ਖ਼ਰੋਜ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40

0:00
0:00

ਕਾਂਡ 21

ਫ਼ੇਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਹੋਰ ਨੇਮ ਹਨ ਜਿਹੜੇ ਤੂੰ ਲੋਕਾਂ ਨੂੰ ਦੇਵੇਂਗਾ:
2 “ਜੇ ਤੁਸੀਂ ਕਿਸੇ ਯਹੂਦੀ ਗੁਲਾਮ ਨੂੰ ਖਰੀਦੋ, ਤਾਂ ਉਹ ਗੁਲਾਮ ਤੁਹਾਡੀ ਸੇਵਾ ਸਿਰਫ਼ 6 ਸਾਲ ਤੱਕ ਕਰੇਗਾ। 6 ਸਾਲਾਂ ਬਾਦ ਉਹ ਅਜ਼ਾਦ ਹੋ ਜਾਵੇਗਾ। ਉਸਨੂੰ ਕੁਝ ਵੀ ਅਦਾ ਨਹੀਂ ਕਰਨਾ ਪਵੇਗਾ।
3 ਜੇ ਕੋਈ ਬੰਦਾ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਨਹੀਂ, ਤਾਂ ਜਦੋਂ ਉਹ ਅਜ਼ਾਦ ਹੋਵੇਗਾ, ਉਹ ਆਪਣੀ ਪਤਨੀ ਤੋਂ ਬਿਨਾ ਜਾਵੇਗਾ। ਪਰ ਜੇ ਉਹ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਹੈ ਤਾਂ ਜਦੋਂ ਉਸਨੂੰ ਅਜ਼ਾਦ ਕੀਤਾ ਜਾਵੇਗਾ ਤਾਂ ਉਹ ਆਪਣੀ ਪਤਨੀ ਨੂੰ ਰੱਖ ਸਕਦਾ ਹੈ।
4 ਜੇ ਗੁਲਾਮ ਵਿਆਹਿਆ ਹੋਇਆ ਨਹੀਂ ਹੈ ਤਾਂ ਸੁਆਮੀ ਉਸਨੂੰ ਪਤਨੀ ਦੇ ਸਕਦਾ ਹੈ। ਜੇ ਉਹ ਪਤਨੀ ਪੁੱਤਰਾਂ ਜਾਂ ਧੀਆਂ ਨੂੰ ਜਨਮ ਦਿੰਦੀ ਹੈ ਤਾਂ ਉਹ ਤੇ ਉਸਦੇ ਬੱਚੇ ਸੁਆਮੀ ਦੇ ਹੋਣਗੇ। ਜਦੋਂ ਗੁਲਾਮ ਆਪਣੀ ਨੌਕਰੀ ਦੇ ਵਰ੍ਹੇ ਪੂਰੇ ਕਰ ਲਵੇ ਤਾਂ ਉਸਨੂੰ ਆਜ਼ਾਦ ਕਰ ਦਿੱਤਾ ਜਾਵੇਗਾ।
5 “ਪਰ ਸ਼ਾਇਦ ਗੁਲਾਮ ਇਹ ਨਿਰਣਾ ਕਰੇ ਕਿ ਉਹ ਆਪਣੇ ਸੁਆਮੀ ਕੋਲ ਰਹਿਣਾ ਚਾਹੁੰਦਾ ਹੈ। ਤਾਂ ਉਸਨੂੰ ਕਹਿਣਾ ਚਾਹੀਦਾ ਹੈ, ‘ਮੈਂ ਆਪਣੇ ਸੁਆਮੀ ਨੂੰ ਪਿਆਰ ਕਰਦਾ ਹਾਂ। ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ। ਮੈਂ ਆਜ਼ਾਦ ਨਹੀਂ ਹੋਵਾਂਗਾ - ਮੈਂ ਰੁਕਾਂਗਾ।’
6 ਜੇ ਅਜਿਹਾ ਵਾਪਰੇ, ਤਾਂ ਸੁਆਮੀ ਨੂੰ ਗੁਲਾਮ ਨੂੰ ਨਿਆਂਕਾਰਾਂ ਦੇ ਸਾਮ੍ਹਣੇ ਲਿਆਵੇਗਾ। ਉਹ ਉਸਨੂੰ ਕਿਸੇ ਦਰਵਾਜੇ ਜਾਂ ਕਿਸੇ ਚੁਗਾਠ ਦੇ ਕੋਲ ਲਿਆਵੇਗਾ ਅਤੇ ਕਿਸੇ ਤਿਖੇ ਔਜ਼ਾਰ ਨਾਲ ਉਸਦੇ ਕੰਨ ਵਿੱਚ ਇੱਕ ਸੁਰਾਖ ਕਰੇਗਾ। ਫ਼ੇਰ ਉਹ ਗੁਲਾਮ ਹਮੇਸ਼ਾ ਲਈ ਸੁਆਮੀ ਦੀ ਸੇਵਾ ਕਰੇਗਾ।
7 “ਜੇ ਕੋਈ ਆਦਮੀ ਆਪਣੀ ਧੀ ਨੂੰ ਇੱਕ ਗੁਲਾਮ ਵਜੋਂ ਵੇਚਣ ਦਾ ਨਿਸ਼ਚਾ ਕਰ ਲਵੇ, ਤਾਂ ਉਸਨੂੰ ਅਜ਼ਾਦ ਕਰਨ ਦੀਆਂ ਬਿਧੀਆਂ ਓਹੀ ਨਹੀਂ ਹਨ ਜੋ ਮਰਦ ਗੁਲਾਮਾਂ ਲਈ ਹਨ।
8 ਜੇ ਉਹ ਆਪਣੇ ਸੁਆਮੀ ਨੂੰ ਪ੍ਰਸੰਨ ਨਾ ਕਰੇ, ਉਹ ਉਸ ਔਰਤ ਨੂੰ ਵਾਪਸ ਉਸਦੇ ਪਿਤਾ ਕੋਲ ਵੇਚ ਸਕਦਾ ਹੈ। ਉਸ ਕੋਲ ਉਸ ਔਰਤ ਨੂੰ ਵਿਦੇਸ਼ੀਆਂ ਨੂੰ ਵੇਚਣ ਦਾ ਕੋਈ ਹੱਕ ਨਹੀਂ।
9 ਜੇ ਸੁਆਮੀ ਨੇ ਔਰਤ ਨੂੰ ਆਪਣੇ ਪੁੱਤਰ ਨਾਲ ਵਿਆਹ ਕਰ ਲੈਣ ਦਾ ਇਕਰਾਰ ਕੀਤਾ ਹੈ ਤਾਂ ਉਸਨੂੰ ਗੁਲਾਮ ਵਾਂਗ ਨਹੀਂ ਸਮਝਣਾ ਚਾਹੀਦਾ। ਉਸਨੂੰ ਇੱਕ ਧੀ ਵਾਂਗ ਸਮਝਣਾ ਚਾਹੀਦਾ ਹੈ।
10 “ਜੇ ਸੁਆਮੀ ਕਿਸੇ ਦੂਸਰੀ ਔਰਤ ਨਾਲ ਸ਼ਾਦੀ ਕਰਦਾ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਆਪਣੀ ਪਹਿਲੀ ਪਤਨੀ ਨੂੰ ਘੱਟ ਭੋਜਨ ਜਾਂ ਕੱਪੜੇ ਨਾ ਦੇਵੇ। ਅਤੇ ਉਸਨੂੰ ਚਾਹੀਦਾ ਹੈ ਉਸਨੂੰ ਉਹ ਸਾਰੀਆਂ ਚੀਜ਼ਾਂ ਦੇਣ ਜਾਰੀ ਰਖੇ ਜਿਸਦੀ ਉਹ ਸ਼ਾਦੀ ਕਾਰਣ ਅਧਿਕਾਰਨ ਹੈ।
11 ਆਦਮੀ ਨੂੰ ਉਸਦੇ ਲਈ ਇਹ ਤਿੰਨ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਜੇ ਉਹ ਨਹੀਂ ਕਰਦਾ, ਤਾਂ ਉਹ ਔਰਤ ਅਜ਼ਾਦ ਹੈ ਅਤੇ ਇਸਦਾ ਉਸਨੂੰ ਕੋਈ ਮੁੱਲ ਨਹੀਂ ਤਾਰਨਾ ਪਵੇਗਾ। ਉਹ ਉਸ ਆਦਮੀ ਦੀ ਕੁਝ ਵੀ ਦੇਣਦਾਰ ਨਹੀਂ ਹੋਵੇਗੀ।
12 “ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਇੰਨੀ ਜ਼ੋਰ ਨਾਲ ਸੱਟ ਮਾਰਦਾ ਹੈ ਕਿ ਉਹ ਮਰ ਜਾਵੇ, ਤਾਂ ਉਸ ਬੰਦੇ ਨੂੰ ਵੀ ਮਾਰ ਦੇਣ ਚਾਹੀਦਾ ਹੈ।
13 ਪਰ ਜੇ ਕੋਈ ਦੁਰਘਟਨਾ ਵਾਪਰਦੀ ਹੈ ਅਤੇ ਕੋਈ ਬੰਦਾ ਬਿਨਾ ਯੋਜਨਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਪਰਮੇਸ਼ੁਰ ਨੇ ਇਸਨੂੰ ਵਾਪਰਨ ਦਿੱਤਾ। ਮੈਂ ਇੱਕ ਖਾਸ ਥਾਂ ਚੁਣਾਂਗਾ ਜਿਥੇ ਉਹ ਸੁਰਖਿਆ ਲਈ ਭੱਜ ਸਕਦਾ ਹੈ।
14 ਪਰ ਜੇ ਕਿਸੇ ਬੰਦੇ ਨੇ ਕਿਸੇ ਹੋਰ ਬੰਦੇ ਨੂੰ ਮਾਰਨ ਦੀ ਵਿਉਂਤ ਬਣਾਈ ਕਿਉਂ ਕਿ ਉਹ ਗੁੱਸੇ ਵਿੱਚ ਹੈ ਜਾਂ ਉਸਨੂੰ ਨਫਰਤ ਕਰਦਾ ਹੈ ਤਾਂ ਕਾਤਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸਨੂੰ ਮੇਰੀ ਜਗਵੇਦੀ ਤੋਂ ਦੂਰ ਲੈ ਜਾਓ ਅਤੇ ਮਾਰ ਦਿਓ।
15 “ਕੋਈ ਵੀ ਬੰਦਾ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਕੁੱਟਦਾ ਹੈ ਉਸਨੂੰ ਮਾਰ ਦੇਣਾ ਚਾਹੀਦਾ ਹੈ।
16 “ਜੇ ਕੋਈ ਬੰਦਾ ਕਿਸੇ ਨੂੰ ਚੋਰੀ ਕਰਦਾ ਹੈ ਤਾਂ ਜੋ ਉਸਨੂੰ ਗੁਲਾਮ ਵਜੋਂ ਵੇਚ ਸਕੇ ਜਾਂ ਉਸਨੂੰ ਖੁਦ ਲਈ ਗੁਲਾਮ ਰੱਖ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ।
17 “ਕੋਈ ਵੀ ਜੋ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਸਰਾਪ ਦਿੰਦਾ ਹੈ, ਮਾਰਿਆ ਜਾਣਾ ਚਾਹੀਦਾ ਹੈ।
18 “ਜੇ ਦੋ ਬੰਦੇ ਲੜ ਪੈਣ ਤੇ ਇੱਕ ਜਣਾ ਦੂਸਰੇ ਨੂੰ ਪੱਥਰ ਜਾਂ ਮੁੱਕਾ ਮਾਰ ਦੇਵੇ। (ਤੁਸੀਂ ਉਸ ਬੰਦੇ ਨੂੰ ਕੀ ਸਜ਼ਾ ਦਿਉਂਗੇ? ਜੇ ਉਹ ਬੰਦਾ ਜਿਸਦੇ ਸੱਟ ਵjI ਸੀ, ਮਰਿਆ ਨਹੀਂ, ਤਾਂ ਉਸ ਬੰਦੇ ਨੂੰ ਜਿਸਨੇ ਉਸਨੂੰ ਕੁਟਿਆ ਮਰਨਾ ਨਹੀਂ ਚਾਹੀਦਾ।)
19 ਜੇ ਬੰਦਾ ਫ਼ੱਟੜ ਹੋਇਆ ਅਤੇ ਉਸਨੂੰ ਕੁਝ ਦਿਨ ਮੰਜੇ ਤੇ ਪੈਣਾ ਪਵੇ ਤਾਂ ਜਿਸਨੇ ਉਸਨੂੰ ਫ਼ੱਟੜ ਕੀਤਾ ਉਹ ਉਸ ਨੂੰ ਆਸਰਾ ਦੇਵੇ। ਜਿਸਨੂੰ ਉਸਨੂੰ ਫ਼ੱਟੜ ਕੀਤਾ ਉਹ ਉਸਦੇ ਵਕਤ ਦੀ ਬਰਬਾਦੀ ਦਾ ਇਵਜ਼ਾਨਾ ਦੇਵੇ। ਉਸ ਬੰਦੇ ਨੂੰ ਉਸਨੂੰ ਉਦੋਂ ਤੱਕ ਆਸਰਾ ਦੇਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ।
20 “ਕਈ ਵਾਰੀ ਲੋਕ ਆਪਣੇ ਗੁਲਾਮਾਂ ਜਾਂ ਗੁਲਾਮ ਔਰਤਾਂ ਨੂੰ ਕੁੱਟਦੇ ਹਨ। ਜੇ ਕੁੱਟ ਤੋਂ ਬਾਦ ਗੁਲਾਮ ਮਰ ਜਾਵੇ ਤਾਂ ਕਾਤਲ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ।
21 ਪਰ ਜੇ ਗੁਲਾਮ ਮਰਦਾ ਨਹੀਂ ਅਤੇ ਕੁਝ ਦਿਨਾਂ ਬਾਦ ਠੀਕ ਹੋ ਜਾਂਦਾ ਹੈ ਤਾਂ ਉਸ ਬੰਦੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਕਿਉਂਕਿ ਸੁਆਮੀ ਨੇ ਗੁਲਾਮ ਨੂੰ ਆਪਣੇ ਪੈਸੇ ਨਾਲ ਖਰੀਦਿਆ ਸੀ ਅਤੇ ਗੁਲਾਮ ਉਸੇ ਦਾ ਹੈ।
22 “ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਨੂੰ ਜ਼ਖਮੀ ਕਰ ਦੇਣ। ਇਸ ਨਾਲ ਹੋ ਸਕਦਾ ਹੈ ਕਿ ਉਹ ਔਰਤ ਸਮੇਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜਨਮ ਦੇਵੇ। ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਨਾ ਹੋਈ ਹੋਵੇ ਤਾਂ ਜਿਸ ਬੰਦੇ ਨੇ ਉਸਨੂੰ ਜ਼ਖਮੀ ਕੀਤਾ ਉਸਨੂੰ ਜ਼ੁਰਮਾਨਾ ਭਰਨਾ ਚਾਹੀਦਾ ਹੈ। ਔਰਤ ਦਾ ਪਤੀ ਨਿਰਣਾ ਕਰੇਗਾ ਕਿ ਉਹ ਆਦਮੀ ਕਿੰਨਾ ਇਵਜ਼ਾਨਾ ਦੇਵੇ। ਨਿਆਂਕਾਰ ਉਸ ਬੰਦੇ ਨੂੰ ਇਹ ਨਿਰਣਾ ਕਰਨ ਵਿੱਚ ਸਹਾਇਤਾ ਦੇਣਗੇ ਕਿ ਜ਼ੁਰਮਾਨਾ ਕਿੰਨਾ ਹੋਣਾ ਚਾਹੀਦਾ ਹੈ।
23 ਪਰ ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਹੋਈ ਹੋਵੇ ਤਾਂ, ਜਿਸਨੇ ਉਸਨੂੰ ਜ਼ਖਮੀ ਕੀਤਾ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਕੋਈ ਬੰਦਾ ਮਰ ਜਾਂਦਾ ਹੈ ਤਾਂ ਜਿਸਨੇ ਮਾਰਿਆ ਉਸਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ।
24 ਤੁਹਾਨੂੰ ਅਖ ਦੇ ਬਦਲੇ ਅਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ,
25 ਸੇਕ ਦੇ ਬਦਲੇ ਸੇਕ, ਝਰੀਟ ਦੇ ਬਦਲੇ ਝਰੀਟ, ਅਤੇ ਜ਼ਖਮ ਦੇ ਬਦਲੇ ਜ਼ਖਮ ਅਦਾ ਕਰਨਾ ਚਾਹੀਦਾ ਹੈ।
26 “ਜੇ ਕੋਈ ਬੰਦਾ ਕਿਸੇ ਗੁਲਾਮ ਦੀ ਅੱਖ ਉੱਤੇ ਸੱਟ ਮਾਰਦਾ ਹੈ ਅਤੇ ਗੁਲਾਮ ਦੀ ਉਹ ਅਖ ਅੰਨ੍ਹੀ ਹੋ ਜਾਂਦੀ ਹੈ, ਤਾਂ ਗੁਲਾਮ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ। ਉਸਦੀ ਅਖ ਉਸਦੀ ਅਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ।
27 ਜੇ ਸੁਆਮੀ ਆਪਣੇ ਗੁਲਾਮ ਦੇ ਮੂੰਹ ਤੇ ਸੱਟ ਮਾਰਦਾ ਹੈ ਅਤੇ ਗੁਲਾਮ ਦਾ ਦੰਦ ਟੁੱਟ ਜਾਂਦਾ ਹੈ, ਤਾਂ ਗੁਲਾਮ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਗੁਲਾਮ ਦਾ ਦੰਦ ਗੁਲਾਮ ਦੀ ਆਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ।
28 “ਜੇ ਕਿਸੇ ਬੰਦੇ ਦਾ ਬਲਦ ਕਸੇ ਆਦਮੀ ਜਾਂ ਔਰਤ ਨੂੰ ਮਾਰ ਦਿੰਦਾ, ਤੁਸੀਂ ਉਸ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਉਸ ਬਲਦ ਨੂੰ ਖਾਧਾ ਨਹੀਂ ਜਾਣਾ ਚਾਹੀਦਾ। ਪਰ ਬਲਦ ਦਾ ਮਾਲਕ ਦੋਸ਼ੀ ਨਹੀਂ ਹੋਵੇਗਾ।
29 ਪਰ ਜੇ ਬਲਦ ਨੇ ਪਹਿਲਾਂ ਵੀ ਲੋਕਾਂ ਨੂੰ ਜ਼ਖਮੀ ਕੀਤਾ ਹੋਵੇ ਅਤੇ ਮਾਲਕ ਨੂੰ ਚਿਤਾਵਨੀ ਮਿਲੀ ਹੋਵੇ ਤਾਂ ਮਾਲਕ ਦੋਸ਼ੀ ਹੋਵੇਗਾ। ਕਿਉਂਕਿ ਉਸਨੇ ਬਲਦ ਨੂੰ ਬੰਨ੍ਹ ਕੇ ਜਾਂ ਉਸਦੀ ਥਾਂ ਤੇ ਬੰਦ ਕਰਕੇ ਨਹੀਂ ਰੱਖਿਆ। ਇਸ ਲਈ ਜੇ ਬਲਦ ਕਿਸੇ ਨੂੰ ਮਾਰ ਦਿੰਦਾ, ਤੁਸੀਂ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਮਾਲਕ ਨੂੰ ਵੀ ਮਾਰ ਦਿਓ।
30 ਪਰ ਮਰੇ ਹੋਏ ਬੰਦੇ ਦਾ ਪਰਿਵਾਰ ਪੈਸਾ ਪ੍ਰਵਾਨ ਕਰ ਸਕਦਾ ਹੈ, ਜੇ ਉਹ ਪੈਸਾ ਲੈ ਲੈਣ ਤਾਂ ਉਹ ਬੰਦਾ ਜਿਸਦਾ ਬਲਦ ਸੀ, ਨਹੀਂ ਮਾਰਿਆ ਜਾਣਾ ਚਾਹੀਦਾ। ਪਰ ਉਸਨੂੰ ਓਨਾ ਪੈਸਾ ਜ਼ਰੂਰ ਦੇਣਾ ਚਾਹੀਦਾ ਹੈ ਜਿੰਨਾ ਨਿਆਂਕਾਰ ਆਖੇ।
31 “ਉਸੇ ਨੇਮ ਦੀ ਪਾਲਣਾ ਉਦੋਂ ਵੀ ਕਰਨੀ ਚਾਹੀਦੀ ਹੈ ਜਦੋਂ ਬਲਦ ਕਿਸੇ ਬੰਦੇ ਦੇ ਪੁੱਤਰ ਜਾਂ ਧੀ ਨੂੰ ਮਾਰ ਦੇਵੇ।
32 ਪਰ ਜੇ ਬਲਦ ਕਿਸੇ ਗੁਲਾਮ ਨੂੰ ਮਾਰ ਦੇਵੇ ਤਾਂ ਬਲਦ ਦੇ ਮਾਲਕ ਨੂੰ (ਗੁਲਾਮ ਦੇ) ਮਾਲਕ ਨੂੰ 30 ਚਾਂਦੀ ਦੇ ਸਿੱਕੇ ਦੇਣੇ ਚਾਹੀਦੇ ਹਨ। ਅਤੇ ਬਲਦ ਨੂੰ ਵੀ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਇਹ ਨੇਮ ਦਾਸਾਂ ਅਤੇ ਦਾਸੀਆਂ ਦੋਹਾਂ ਲਈ ਇੱਕ ਜਿਹਾ ਹੋਵੇਗਾ।
33 “ਹੋ ਸਕਦਾ ਹੈ ਕਿ ਕੋਈ ਬੰਦਾ ਖੂਹ ਤੋਂ ਢੱਕਣ ਲਾਹ ਦੇਵੇ ਜਾਂ ਉਹ ਕੋਈ ਟੋਆ ਪੁੱਟੇ ਅਤੇ ਇਸਨੂੰ ਢਕੇ ਨਾ। ਜੇ ਕਿਸੇ ਹੋਰ ਬੰਦੇ ਦਾ ਜਾਨਵਰ ਆਉਂਦਾ ਹੈ ਅਤੇ ਟੋਏ ਵਿੱਚ ਡਿੱਗ ਪੈਂਦਾ ਹੈ, ਤਾਂ ਟੋਏ ਦਾ ਮਾਲਕ ਦੋਸ਼ੀ ਹੈ।
34 ਜਿਸ ਬੰਦੇ ਦਾ ਟੋਆ ਹੈ ਉਸਨੂੰ ਜਾਨਵਰ ਦੀ ਕੀਮਤ ਅਦਾ ਕਰਨੀ ਚਾਹੀਦੀ ਹੈ। ਪਰ ਜਦੋਂ ਉਹ ਜਾਨਵਰ ਦੀ ਕੀਮਤ ਦੇ ਦਿੰਦਾ ਹੈ ਤਾਂ ਉਹ ਜਾਨਵਰ ਦਾ ਸ਼ਰੀਰ ਰੱਖ ਸਕਦਾ ਹੈ।
35 “ਜੇ ਕਿਸੇ ਆਦਮੀ ਦਾ ਬਲਦ ਕਿਸੇ ਹੋਰ ਆਦਮੀ ਦੇ ਬਲਦ ਨੂੰ ਮਾਰ ਦੇਵੇ ਤਾਂ ਉਨ੍ਹਾਂ ਨੂੰ ਜਿਉਂਦਾ ਬਲਦ ਵੇਚ ਦੇਣਾ ਚਾਹੀਦਾ ਹੈ। ਦੋਹਾਂ ਆਦਮੀਆਂ ਨੂੰ ਬਲਦ ਵੇਚਕੇ ਮਿਲੇ ਪੈਸੇ ਦਾ ਅਧਾ-ਅਧਾ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਦੋਵੇਂ ਆਦਮੀ ਮਰੇ ਹੋਏ ਬਲਦ ਦਾ ਸ਼ਰੀਰ ਵੀ ਅਧਾ-ਅਧਾ ਹਿੱਸਾ ਲੈਣਗੇ।
36 ਪਰ ਜੇ ਉਸ ਆਦਮੀ ਦੇ ਬਲਦ ਨੇ ਪਹਿਲਾਂ ਵੀ ਹੋਰ ਜਾਨਵਰਾਂ ਨੂੰ ਜ਼ਖਮੀ ਕੀਤਾ ਹੋਵੇ ਤਾਂ ਮਾਲਕ ਆਪਣੇ ਬਲਦ ਲਾਈ ਜ਼ਿੰਮੇਵਾਰ ਹੈ। ਜੇ ਉਸਦਾ ਬਲਦ ਕਿਸੇ ਹੋਰ ਬਲਦ ਨੂੰ ਮਾਰ ਦਿੰਦਾ ਹੈ। ਤਾਂ ਉਹ ਦੋਸ਼ੀ ਹੈ ਕਿਉਂਕਿ ਉਸਨੇ ਬਲਦ ਖੁਲ੍ਹਾ ਛੱਡਿਆ। ਉਸ ਆਦਮੀ ਨੂੰ ਬਲਦ ਬਦਲੇ ਬਲਦ ਦੇਣਾ ਪਵੇਗਾ। ਉਸਨੂੰ ਆਪਣਾ ਬਲਦ ਮਰੇ ਹੋਏ ਬਲਦ ਬਦਲੇ ਦੇਣਾ ਪਵੇਗਾ।