ਖ਼ਰੋਜ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40

0:00
0:00

ਕਾਂਡ 29

ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਮੈਂ ਤੈਨੂੰ ਦੱਸਾਂਗਾ ਕਿ ਹਾਰੂਨ ਅਤੇ ਉਸਦੇ ਪੁੱਤਰ ਜਾਜਕਾਂ ਵਜੋਂ ਖਾਸ ਢੰਗ ਨਾਲ ਮੇਰੀ ਸੇਵਾ ਕਰਦੇ ਹਨ, ਦਰਸਾਉਣ ਲਈ ਤੈਨੂੰ ਕੀ ਕਰਨਾ ਚਾਹੀਦਾ ਹੈ। ਇੱਕ ਜਵਾਨ ਵਹਿੜਕਾ ਅਤੇ ਦੋ ਜਵਾਨ ਭੇਡੂ ਲਵੀਂ ਜਿਨ੍ਹਾਂ ਵਿੱਚ ਕੋਈ ਨੁਕਸ ਨਾ ਹੋਵੇ।
2 ਫ਼ੇਰ ਖਮੀਰ ਤੋਂ ਬਿਨਾ ਰੋਟੀ ਬਨਾਉਣ ਲਈ ਮੈਦਾ ਲਵੋ। ਅਤੇ ਇਨ੍ਹਾਂ ਈਜ਼ਾਂ ਦੀ ਵਰਤੋਂ ਜੈਤੂਨ ਦੇ ਤੇਲ ਵਿੱਚ ਗੁਂਨ੍ਹਕੇ ਰੋਟੀਆਂ ਬਨਾਉਣ ਲਈ ਕਰੋ। ਅਤੇ ਜੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਛੋਟੀਆਂ, ਪਤਲੀਆਂ ਰੋਟੀਆਂ ਬਣਾਉ।
3 ਇਹ ਰੋਟੀਆਂ ਇੱਕ ਟੋਕਰੀ ਵਿੱਚ ਪਾਕੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦੇਵੋ। ਉਸੇ ਵੇਲੇ, ਵਹਿੜਕਾ ਅਤੇ ਦੋ ਭੇਡੂ ਉਨ੍ਹਾਂ ਨੂੰ ਦੇ ਦੇਵੋ।
4 “ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਉ। ਉਨ੍ਹਾਂ ਨੂੰ ਪਾਣੀ ਨਾਲ ਇਸ਼ਨਾਨ ਕਰਾਉ।
5 ਹਾਰੂਨ ਨੂੰ ਖਾਸ ਵਸਤਰ ਪਹਿਨਾਉ। ਉਸਨੂੰ ਉਣਿਆ ਹੋਇਆ ਚਿੱਟਾ ਚੋਲਾ ਅਤੇ ਏਫ਼ੋਦ ਨਾਲ ਪਹਿਨਣ ਵਾਲਾ ਨੀਲਾ ਚੋਲਾ ਪਹਿਨਾਉ। ਉਸਨੂੰ ਏਫ਼ੋਦ ਅਤੇ ਸੀਨੇ-ਬੰਦ ਪਹਿਨਾਉ। ਫ਼ੇਰ ਉਸ ਉੱਤੇ ਖੂਬਸੂਰਤ ਪੇਟੀ ਬੰਨ੍ਹ ਦਿਉ।
6 ਉਸਦੇ ਸਿਰ ਉੱਤੇ ਅਮਾਮਾ ਰਖੋ। ਅਤੇ ਅਮਾਮੇ ਦੇ ਦੁਆਲੇ ਖਾਸ ਤਾਜ ਰਖੋ।
7 ਮਸਹ ਕਰਨ ਦਾ ਤੇਲ ਲੈਕੇ ਹਾਰੂਨ ਦੇ ਸਿਰ ਤੇ ਚੋਅ। ਇਹ ਦਰਸਾਵੇਗਾ ਕਿ ਹਾਰੂਨ ਨੂੰ ਇਸ ਕਾਰਜ ਲਈ ਚੁਣਿਆ ਗਿਆ ਹੈ।
8 “ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਉਸ ਥਾਂ ਤੇ ਲਿਆਉਣਾ। ਉਨ੍ਹਾਂ ਨੂੰ ਉਣੇ ਹੋਏ ਚਿੱਟੇ ਚੋਲੇ ਪੁਆਉਣੇ।
9 ਫ਼ੇਰ ਉਨ੍ਹਾਂ ਦੀਆਂ ਕਮਰਾਂ ਦੁਆਲੇ ਪੇਟੀਆਂ ਬੰਨ੍ਹਣੀਆਂ। ਉਨ੍ਹਾਂ ਨੂੰ ਪਹਿਨਣ ਲਈ ਖਾਸ ਟੋਪੀਆਂ ਦੇਣੀਆਂ। ਉਸ ਸਮੇਂ ਉਹ ਜਾਜਕ ਬਨਣਾ ਸ਼ੁਰੂ ਹੋ ਜਾਣਗੇ। ਉਹ ਉਸ ਖਾਸ ਨੇਮ ਦੇ ਅਧੀਨ ਜਾਜਕ ਹੋਣਗੇ ਜਿਹੜਾ ਹਮੇਸ਼ਾ ਰਹੇਗਾ। ਇਹੀ ਉਹ ਤਰੀਕਾ ਹੈ ਜਿਸ ਨਾਲ ਤੂੰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਜਾਜਕ ਥਾਪੇਂਗਾ।
10 “ਫ਼ੇਰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਉਸ ਥਾਂ ਤੇ ਵਹਿੜਕਾ ਲੈਕੇ ਆਉਣਾ। ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਚਾਹੀਦਾ ਹੈ ਕਿ ਉਹ ਵਹਿੜਕੇ ਦੇ ਸਿਰ ਉੱਤੇ ਆਪਣੇ ਹੱਥ ਰੱਖਣ।
11 ਫ਼ੇਰ ਮੰਡਲੀ ਵਾਲੇ ਤੰਬੂ ਸਾਮ੍ਹਣੇ ਉਸੇ ਥਾਂ ਤੇ ਯਹੋਵਾਹ ਅੱਗੇ ਉਸ ਵਹਿੜਕੇ ਨੂੰ ਜ਼ਿਬਾਹ ਕਰਨਾ।
12 ਫ਼ੇਰ ਵਹਿੜਕੇ ਦਾ ਥੋੜਾ ਜਿਹਾ ਖੂਨ ਲੈਣਾ ਅਤੇ ਜਗਵੇਦੀ ਵੱਲ ਜਾਣਾ। ਆਪਣੀ ਉਂਗਲੀ ਨਾਲ ਥੋੜਾ ਜਿਹਾ ਖੂਨ ਜਗਵੇਦੀ ਦੇ ਸਿੰਗਾਂ ਉੱਤੇ ਲਾਉਣਾ। ਬਚਿਆ ਹੋਇਆ ਸਾਰਾ ਖੂਨ ਜਗਵੇਦੀ ਦੇ ਹੇਠਲੇ ਪਾਸੇ ਡੋਲ੍ਹ ਦੇਣਾ।
13 ਫ਼ੇਰ ਵਹਿੜਕੇ ਦੇ ਜਿਸਮ ਦੀ ਸਾਰੀ ਚਰਬੀ ਲੈਣੀ, ਜਿਗਰ ਦਾ ਚਰਬੀ ਵਾਲਾ ਭਾਗ, ਦੋਵੇਂ ਗੁਰਦੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਚਰਬੀ। ਇਸ ਚਰਬੀ ਨੂੰ ਜਗਵੇਦੀ ਉੱਤੇ ਬਾਲਣਾ।
14 ਫ਼ੇਰ ਵਹਿੜਕੇ ਦਾ ਮਾਸ, ਇਸਦੀ ਚਮੜੀ, ਅਤੇ ਇਸਦੇ ਹੋਰ ਸਾਰੇ ਅੰਗ ਲੈਕੇ ਉਨ੍ਹਾਂ ਨੂੰ ਆਪਣੇ ਡੇਰੇ ਤੋਂ ਬਾਹਰ ਸਾੜ ਦੇਣਾ। ਇਹ ਜਾਜਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਪਾਪ ਦੀ ਭੇਟ ਹੈ।
15 “ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਭੇਡੂਆਂ ਵਿੱਚੋਂ ਇੱਕ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ।
16 ਉਸ ਭੇਡੂ ਨੂੰ ਜ਼ਿਬਾਹ ਕਰ ਦੇਣਾ ਅਤੇ ਉਸਦਾ ਖੂਨ ਬਚਾ ਲੈਣਾ ਇਸ ਖੂਨ ਨੂੰ ਜਗਵੇਦੀ ਦੇ ਚਾਰੀ ਪਾਸੀਂ ਨਾਲ-ਨਾਲ ਛਿੜਕ ਦੇਣਾ।
17 ਫ਼ੇਰ ਭੇਡੂ ਦੇ ਕਈ ਟੁਕੜੇ ਕਰ ਦੇਣੇ। ਭੇਡੂ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਧੋ ਲੈਣਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭੇਡੂ ਦੇ ਸਿਰ ਅਤੇ ਹੋਰ ਹਿਸਿਆਂ ਦੇ ਨਾਲ ਰੱਖ ਦੇਣਾ।
18 ਫ਼ੇਰ ਹਰ ਚੀਜ਼ ਨੂੰ ਜਗਵੇਦੀ ਉੱਤੇ ਸਾੜ ਦੇਣਾ। ਇਹ ਹੋਮ ਦੀ ਭੇਟ ਹੈ, ਅੱਗ ਦੁਆਰਾ ਚੜਾਈ ਗਈ ਭੇਟ, ਯਹੋਵਾਹ ਦੇ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ।
19 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੂਸਰੇ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ।
20 ਉਸ ਭੇਡੂ ਨੂੰ ਮਾਰਕੇ ਉਸਦਾ ਕੁਝ ਖੂਨ ਇਕਠਾ ਕਰ ਲੈਣਾ। ਇਹ ਖੂਨ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਹੇਠਲੇ ਹਿੱਸੇ ਉੱਤੇ ਮਲ ਦੇਣਾ। ਕੁਝ ਖੂਨ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਮਲ ਦੇਣਾ, ਫ਼ੇਰ ਖੂਨ ਨੂੰ ਜਗਵੇਦੀ ਦੇ ਚਾਰੇ ਪਾਸੇ ਛਿੜਕ ਦੇਣਾ।
21 ਫ਼ੇਰ ਜਗਵੇਦੀ ਤੋਂ ਕੁਝ ਖੂਨ ਲੈਣਾ, ਇਸਨੂੰ ਖਾਸ ਤੇਲ ਵਿੱਚ ਮਿਲਾਕੇ ਹਾਰੂਨ ਅਤੇ ਉਸਦੇ ਵਸਤਰਾਂ ਉੱਤੇ ਛਿੜਕ ਦੇਣਾ ਅਤੇ ਉਸਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕ ਦੇਣਾ। ਇਹ ਦਰਸਾਵੇਗਾ ਕਿ ਹਾਰੂਨ ਅਤੇ ਉਸਦੇ ਪੁੱਤਰ ਮੇਰੀ ਖਾਸ ਤਰ੍ਹਾਂ ਨਾਲ ਸੇਵਾ ਕਰਦੇ ਹਨ ਅਤੇ ਉਨ੍ਹਾਂ ਦੇ ਵਸਤਰ ਸਿਰਫ਼ ਇਸ ਖਾਸ ਸੇਵਾ ਲਈ ਹੀ ਇਸਤੇਮਾਲ ਹੁੰਦੇ ਹਨ।
22 “ਫ਼ੇਰ ਭੇਡੂ ਦੀ ਚਰਬੀ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਕਰਨ ਲਈ ਕੀਤੀ ਜਾਵੇਗੀ।) ਪੂਛ ਦੇ ਆਲੇ-ਦੁਆਲੇ ਦੀ ਚਰਬੀ ਲੈਣਾ ਅਤੇ ਉਹ ਚਰਬੀ ਜਿਹੜੀ ਉਸਦੇ ਅੰਦਰਲੇ ਅੰਗਾਂ ਨੂੰ ਢਕਦੀ ਹੈ। ਫ਼ੇਰ ਉਹ ਚਰਬੀ ਲੈਣਾ ਜਿਹੜੀ ਜਿਗਰ ਨੂੰ ਢਕਦੀ ਹੈ ਦੋਹਾਂ ਗੁਰਦਿਆਂ ਨੂੰ ਅਤੇ ਉਨ੍ਹਾਂ ਉੱਤੇ ਲਗੀ ਚਰਬੀ ਨੂੰ ਅਤੇ ਲੱਤਾਂ ਨੂੰ ਲੈਣਾ।
23 ਫ਼ੇਰ ਰੋਟੀ ਵਾਲੀ ਉਹ ਟੋਕਰੀ ਲੈਣਾ ਜਿਹੜੀ ਤੁਸੀਂ ਖਮੀਰ ਤੋਂ ਬਿਨਾ ਬਣਾਕੇ ਯਹੋਵਾਹ ਦੇ ਅੱਗੇ ਰਖੀ ਸੀ। ਟੋਕਰੀ ਵਿੱਚੋਂ ਇਹ ਚੀਜ਼ਾਂ ਬਾਹਰ ਕੱਢ ਲੈਣੀਆਂ; ਇੱਕ ਡਬਲ ਰੋਟੀ, ਤੇਲ ਨਾਲ ਬਣੀ ਹੋਈ ਇੱਕ ਰੋਟੀ, ਅਤੇ ਇੱਕ ਪਤਲਾ ਕੇਕ।
24 ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦੇਣੀਆਂ। ਉਨ੍ਹਾਂ ਨੂੰ ਆਖਣਾ ਕਿ ਇਨ੍ਹਾਂ ਚੀਜ਼ਾਂ ਨੂੰ ਆਪਣੇ ਹੱਥਾਂ ਵਿੱਚ ਲੈਕੇ ਯਹੋਵਾਹ ਦੇ ਸਨਮੁਖ ਖਲੋਣ। ਇਹ ਯਹੋਵਾਹ ਲਈ ਹਿਲਾਉਣ ਦੀ ਭੇਟਾ ਹੋਵੇਗੀ।
25 ਫ਼ੇਰ ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਪਾਸੋਂ ਲੈ ਲੈਣੀਆਂ ਅਤੇ ਉਨ੍ਹਾਂ ਨੂੰ ਭੇਡੂ ਦੇ ਸਮੇਤ ਜਗਵੇਦੀ ਉੱਤੇ ਰੱਖ ਦੇਣਾ। ਇਹ ਹੋਮ ਦੀ ਭੇਟਾ ਹੈ, ਅੱਗ ਦੁਆਰਾ ਚੜਾਈ ਗਈ ਭੇਟ, ਯਹੋਵਾਹ ਦੇ ਅੱਗੇ ਉਹ ਪ੍ਰਸੰਨ ਕਰਨ ਵਾਲੀ ਸੁਗੰਧੀ।
26 “ਫ਼ੇਰ ਭੇਡੂ ਦਾ ਸੀਨਾ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਵਿੱਚ ਕੀਤੀ ਜਾਵੇਗੀ।) ਯਹੋਵਾਹ ਦੇ ਸਾਮ੍ਹਣੇ ਭੇਡੂ ਦੇ ਸੀਨੇ ਨੂੰ ਖਾਸ ਬੇਟਾ ਵਜੋਂ ਹੱਥਾਂ ਵਿੱਚ ਫ਼ੜੋ। ਫ਼ੇਰ ਇਸਨੂੰ ਵਾਪਸ ਲੈਕੇ ਆਪਣੇ ਹਿੱਸੇ ਵਜੋਂ ਰੱਖ ਲਵੋ।
27 ਉਸ ਭੇਡੂ ਦਾ ਸੀਨਾ ਅਤੇ ਲੱਤ ਲਵੋ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਲਈ ਅਤੇ ਉਨ੍ਹਾਂ ਹਿਸਿਆਂ ਨੂੰ ਪਵਿੱਤਰ ਬਨਾਉਣ ਲਈ ਕੀਤੀ ਗਈ ਸੀ। ਫ਼ੇਰ ਇਹ ਖਾਸ ਹਿੱਸੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦਿਉ।
28 ਇਸਰਾਏਲ ਦੇ ਲੋਕ ਹਾਰੂਨ ਤੇ ਉਸਦੇ ਪੁੱਤਰਾਂ ਨੂੰ ਹਿੱਸੇ ਹਮੇਸ਼ਾ ਦੇਣਗੇ। ਜਦੋਂ ਇਸਰਾਏਲ ਦੇ ਲੋਕ ਯਹੋਵਾਹ ਨੂੰ ਚੜਾਵਾ ਚੜਾਉਣਗੇ ਇਹ ਹਿੱਸੇ ਹਮੇਸ਼ਾ ਜਾਜਕਾਂ ਦੇ ਹੋਣਗੇ। ਜਦੋਂ ਉਹ ਇਨ੍ਹਾਂ ਹਿਸਿਆਂ ਨੂੰ ਜਾਜਕਾਂ ਨੂੰ ਦੇਣਗੇ, ਇਹ ਇਨ੍ਹਾਂ ਨੂੰ ਯਹੋਵਾਹ ਨੂੰ ਭੇਂਟ ਕਰਨ ਵਾਲੀ ਗੱਲ ਹੀ ਹੋਵੇਗੀ।
29 “ਉਨ੍ਹਾਂ ਖਾਸ ਕੱਪੜਿਆਂ ਨੂੰ ਬਚਾਕੇ ਰਖੋ ਜਿਹੜੇ ਹਾਰੂਨ ਲਈ ਬਣਾਏ ਗਏ ਸਨ। ਉਹ ਕੱਪੜੇ ਉਸਤੋਂ ਬਾਦ ਜਿਉਣ ਵਾਲੇ ਉਸਦੇ ਸਾਰੇ ਲੋਕਾਂ ਦੇ ਹੋਣਗੇ। ਜਦੋਂ ਉਨ੍ਹਾਂ ਨੂੰ ਜਾਜਕ ਚੁਣਿਆ ਜਾਵੇਗਾ ਤਾਂ ਉਹ ਇਹ ਕੱਪੜੇ ਪਹਿਨਣਗੇ।
30 ਹਾਰੂਨ ਦਾ ਪੁੱਤਰ ਉਸਤੋਂ ਮਗਰੋਂ ਅਗਲਾ ਪਰਧਾਨ ਜਾਜਕ ਬਣੇਗਾ। ਉਹ ਪੁੱਤਰ ਜਦੋਂ ਪਵਿੱਤਰ ਸਥਾਨ ਉੱਤੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਵੇਗਾ ਤਾਂ ਸੱਤ ਦਿਨ ਇਹ ਵਸਤਰ ਪਹਿਨੇਗਾ।
31 “ਉਸ ਭੇਡੂ ਦਾ ਮਾਸ ਪਵਿੱਤਰ ਸਥਾਨ ਤੇ ਰਿੰਨ੍ਹੋ ਜਿਸਨੂੰ ਹਰੂਨ ਦੇ ਪਰਧਾਨ ਜਾਜਕ ਬਨਾਉਣ ਲਈ ਵਰਤਿਆ ਗਿਆ ਸੀ।
32 ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਉਹ ਮਾਸ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਦਰਵਾਜ਼ੇ ਤੇ ਖਾਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਉਹ ਰੋਟੀ ਵੀ ਖਾਣੀ ਚਾਹੀਦੀ ਹੈ ਜਿਹੜੀ ਟੋਕਰੀ ਵਿੱਚ ਹੈ।
33 ਇਨ੍ਹਾਂ ਚੜਾਵਿਆਂ ਦੀ ਵਰਤੋਂ ਉਦੋਂ ਉਨ੍ਹਾਂ ਦਾ ਪਰਾਸਚਿਤ ਕਰਨ ਲਈ ਕੀਤੀ ਗਈ ਸੀ ਜਦੋਂ ਉਨ੍ਹਾਂ ਨੂੰ ਜਾਜਕ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਉਹ ਭੇਟਾਂ ਖਾਣੀਆਂ ਚਾਹੀਦੀਆਂ ਹਨ। ਕਿਸੇ ਵੀ ਅਜਨਬੀ ਨੂੰ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਉਹ ਪਵਿੱਤਰ ਹਨ।
34 ਜੇ ਉਸ ਭੇਡੂ ਦੇ ਮਾਸ ਵਿੱਚੋਂ ਜਾਂ ਰੋਟੀ ਦਾ ਕੋਈ ਟੁਕੜਾ ਸਵੇਰ ਲਈ ਬਚ ਜਾਵੇ ਤਾਂ ਉਸਨੂੰ ਸਾੜ ਦੇਣਾ ਚਾਹੀਦਾ ਹੈ। ਤੁਹਾਨੂੰ ਉਹ ਮਾਸ ਜਾਂ ਰੋਟੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸਨੂੰ ਸਿਰਫ਼ ਖਾਸ ਢੰਗ ਨਾਲ ਖਾਸ ਸਮੇਂ ਹੀ ਖਾਣਾ ਚਾਹੀਦਾ ਸੀ।
35 “ਤੁਹਾਨੂੰ ਇਹ ਸਾਰੀਆਂ ਗੱਲਾਂ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਬਿਲਕੁਲ ਉਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਸੀ। ਉਨ੍ਹਾਂ ਨੂੰ ਜਾਜਕ ਥਾਪਣ ਦੀ ਰਸਮ ਪੂਰੇ ਸੱਤ ਦਿਨ ਜਾਰੀ ਰਖਣੀ ਚਾਹੀਦੀ ਹੈ।
36 ਤੁਹਾਨੂੰ ਸੱਤਾਂ ਦਿਨਾਂ ਤੱਕ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਵਹਿੜਕਾ ਮਾਰਨਾ ਚਾਹੀਦਾ ਹੈ। ਇਹ ਭੇਟ ਪਰਾਸਚਿਤ ਲਈ ਹੋਵੇਗੀ। ਤੁਸੀਂ ਇਨ੍ਹਾਂ ਬਲੀਆਂ ਨੂੰ ਜਗਵੇਦੀ ਨੂੰ ਪਵਿੱਤਰ ਬਨਾਉਣ ਲਈ ਵਰਤੋਂਗੇ। ਅਤੇ ਇਸਨੂੰ ਪਵਿੱਤਰ ਬਨਾਉਣ ਲਈ ਇਸ ਉੱਤੇ ਜੈਤੂਨ ਦਾ ਤੇਲ ਛਿੜਕੋਂਗੇ।
37 ਤੁਸੀਂ ਜਗਵੇਦੀ ਲਈ ਸੱਤਾਂ ਦਿਨਾਂ ਲਈ ਪਰਾਸਚਿਤ ਕਰੋਂਗੇ ਅਤੇ ਇਸਨੂੰ ਪਵਿੱਤਰ ਬਣਾਵੋਂਗੇ। ਉਸ ਸਮੇਂ, ਜਗਵੇਦੀ ਅੱਤ ਪਵਿੱਤਰ ਹੋ ਜਾਵੇਗੀ ਅਤੇ ਕੋਈ ਵੀ ਚੀਜ਼ ਜਿਹੜੀ ਜਗਵੇਦੀ ਨੂੰ ਛੂਹੇਗੀ, ਪਵਿੱਤਰ ਬਣ ਜਾਵੇਗੀ।
38 “ਹਰ ਰੋਜ਼ ਤੁਹਾਨੂੰ ਜਗਵੇਡੀ ਉੱਤੇ ਇੱਕ ਭੇਟ ਚੜਾਉਣੀ ਚਾਹੀਦੀ ਹੈ। ਤੁਹਾਨੂੰ ਇੱਕ ਸਾਲ ਦੇ ਦੋ ਲੇਲੇ ਮਾਰਨੇ ਚਾਹੀਦੇ ਹਨ।
39 ਇੱਕ ਲੇਲੇ ਨੂੰ ਸਵੇਰੇ ਅਤੇ ਦੂਸਰੇ ਨੂੰ ਸ਼ਾਮ ਵੇਲੇ ਬਲੀ ਚੜਾਉ।
40 ਜਦੋਂ ਤੁਸੀਂ ਪਹਿਲੇ ਲੇਲੇ ਨੂੰ ਚੜਾਵੋ, ਇਸਦੇ ਨਾਲ ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਮੈਅ ਦੀ ਭੇਟਾ ਵਜੋਂ ਚੜਾਵੋ। ਜਦੋਂ ਤੁਸੀਂ ਸ਼ਾਮ ਵੇਲੇ ਦੂਜੇ ਲੇਲੇ ਨੂੰ ਮਾਰੋਂ, ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਚੜਾਵੋ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਸਵੇਰੇ ਕੀਤਾ ਸੀ। ਇਹ ਯਹੋਵਾਹ ਨੂੰ ਭੋਜਨ ਦੀ ਭੇਟ ਹੋਵੇਗੀ ਅਤੇ ਜਦੋਂ ਤੁਸੀਂ ਇਹ ਭੇਟ ਸਾੜੋਂਗੇ, ਇਹ ਯਹੋਵਾਹ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ ਹੋਵੇਗੀ।
41
42 “ਤੁਹਾਨੂੰ ਇਹ ਚੀਜ਼ਾਂ ਹਰ ਰੋਜ਼ ਯਹੋਵਾਹ ਨੂੰ ਪੂਰੀ ਹੋਮ ਦੀ ਭੇਟ ਵਜੋਂ ਚੜਾਉਣੀਆਂ ਚਾਹੀਦੀਆਂ ਹਨ। ਇਸਨੂੰ ਯਹੋਵਾਹ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਕਰੋ। ਹਰ ਸਮੇਂ ਅਜਿਹਾ ਕਰਦੇ ਰਹੋ। ਜਦੋਂ ਤੁਸੀਂ ਭੇਟ ਚੜਾਵੋਂਗੇ, ਮੈਂ, ਯਹੋਵਾਹ, ਤੁਹਾਨੂੰ ਉਥੇ ਮਿਲਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ।
43 ਮੈਂ ਤੁਹਾਨੂੰ ਉਸ ਥਾਂ ਇਸਰਾਏਲ ਦੇ ਲੋਕਾਂ ਨਾਲ ਮਿਲਾਂਗਾ। ਅਤੇ ਮੇਰਾ ਪਰਤਾਪ ਉਸ ਥਾਂ ਨੂੰ ਪਵਿੱਤਰ ਬਣਾ ਦੇਵੇਗਾ।
44 “ਇਸ ਤਰ੍ਹਾਂ ਮੈਂ ਮੰਡਲੀ ਵਾਲੇ ਤੰਬੂ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਜਗਵੇਦੀ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਬਾਣਾ ਦਿਆਂਗਾ। ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।
45 ਮੈਂ ਇਸਰਾਏਲ ਦੇ ਲੋਕਾਂ ਨਾਲ ਰਹਾਂਗਾ। ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।
46 ਲੋਕ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ ਉਹ ਜਾਣ ਲੈਣਗੇ ਕਿ ਮੈਂ ਹੀ ਉਹ ਹਾਂ ਜਿਹੜਾ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ ਤਾਂ ਜੋ ਮੈਂ ਉਨ੍ਹਾਂ ਦੇ ਨਾਲ ਰਹਿ ਸਕਾਂ। ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ।”