਿੱਚ ਚਲਾ ਗਿਆ।
19 ਉਸ ਬਾਲਕ ਨੇ ਆਪਣੇ ਪਿਓ ਨੂੰ ਕਿਹਾ, "ਹਾਏ! ਮੇਰਾ ਸਿਰ! ਹਾਏ ਮੇਰਾ ਸਿਰ ਦੁੱਖਦਾ ਹੈ।"ਪਿਤਾ ਨੇ ਆਪਣੇ ਟਹਿਲੂੇ ਨੂੰ ਕਿਹਾ, "ਜਾ, ਇਸਨੂੰ ਇਸਦੀ ਮਾਂ ਕੋਲ ਛੱਡ ਆ।"
20 ਸੇਵਕ ਉਸ ਬਾਲ ਨੂੰ ਉਸਦੀ ਮਾਂ ਕੋਲ ਛੱਡ ਆਇਆ। ਦੁਪਿਹਰ ਤੱਕ ਬਾਲ ਆਪਣੀ ਮਾਂ ਦੀ ਗੋਦ ਵਿੱਚ ਲੇਟਿਆ ਰਿਹਾ ਤੇ ਫਿਰ ਉਹ ਮਰ ਗਿਆ।
21 ਉਸ ਔਰਤ ਨੇ ਮੋਏ ਹੋਏ ਬਾਲ ਨੂੰ ਅਲੀਸ਼ਾ ਦੇ ਮੰਜੇ ਉੱਪਰ ਪਾ ਦਿੱਤਾ। ਉਸਨੇ ਉਹ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪ ਬਾਹਰ ਚਲੀ ਗਈ।
22 ਉਸਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਆਖਿਆ, "ਕਿਰਪਾ ਕਰਕੇ ਮੈਨੂੰ ਇੱਕ ਸੇਵਕ ਤੇ ਇੱਕ ਗਧਾ ਦੇ ਤਾਂ ਜੋ ਮੈਂ ਛੇਤੀ ਨਾਲ ਪਰਮੇਸ਼ੁਰ ਦੇ ਮਨੁੱਖ ਕੋਲ ਜਾਵਾਂ ਤੇ ਮੁੜ ਜਲਦੀ ਹੀ ਪਰਤ ਆਵਾਂ।"
23 ਉਸ ਔਰਤ ਦੇ ਪਤੀ ਨੇ ਕਿਹਾ, "ਤੂੰ ਅੱਜ ਹੀ ਪਰਮੇਸ਼ੁਰ ਦੇ ਮਨੁੱਖ ਕੋਲ ਕਿਉਂ ਜਾਣਾ ਚਾਹੁੰਦੀ ਹੈਂ? ਨਾ ਤਾਂ ਅੱਜ ਨਵਾਂ ਚਂਦ ਹੈ ਤੇ ਨਾ ਹੀ ਸਬਾਤ ਦਾ ਦਿਨ?"ਉਸਨੇ ਕਿਹਾ, "ਫ਼ਿਕਰ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ।"
24 ਤੱਦ ਉਸਨੇ ਗਧੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕ ਨੂੰ ਆਖਿਆ, "ਜਲਦੀ ਕਰ, ਤੇ ਚੱਲੀਏ। ਜਦੋਂ ਤੀਕ ਮੈਂ ਤੈਨੂੰ ਨਾ ਆਖਾਂ ਪਸ਼ੂ ਨੂੰ ਹੌਲੀ ਨਾ ਕਰੀਂ।"
25 ਤੱਦ ਉਹ ਔਰਤ ਕਰਮਲ ਦੇ ਪਰਬਤ ਤੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਕੋਲ ਗਈ।ਜਦੋਂ ਪਰਮੇਸ਼ੁਰ ਦੇ ਮਨੁੱਖ ਨੇ ਉਸ ਔਰਤ ਨੂੰ ਦੂਰੋ ਆਉਂਦਿਆਂ ਵੇਖਿਆ ਤਾਂ ਉਸਨੇ ਆਪਣੇ ਸੇਵਕ ਗੇਹਾਜੀ ਨੂੰ ਕਿਹਾ, "ਵੇਖ! ਉਹ ਸ਼ੂਨੰਮੀ ਔਰਤ ਹੈ।
26 ਤੂੰ ਹੁਣ ਭੱਜ ਕੇ ਉਸਨੂੰ ਮਿਲ ਤੇ ਉਸਨੂੰ ਪੁੱਛ ਕਿ ਕੀ ਉਹ ਠੀਕ ਰਾਜੀ-ਖੁਸ਼ੀ ਤਾਂ ਹੈ? ਕੀ ਉਸਦਾ ਪਤੀ ਠੀਕ ਹੈ? ਕੀ ਉਸਦਾ ਬੱਚਾ ਰਾਜੀ ਹੈ?"ਗੇਹਾਜੀ ਨੇ ਇਹ ਸਭ ਗੱਲਾਂ ਜਾਕੇ ਉਸ ਔਰਤ ਨੂੰ ਕਹੀਆਂ ਉਸ ਔਰਤ ਨੇ ਕਿਹਾ, "ਸਭ ਸੁੱਖ-ਸਾਂਦ ਹੈ।"
27 ਪਰ ਜਦੋਂ ਉਹ ਪਰਮੇਸ਼ੁਰ ਦੇ ਮਨੁੱਖ ਕੋਲ ਪਰਬਤ ਉੱਤੇ ਆਈ ਤਾਂ ਉਸਨੇ ਉਸਦੇ ਪੈਰ ਫ਼ਢ਼ ਲੇ ਅਤੇ ਗੇਹਾਜੀ ਉਸਨੂੰ ਪਰੇ ਹਟਾਉਣ ਲਈ ਨੇੜੇ ਆਇਆ, ਪਰ ਪਰਮੇਸ਼ੁਰ ਦੇ ਮਨੁੱਖ ਨੇ ਆਖਿਆ, "ਉਸਨੂੰ ਰਹਿਣ ਦੇ, ਮਨ੍ਹਾ ਨਾ ਕਰ ਕਿਉਂ ਜੁ ਉਸਦਾ ਮਨ ਭਰਿਆ ਹੋਇਆ ਹੈ ਅਤੇ ਯਹੋਵਾਹ ਨੇ ਮੇਰੇ ਤੋਂ ਇਹ ਖਬਰ ਛੁਪਾਈ ਹੈ ਤੇ ਮੈਨੂੰ ਦੱਸਿਆ ਨਹੀਂ।"
28 ਤੱਦ ਸ਼ੂਨੰਮੀ ਔਰਤ ਨੇ ਕਿਹਾ, "ਹੇ ਸੁਆਮੀ! ਮੈਂ ਤਾਂ ਕਦੇ ਪੁੱਤਰ ਦਾ ਵਰ ਤੁਹਾਡੇ ਤੋਂ ਨਹੀਂ ਸੀ ਮੰਗਿਆ। ਮੈਂ ਪਹਿਲਾਂ ਵੀ ਆਖਿਆ ਸੀ, 'ਮੈਨੂੰ ਗੁਮਰਾਹ ਨਾ ਕਰੋ।"'
29 ਤੱਦ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, "ਤਿਅਰ ਹੋ, ਮੇਰੀ ਲਾਠੀ ਆਪਣੇ ਹੱਥ ਵਿੱਚ ਫ਼ੜ ਕੇ ਜਾਹ। ਰਾਹ 'ਚ ਕਿਸੇ ਵਿਅਕਤੀ ਨਾਲ ਗੱਲ ਕਰਨ ਲਈ ਨਾ ਰੁਕੀ ਜੇਕਰ ਰਾਹ 'ਚ ਕੋਈ ਸ਼ੁਭਕਾਮਨਵਾਂ ਦੇਵੇ, ਤਾਂ ਉਸ ਨੂੰ ਸ਼ੁਭਕਾਮਨਵਾਂ ਨਾ ਦੇਵੀਂ। ਫੇਰ ਮੇਰੀ ਸੋਟੀ ਭਚੇ ਦੇ ਮੂੰਹ ਉੱਤੇ ਪਾ ਦੇਵੀ ਜੇਕਰ ਰਾਹ ਵਿੱਚ ਤੈਨੂੰ ਕੋਈ ਕੁਝ ਪੁੱਛੇ ਉਸਨੂੰ ਉੱਤਰ ਨਾ ਦੇਵੀਂ।
30 ਪਰ ਬੱਚੇ ਦੀ ਮਾਂ ਨੇ ਆਖਿਆ, "ਜਿਉਂਦੇ ਯਹੋਵਾਹ ਦੀ ਅਤੇ ਤੇਰੀ ਸਹੁੰ ਕਿ ਮੈਂ ਤੈਨੂੰ ਨਹੀਂ ਛੱਡਾਂਗੀ।"ਤਾਂ ਅਲੀਸ਼ਾ ਉਥੋਂ ਉੱਠ ਕੇ ਉਸਦੇ ਮਗਰ ਤੁਰ ਪਿਆ।
31 ਗੇਹਾਜੀ ਅਲੀਸ਼ਾ ਤੋਂ ਪਹਿਲਾਂ ਪਹੁੰਚ ਗਿਆ, ਉਸਨੇ ਬੱਚੇ ਦੇ ਮੂੰਹ ਤੇ ਸੋਟੀ ਪਾਈ ਪਰ ਨਾ ਕੋਈ ਆਵਾਜ਼ ਸੀ ਨਾ ਬੱਚੇ ਨੂੰ ਕੋਈ ਸੁਰਤ ਸੀ। ਇਸ ਲਈ ਉਹ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਦੱਸਿਆ, "ਬ੍ਬੱਚਾ ਨਹੀਂ ਜਾਗਿਆ।"
32 ਜਦ ਅਲੀਸ਼ਾ ਘਰ ਵਿੱਚ ਆਇਆ ਤਾਂ ਉਸ ਨੇ ਵੇਖਿਆ ਕਿ ਮੋਇਆ ਹੋਇਆ ਬਾਲ ਉਸਦੇ ਮੰਜੇ ਤੇ ਪਿਆ ਹੋਇਆ ਸੀ।
33 ਅਲੀਸ਼ਾ ਕਮਰੇ ਅੰਦਰ ਗਿਆ ਅਤੇ ਅੰਦਰੋਂ ਉਸਨੇ ਦਰਵਾਜ਼ਾ ਬੰਦ ਕਰ ਲਿੱਤਾ। ਹੁਣ ਉਹ ਬਾਲ ਤੇ ਅਲੀਸ਼ਾ ਕਮਰੇ ਵਿੱਚ ਇਕੱਲੇ ਸਨ ਤੱਦ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ।
34 ਤੱਦ ਉਹ ਮੰਜੇ ਉੱਪਰ ਚਢ਼ਕੇ ਬਾਲਕ ਉੱਪਰ ਲੇਟ ਗਿਆ ਅਤੇ ਉਸਨੇ ਆਪਣਾ ਮੂੰਹ ਬਾਲਕ ਦੇ ਮੂੰਹ ਉੱਪਰ, ਆਪਣੀਆਂ ਅੱਖੀਆਂ ਉਸ ਦੀਆਂ ਅੱਖੀਆਂ ਉੱਪਰ ਅਤੇ ਆਪਣੇ ਹੱਥ ਉਸਦੇ ਹੱਥਾਂ ਉੱਪਰ ਰੱਖੇ ਤੇ ਉਸ ਬੱਚੇ ਦੇ ਸ਼ਰੀਰ ਉੱਪਰ ਪੱਸਰ ਕੇ ਉਸਦੇ ਸ਼ਰੀਰ ਨੂੰ ਨਿੱਘ ਦਿੱਤਾ ਤਾਂ ਬੱਚੇ ਦਾ ਸ਼ਰੀਰ ਨਿੱਘਾ ਹੋ ਗਿਆ।
35 ਫ਼ੇਰ ਅਲੀਸ਼ਾ ਉਥੋਂ ਹਟ ਕੇ ਕਮਰੇ ਵਿੱਚ ਇੱਧਰ ਉੱਧਰ ਟਹਿਲਣ ਲੱਗਾ ਫ਼ਿਰ ਉਹ ਵਾਪਸ ਜਾਕੇ ਬਾਲਕ ਦੇ ਸ਼ਰੀਰ ਉੱਪਰ ਲੇਟ ਗਿਆ ਅਤੇ ਫ਼ੇਰ ਬੱਚੇ ਨੇ ਸੱਤ ਵਾਰੀ ਛਿਕਿਆ ਅਤੇ ਉਸ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ।
36 ਤੱਦ ਅਲੀਸ਼ਾ ਨੇ ਗੇਹਾਜੀ ਨੂੰ ਬੁਲਾਇਆ ਅਤੇ ਕਿਹਾ, "ਜਾ, ਉਸ ਸ਼ੂਨੰਮੀ ਨੂੰ ਸੱਦ ਕੇ ਲਿਆ।"ਗੇਹਾਜੀ ਉਸ ਨੂੰ ਸੱਦ ਲਿਆਇਆ, ਤਾਂ ਉਹ ਅਲੀਸ਼ਾ ਕੋਲ ਆਈ। ਫੇਰ ਅਲੀਸ਼ਾ ਨੇ ਉਸਨੂੰ ਕਿਹਾ, "ਹੁਣ ਤੂੰ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਸਕਦੀ ਹੈ।"
37 ਤੱਦ ਸ਼ੂਨੰਮੀ ਔਰਤ ਅੰਦਰ ਕਮਰੇ 'ਚ ਆਈ ਅਤੇ ਆਕੇ ਉਸ ਪਹਿਲਾਂ ਅਲੀਸ਼ਾ ਦੇ ਚਰਣ ਛੂਹੇ ਫ਼ਿਰ ਉਸਨੇ ਆਪਣੇ ਪੁੱਤਰ ਨੂੰ ਕੁਛ੍ਛੜ ਚੁਕਿਆ ਅਤੇ ਬਾਹਰ ਆ ਗਈ।
38 ਫ਼ਿਰ ਅਲੀਸ਼ਾ ਗਿਲਗਾਲ ਨੂੰ ਮੁੜਿਆ, ਉਸ ਵਕਤ ਦੇਸ਼ ਵਿੱਚ ਕਾਲ ਪਿਆ ਹੋਇਆ ਸੀ। ਉੱਥੇ ਨਬੀ ਅਤੇ ਨਬੀਆਂ ਦੇ ਪੁੱਤਰਾਂ ਦਾ ਟੋਲਾ ਉਸ ਦੇ ਸਾਮ੍ਹਣੇ ਬੈਠਿਆ ਹੋਇਆ ਸੀ। ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, "ਭੱਠੀ ਉੱਪਰ ਵੱਡੀ ਦੇਗ ਚੜਾ ਅਤੇ ਇਨ੍ਹਾਂ ਸਾਰੇ ਨਬੀਆਂ ਲਈ ਸ਼ੋਰਬਾ ਤਿਆਰ ਕਰ।"
39 ਉਨ੍ਹਾਂ ਵਿੱਚੋਂ ਇੱਕ ਆਦਮੀ ਸ਼ੋਰਬੇ ਲਈ ਖੇਤ ਵਿੱਚ ਸਬਜ਼ੀਆਂ ਲੈਣ ਗਿਆ। ਉੱਥੇ ਉਸਨੂੰ ਜੰਗਲੀ ਵੇਲ ਲੱਭੀ ਉਸ ਤੋਂ ਉਹ ਫ਼ਲ ਤੋੜ ਲਿਆਇਆ। ਉਸਨੇ ਉਹ ਫ਼ਲ ਤੋੜਕੇ ਆਪਣੇ ਝੋਲੇ ਵਿੱਚ ਭਰ ਲਿੱਤੇ ਤੇ ਵਾਪਸ ਆਕੇ ਉਨ੍ਹਾਂ ਦੀਆਂ ਫ਼ਾੜੀਆਂ ਕਰਕੇ ਉਨ੍ਹਾਂ ਨੂੰ ਉਬ੍ਬਲਦੀ ਦੇਗ ਵਿੱਚ ਸ਼ੋਰਬੇ ਲਈ ਪਾ ਦਿੱਤਾ। ਪਰ ਨਬੀਆਂ ਦੇ ਉਸ ਟੋਲੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਕਿਸ ਕਿਸਮ ਦੇ ਫ਼ਲ ਹਨ।
40 ਫ਼ਿਰ ਉਨ੍ਹਾਂ ਨੇ ਸਭਨਾਂ ਦੇ ਖਾਣ ਲਈ ਸ਼ੋਰਬਾ ਸਭ ਦੇ ਅੱਗੇ ਪਰੋਸਿਆ ਪਰ ਜਦੋਂ ਹੀ ਉਹ ਸ਼ੋਰਬੇ ਨੂੰ ਚਖਣ ਲੱਗੇ ਤੇ ਚਖਿਆ ਤਾਂ ਉਹ ਚੀਕ ਉੱਠੇ ਕਿ ਹੇ ਪਰਮੇਸ਼ੁਰ ਦੇ ਮਨੁੱਖ ਇਹ ਦੇਗ ਵਿੱਚ ਸ਼ੋਰਬਾ ਨਹੀਂ ਮੌਤ ਹੈ। ਕਿਉਂ ਕਿ ਇਸਦਾ ਸੁਆਦ ਬਿਲਕੁਲ ਜ਼ਹਿਰ ਵਰਗਾ ਹੈ ਤਾਂ ਉਹ ਸ਼ੋਰਬਾ ਖਾ ਨਾ ਸਕੇ।
41 ਪਰ ਅਲੀਸ਼ਾ ਨੇ ਕਿਹਾ, "ਕੁਝ ਆਟਾ ਲਿਆਓ।" ਤਾਂ ਉਨ੍ਹਾਂ ਨੇ ਕੁਝ ਆਟਾ ਲਿਆਕੇ ਉਸਨੂੰ ਦਿੱਤਾ। ਤਾਂ ਉਸਨੇ ਉਹ ਆਟਾ ਉਸ ਸ਼ੋਰਬੇ ਦੀ ਦੇਗ ਵਿੱਚ ਸੁੱਟ ਦਿੱਤਾ। ਤੱਦ ਅਲੀਸ਼ਾ ਨੇ ਆਖਿਆ, "ਹੁਣ ਤੁਸੀਂ ਲੋਕਾਂ ਨੂੰ ਇਹ ਦੇਗ ਮੁੜ ਤੋਂ ਪਰੋਸੋ। ਤਾਂ ਜੋ ਉਹ ਆਪਣਾ ਪੇਟ ਭਰ ਸਕਣ।"ਅਲੀਸ਼ਾ ਦਾ ਨਬੀਆਂ ਦੇ ਟੋਲੇ ਨੂੰ ਭੋਜ ਕਰਾਉਣਾ
42 ਬਆਲ ਸ਼ਲੀਸ਼ਾਹ ਤੋਂ ਇੱਕ ਮਨੁੱਖ ਆਪਣੇ ਖੇਤ ਦੀ ਪਹਿਲੀ ਫ਼ਸਲ ਵਿੱਚੋਂ ਜੌਆਂ ਦੀਆਂ ਰੋਟੀਆਂ ਦੇ 20 ਟੁਕੜੇ ਅਤੇ ਆਪਣੇ ਝੋਲੇ ਵਿੱਚ ਅਲੀਸ਼ਾ ਲਈ ਤਾਜ਼ਾ ਅਨਾਜ਼ ਲਿਆਇਆ। ਤੱਦ ਅਲੀਸ਼ਾ ਨੇ ਕਿਹਾ, "ਇਹ ਭੋਜਨ ਲੋਕਾਂ ਵਿੱਚ ਵੰਡ ਦੇ, ਤਾਂ ਜੋ ਉਹ ਖਾ ਸਕਣ।"
43 ਪਰ ਉਸਦੇ ਸੇਵਕ ਨੇ ਆਖਿਆ, "ਭਲਾ ਮੈਂ 100 ਆਦਮੀਆਂ ਦੇ ਅੱਗੇ ਇਹ ਕਿਵੇਂ ਪਰੋਸ ਸਕਦਾ ਹਾਂ!"ਪਰ ਅਲੀਸ਼ਾ ਨੇ ਕਿਹਾ, "ਤੂੰ ਲੋਕਾਂ ਨੂੰ ਇਹ ਦੇ ਤਾਂ ਜੋ ਉਹ ਖਾਣ। ਯਹੋਵਾਹ ਫ਼ਰਮਾਉਂਦਾ ਹੈ ਕਿ ਜਦੋਂ ਉਹ ਖਾਣਗੇ ਤਾਂ ਬਾਕੀ ਹੀ ਛੱਡਣਗੇ ਰੋਟੀਆਂ ਬੁੜਣਗੀਆਂ ਨਹੀਂ।"
44 ਤੱਦ ਅਲੀਸ਼ਾ ਦੇ ਸੇਵਕ ਨੇ ਉਹ ਭੋਜਨ ਨਬੀਆਂ ਦੇ ਟੋਲੇ ਅੱਗੇ ਪਰੋਸ ਦਿੱਤਾ। ਉਨ੍ਹਾਂ ਨੇ ਜੀਅ ਭਰਕੇ ਖਾਧਾ। ਤੱਦ ਵੀ ਕਿੰਨਾ ਭੋਜਨ ਬਚ ਗਿਆ। ਇਹ ਸਭ ਕੁਝ ਯਹੋਵਾਹ ਦੇ ਕਹੇ ਮੁਤਾਬਕ ਉਵੇਂ ਹੀ ਹੋਇਆ।