ਕਜ਼ਾૃं

1 2 3 4 5 6 7 8 9 10 11 12 13 14 15 16 17 18 19 20 21

0:00
0:00

ਕਾਂਡ 21

ਇਸਰਾਏਲ ਦਿਆਂ ਲੋਕਾਂ ਨੇ ਮਿਸਫਾਹ ਵਿੱਚ ਸੌਂਹ ਖਾਧੀ ਸੀ ਭਈ ਸਾਡੇ ਵਿੱਚੋਂ ਕੋਈ ਆਪਣੀ ਧੀ ਬਿਨਯਾਮੀਨ ਵਿੱਚ ਵਿਆਹੁਣ ਲਈ ਨਾ ਦੇਵੇਗਾ।
2 ਲੋਕ ਬੈਤੇਲ ਵਿੱਚ ਆਏ ਅਤੇ ਸੰਧਿਆਂ ਤੋੜੀ ਉੱਥੇ ਪਰਮੇਸ਼ੁਰ ਦੇ ਅੱਗੇ ਬੈਠੇ ਰਹੇ ਅਤੇ ਉੱਚੀ ਅਵਾਜ਼ ਨਾਲ ਡਾਢੇ ਰੋਏ।
3 ਅਤੇ ਬੋਲੇ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਇਸਰਾਏਲ ਉੱਤੇ ਏਹ ਕੀ ਅਨਰਥ ਆਇਆ ਜੋ ਇਸਰਾਏਲ ਵਿੱਚੋਂ ਅੱਜ ਇੱਕ ਗੋਤ ਘਟ ਗਿਆ?
4 ਤਾਂ ਅਜਿਹਾ ਹੋਇਆ ਜੋ ਅਗਲੇ ਭਲਕ ਲੋਕਾਂ ਨੇ ਸਵੇਰੇ ਉੱਠ ਕੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ।
5 ਅਤੇ ਇਸਰਾਏਲੀਆਂ ਨੇ ਆਖਿਆ, ਜੋ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਕਿਹੜਾ ਹੈ ਜੋ ਯਹੋਵਾਹ ਦੇ ਸਨਮੁਖ ਸਭਾ ਦੇ ਨਾਲ ਹੀ ਨਹੀਂ ਚੜ੍ਹ ਆਇਆ ਕਿਉਂ ਜੋ ਉਨ੍ਹਾਂ ਨੇ ਡਾਢੀ ਸੌਂਹ ਖਾਧੀ ਸੀ ਭਈ ਜਿਹੜਾ ਕੋਈ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਨਾ ਆਵੇਗਾ ਸੋ ਨਿਸੰਗ ਵੱਢਿਆ ਜਾਵੇਗਾ।
6 ਸੋ ਇਸਰਾਏਲ ਆਪਣੇ ਭਰਾ ਬਿਨਯਾਮੀਨ ਦੇ ਕਾਰਨ ਪਛਤਾਏ ਅਤੇ ਬੋਲੇ ਜੋ ਅੱਜ ਇਸਰਾਏਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ।
7 ਅਤੇ ਜਿਹੜੇ ਬਚੇ ਰਹੇ ਹਨ ਉਨ੍ਹਾਂ ਨੂੰ ਅਸੀਂ ਕਿੱਥੋਂ ਵਹੁਟੀਆਂ ਦੇਈਏ ਕਿਉਂ ਜੋ ਅਸਾਂ ਤਾਂ ਯਹੋਵਾਹ ਦੀ ਸੌਂਹ ਖਾਧੀ ਹੈ ਜੋ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹੁਣ ਲਈ ਨਹੀਂ ਦੇਣੀਆਂ।
8 ਤਾਂ ਉਨ੍ਹਾਂ ਨੇ ਆਖਿਆ, ਇਸਰਾਏਲੀਆਂ ਵਿੱਚੋਂ ਕਿਹੜਾ ਗੋਤ ਹੈ ਜੋ ਮਿਸਫਾਹ ਵਿੱਚ ਯਹੋਵਾਹ ਦੇ ਸਨਮੁਖ ਨਹੀਂ ਚੜ੍ਹ ਆਇਆ? ਤਾਂ ਵੇਖੋ, ਸਭਾ ਵਿੱਚ ਇਕੱਠੇ ਹੋਣ ਲਈ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਉੱਥੇ ਕੋਈ ਨਹੀਂ ਆਇਆ ਸੀ।
9 ਕਿਉਂ ਜੋ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਸੀ ਤਾਂ ਵੇਖੋ, ਯਾਬੇਸ਼-ਗਿਲਆਦ ਦੇ ਵਾਸਿਆਂ ਵਿੱਚੋਂ ਕੋਈ ਨਾ ਲੱਭਾ।
10 ਤਦ ਸਭਾ ਨੇ ਬਾਰਾਂ ਹਜ਼ਾਰ ਸੂਰਮੇ ਮਨੁੱਖ ਤੋਰ ਕੇ ਉਨ੍ਹਾਂ ਨੂੰ ਆਗਿਆ ਦਿੱਤੀ ਜੋ ਯਾਬੇਸ਼-ਗਿਲਆਦ ਦੇ ਵਾਸੀਆਂ ਨੂੰ ਤੀਵੀਆਂ ਅਤੇ ਬਾਲਕਾਂ ਸਣੇ ਤਲਵਾਰ ਦੀ ਧਾਰ ਨਾਲ ਜਾ ਕੇ ਵੱਢ ਸੁੱਟੋ।
11 ਅਤੇ ਇਹ ਕੰਮ ਕਰਨਾ ਜੋ ਸਾਰਿਆਂ ਪੁਰਸ਼ਾਂ ਅਤੇ ਉਨ੍ਹਾਂ ਤੀਵੀਆਂ ਨੂੰ ਜਿਨ੍ਹਾਂ ਮਨੁੱਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ।
12 ਸੋ ਉਨ੍ਹਾਂ ਨੇ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਚਾਰ ਸੌ ਕੁਆਰੀਆਂ ਲੱਭੀਆਂ ਜਿਹੜੀਆਂ ਮਨੁੱਖਾਂ ਤੋਂ ਅਣਜਾਣ ਸਨ ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ। ਓਹ ਉਨ੍ਹਾਂ ਨੂੰ ਕਨਾਨ ਦੇ ਦੇਸ ਵਿੱਚ ਸ਼ੀਲੋਹ ਦੇ ਡੇਰੇ ਵਿੱਚ ਲੈ ਆਏ।
13 ਤਦ ਸਾਰੀ ਸਭਾ ਨੇ ਬਿਨਯਾਮੀਨੀਆਂ ਨੂੰ ਜੋ ਰਿੰਮੋਨ ਦੀ ਪਹਾੜੀ ਵਿੱਚ ਸਨ ਆਖ ਘੱਲਿਆ ਅਤੇ ਸੁਖ ਸਾਂਦ ਦਾ ਸੁਨੇਹਾ ਉਨ੍ਹਾਂ ਨੂੰ ਦਿੱਤਾ।
14 ਸੋ ਉਸ ਵੇਲੇ ਬਿਨਯਾਮੀਨੀ ਮੁੜ ਆਏ ਅਤੇ ਉਨ੍ਹਾਂ ਨੇ ਯਾਬੇਸ਼-ਗਿਲਆਦ ਦੀਆਂ ਕੁੜੀਆਂ ਜਿਹੜੀਆਂ ਬਚੀਆਂ ਸਨ ਉਨ੍ਹਾਂ ਨੂੰ ਦੇ ਦਿੱਤੀਆਂ ਪਰ ਉਨ੍ਹਾਂ ਲਈ ਪੂਰੀਆਂ ਨਾ ਹੋਈਆਂ।
15 ਲੋਕ ਬਿਨਯਾਮੀਨ ਦੇ ਲਈ ਬਹੁਤ ਪਛਤਾਏ ਇਸ ਲਈ ਜੋ ਯਹੋਵਾਹ ਨੇ ਇਸਰਾਏਲ ਦੇ ਗੋਤਾਂ ਵਿੱਚ ਤੇੜ ਪਾ ਦਿੱਤੀ ਸੀ।
16 ਤਦ ਸਭਾ ਦੇ ਬਜ਼ੁਰਗ ਬੋਲੇ, ਜਿਹੜੇ ਵੱਧ ਰਹੇ ਹਨ ਉਨ੍ਹਾਂ ਦੇ ਲਈ ਵਹੁਟੀਆਂ ਦਾ ਕੀ ਕਰੀਏ? ਕਿਉਂ ਜੋ ਬਿਨਯਾਮੀਨੀਆਂ ਦੀਆਂ ਸਾਰੀਆਂ ਤੀਵੀਆਂ ਮਾਰੀਆਂ ਗਈਆਂ।
17 ਤਦ ਉਨ੍ਹਾਂ ਨੇ ਆਖਿਆ, ਇਹ ਲੋੜੀਦਾ ਹੈ ਭਈ ਜਿਹੜੇ ਬਿਨਯਾਮੀਨ ਦੇ ਵਿੱਚੋਂ ਵੱਧ ਰਹੇ ਹਨ ਉਨ੍ਹਾਂ ਦੇ ਲਈ ਪੱਤੀ ਰਹੇ ਇਸ ਕਰਕੇ ਜੋ ਇਸਰਾਏਲੀਆਂ ਦਾ ਇੱਕ ਗੋਤ ਮੇਸਿਆ ਨਾ ਜਾਵੇ।
18 ਤਦ ਭੀ ਅਸੀਂ ਤਾਂ ਉਨ੍ਹਾਂ ਨੂੰ ਵਹੁਟੀਆਂ ਦੇ ਲਈ ਆਪਣੀਆਂ ਧੀਆਂ ਨਹੀਂ ਦੇ ਸੱਕਦੇ ਕਿਉਂ ਜੋ ਇਸਰਾਏਲੀਆਂ ਨੇ ਸੌਂਹ ਖਾਧੀ ਹੈ ਭਈ ਜਿਹੜਾ ਬਿਨਯਾਮੀਨੀ ਨੂੰ ਵਹੁਟੀ ਦੇਵੇ ਸੋ ਸਰਾਪੀ ਹੋਵੇ।
19 ਤਦ ਉਨ੍ਹਾਂ ਨੇ ਆਖਿਆ, ਵੇਖੋ, ਸ਼ੀਲੋਹ ਵਿੱਚ ਯਹੋਵਾਹ ਦੇ ਲਈ ਵਰਹੇ ਦਾ ਪਰਬ ਹੈ ਉਸ ਥਾਂ ਦੇ ਕੋਲ ਜੋ ਬੈਤੇਲ ਦੇ ਉੱਤਰ ਅਤੇ ਉਸ ਸੜਕ ਦੇ ਚੜ੍ਹਦੇ ਜਿਹੜੀ ਬੈਤੇਲੋਂ ਸ਼ਕਮ ਨੂੰ ਲਬੋਨਾਹ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ।
20 ਤਦ ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਆਗਿਆ ਦਿੱਤੀ ਭਈ ਜਾਓ ਅਤੇ ਦਾਖ ਦੇ ਬਾਗਾਂ ਦੇ ਵਿੱਚਕਾਰ ਛਹਿ ਵਿੱਚ ਬੈਠੋ।
21 ਅਤੇ ਧਿਆਨ ਰੱਖੋ, ਵੇਖੋ, ਜੇ ਕਰ ਸ਼ੀਲੋਹ ਦੀਆਂ ਧੀਆਂ ਨੱਚਣ ਨੂੰ ਬਾਹਰ ਨਿੱਕਲਣ ਤਾਂ ਤੁਸੀਂ ਦਾਖ ਦੇ ਬਾਗਾਂ ਵਿੱਚੋਂ ਨਿੱਕਲ ਕੇ ਸ਼ੀਲੋਹ ਦੀਆਂ ਧੀਆਂ ਵਿੱਚੋਂ ਇੱਕ ਇੱਕ ਵਹੁਟੀ ਆਪਣੇ ਲਈ ਫੜ ਲਓ ਅਤੇ ਬਿਨਯਾਮੀਨ ਦੇ ਦੇਸ ਨੂੰ ਤੁਰ ਜਾਓ।
22 ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਉਨ੍ਹਾਂ ਦੇ ਪਿਉ ਯਾ ਭਰਾ ਸਾਡੇ ਕੋਲ ਆਣ ਕੇ ਪੁਕਾਰਨਗੇ ਤਾਂ ਅਸੀਂ ਉਨ੍ਹਾਂ ਨੂੰ ਆਖਾਂਗੇ ਭਈ ਸਾਡੇ ਲਈ ਓਹਨਾਂ ਨੂੰ ਬਖਸ਼ ਦਿਓ ਕਿਉਂ ਜੋ ਅਸਾਂ ਲੜਾਈ ਵਿੱਚ ਕਿਸੇ ਮਨੁੱਖ ਦੇ ਲਈ ਵਹੁਟੀ ਨਾ ਫੜੀ, ਨਾ ਤੁਸਾਂ ਆਪੇ ਉਨ੍ਹਾਂ ਨੂੰ ਓਹ ਕੁੜੀਆਂ ਦਿੱਤੀਆਂ ਜੋ ਤੁਸੀਂ ਅਪਰਾਧੀ ਹੁੰਦੇ।
23 ਗੱਲ ਕਾਹਦੀ, ਬਿਨਯਾਮੀਨੀਆਂ ਨੇ ਅਜਿਹਾ ਹੀ ਕੀਤਾ। ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲੀਆਂ ਵਿੱਚੋਂ ਆਪਣੇ ਲਈ ਇੱਕ ਇੱਕ ਵਹੁਟੀ ਫੜ ਲਈ ਅਤੇ ਲੈ ਕੇ ਆਪਣੀ ਪੱਤੀ ਵਲ ਮੁੜ ਪਏ ਅਤੇ ਆਪਣਿਆਂ ਸ਼ਹਿਰਾਂ ਨੂੰ ਆ ਸੁਧਾਰਿਆ ਅਰ ਉਨ੍ਹਾਂ ਵਿੱਚ ਵੱਸੇ।
24 ਅਤੇ ਇਸਰਾਏਲੀ ਉਸੇ ਵੇਲੇ ਉੱਥੋਂ ਤੁਰ ਗਏ। ਸੱਭੋ ਆਪੋ ਆਪਣੇ ਗੋਤ ਅਤੇ ਆਪੋ ਆਪਣੇ ਟੱਬਰ ਵਿੱਚ ਅਤੇ ਓਹ ਸੱਭੇ ਉੱਥੋਂ ਆਪੋ ਆਪਣੀ ਪੱਤੀ ਵਲ ਗਏ।
25 ਅਤੇ ਉੱਨ੍ਹੀਂ ਦਿਨੀਂ ਇਸਰਾਏਲ ਦਾ ਪਾਤਸ਼ਾਹ ਕੋਈ ਨਹੀਂ ਸੀ। ਜੋ ਕਿਸੇ ਨੂੰ ਚੰਗਾ ਦਿੱਸਦਾ ਸੀ ਸੋ ਕਰਦਾ ਸੀ।