ਖ਼ਰੋਜ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40

0:00
0:00

ਕਾਂਡ 16

ਫ਼ੇਰ ਲੋਕਾਂ ਨੇ ਏਲਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਆ ਗਏ, ਏਲਿਮ ਤੇ ਸੀਨਈ ਦੇ ਵਿਚਕਾਰ। ਉਥੇ ਉਹ ਮਿਸਰ ਛੱਡਣ ਤੋਂ ਬਾਦ ਦੂਸਰੇ ਮਹੀਨੇ ਦੀ ਪੰਦਰ੍ਹਾਂ ਤਾਰੀਕ ਨੂੰ ਪਹੁੰਚੇ।
2 ਤਾਂ ਇਸਰਾਏਲ ਦੇ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ। ਉਨ੍ਹਾਂ ਨੇ ਮਾਰੂਥਲ ਵਿੱਚ ਮੂਸਾ ਅਤੇ ਹਾਰੂਨ ਅੱਗੇ ਸ਼ਿਕਾਇਤ ਕੀਤੀ।
3 ਲੋਕਾਂ ਨੇ ਆਖਿਆ, “ਇਹ ਬਿਹਤਰ ਹੁੰਦਾ ਜੇ ਯਹੋਵਾਹ ਸਾਨੂੰ ਮਿਸਰ ਦੀ ਧਰਤੀ ਤੇ ਹੀ ਮਾਰ ਦਿੰਦਾ। ਘੱਟੋ-ਘੱਟ ਓਥੇ ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਲੋੜੀਂਦਾ ਸਾਰਾ ਭੋਜਨ ਸੀ। ਪਰ ਹੁਣ ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਇੱਥੇ ਅਸੀਂ ਸਾਰੇ ਭੁਖ ਨਾਲ ਮਰ ਜਾਵਾਂਗੇ।”
4 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਅਕਾਸ਼ ਤੋਂ ਭੋਜਨ ਵਰ੍ਹਾਵਾਂਗਾ। ਇਹ ਭੋਜਨ ਤੁਹਾਡੇ ਖਾਣ ਲਈ ਹੋਵੇਗਾ। ਹਰ ਰੋਜ਼ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਉਸ ਦਿਨ ਲਈ ਲੋੜੀਂਦਾ ਭੋਜਨ ਇਕਠਾ ਕਰਨਾ ਚਾਹੀਦਾ ਹੈ। ਮੈਂ ਅਜਿਹਾ ਇਹ ਦੇਖਣ ਲਈ ਕਰਾਂਗਾ ਕਿ ਲੋਕ ਓਹੀ ਕਰਦੇ ਹਨ ਜੋ ਮੈਂ ਉਨ੍ਹਾਂ ਨੂੰ ਆਖਦਾ ਹਾਂ।
5 ਹਰ ਰੋਜ਼ ਲੋਕ ਸਿਰਫ਼ ਇੱਕ ਦਿਨ ਲਈ ਕਾਫ਼ੀ ਭੋਜਨ ਇਕਠਾ ਕਰਨਗੇ। ਪਰ ਸ਼ੁਕਰਵਾਰ ਨੂੰ, ਜਦੋਂ ਲੋਕ ਆਪਣਾ ਭੋਜਨ ਇਕਠਾ ਕਰਨਗੇ ਤਾਂ ਉਹ ਦੇਖਣਗੇ ਕਿ ਉਨ੍ਹਾਂ ਕੋਲ ਦੋ ਦਿਨਾਂ ਲਈ ਕਾਫ਼ੀ ਭੋਜਨ ਹੈ।”
6 ਇਸ ਲਈ ਮੂਸਾ ਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਯਹੋਵਾਹ ਦੀ ਸ਼ਕਤੀ ਦੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਉਹੀ ਹੈ ਜੋ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ।
7 ਤੁਸੀਂ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਉਸਨੇ ਸੁਣ ਲਈ। ਇਸ ਲਈ ਕਲ ਸਵੇਰੇ ਤੁਸੀਂ ਯਹੋਵਾਹ ਦਾ ਪਰਤਾਪ ਦੇਖੋਂਗੇ। ਤੁਸੀਂ ਸਾਨੂੰ ਸ਼ਿਕਾਇਤਾਂ ਤੇ ਸ਼ਿਕਾਇਤਾਂ ਲਾਉਂਦੇ ਰਹੇ ਹੋ। ਸ਼ਾਇਦ ਹੁਣ ਤੁਸੀਂ ਕੁਝ ਅਰਾਮ ਕਰ ਸਕੋਂ।”
8 ਅਤੇ ਮੂਸਾ ਨੇ ਆਖਿਆ, “ਤੁਸੀਂ ਸ਼ਿਕਾਇਤਾਂ ਕਰ ਰਹੇ ਸੀ ਅਤੇ ਯਹੋਵਾਹ ਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਅੱਜ ਰਾਤ ਯਹੋਵਾਹ ਤੁਹਾਨੂੰ ਗੋਸ਼ਤ ਦੇਵੇਗਾ। ਅਤੇ ਸਵੇਰੇ ਤੁਹਾਨੂੰ ਸਾਰੀ ਲੋੜੀਂਦੀ ਰੋਟੀ ਮਿਲੇਗੀ। ਤੁਸੀਂ ਹਾਰੂਨ ਨੂੰ ਅਤੇ ਮੈਨੂੰ ਸ਼ਿਕਾਇਤਾਂ ਕਰਦੇ ਰਹੇ ਹੋ। ਪਰ ਹੁਣ, ਅਸੀਂ ਕੁਝ ਅਰਾਮ ਕਰ ਸਕਾਂਗੇ। ਚੇਤੇ ਰਖੋ, ਤੁਸੀਂ ਹਾਰੂਨ ਅਤੇ ਮੇਰੇ ਖਿਲਾਫ਼ ਸ਼ਿਕਾਇਤ ਨਹੀਂ ਕਰ ਰਹੇ। ਤੁਸੀਂ ਯਹੋਵਾਹ ਦੇ ਵਿਰੁੱਧ ਸ਼ਿਕਾਇਤ ਕਰ ਰਹੇ ਹੋ।”
9 ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਆਖੋ, ‘ਇਕਠੇ ਹੋਕੇ ਯਹੋਵਾਹ ਦੇ ਸਾਮ੍ਹਣੇ ਆਓ, ਕਿਉਂਕਿ ਉਸਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ।’”
10 ਹਾਰੂਨ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਉਹ ਸਾਰੇ ਇੱਕ ਥਾਂ ਇਕਠੇ ਹੋਏ ਸਨ। ਜਦੋਂ ਹਾਰੂਨ ਗੱਲ ਕਰ ਰਿਹਾ ਸੀ, ਸਾਰੇ ਲੋਕ ਮੁੜੇ ਅਤੇ ਮਾਰੂਥਲ ਵੱਲ ਦੇਖਣ ਲੱਗੇ। ਅਤੇ ਉਨ੍ਹਾਂ ਨੂੰ ਯਹੋਵਾਹ ਦਾ ਪਰਤਾਪ ਇੱਕ ਬੱਦਲ ਵਿੱਚ ਦਿਖਾਈ ਦਿੱਤਾ।
11 ਯਹੋਵਾਹ ਨੇ ਮੂਸਾ ਨੂੰ ਆਖਿਆ,
12 “ਮੈਂ ਇਸਰਾਏਲ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਉਨ੍ਹਾਂ ਨੂੰ ਆਖੋ, “ਅੱਜ ਤੁਸੀਂ ਗੋਸ਼ਤ ਖਾਵੋਂਗੇ। ਅਤੇ ਸਵੇਰ ਨੂੰ ਤੁਸੀਂ ਸਾਰੀ ਲੋੜੀਂਦੀ ਰੋਟੀ ਖਾਵੋਂਗੇ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਵਿੱਚ ਭਰੋਸਾ ਕਰ ਸਕਦੇ ਹੋ।’”
13 ਉਸ ਰਾਤ ਨੂੰ ਕੋਇਲਾਂ ਡੇਰੇ ਦੇ ਚਾਰ ਚੁਫ਼ੇਰੇ ਆਈਆਂ। ਲੋਕਾਂ ਨੇ ਗੋਸ਼ਤ ਲਈ ਇਹ ਪੰਛੀ ਫ਼ੜ ਲਈ। ਅਤੇ ਸਵੇਰੇ ਡੇਰੇ ਦੇ ਨੇੜੇ ਧਰਤੀ ਉੱਤੇ ਸਵੇਰ ਦੀ ਤ੍ਰੇਲ ਪਈ ਸੀ।
14 ਜਦੋਂ ਤ੍ਰੇਲ ਸੁੱਕ ਗਈ ਤਾਂ ਧਰਤੀ ਉੱਤੇ ਕੋਰੇ ਦੀਆਂ ਪਤਲੀਆਂ ਪਰਤਾਂ ਵਰਗੀ ਕੋਈ ਚੀਜ਼ ਪਈ ਸੀ।
15 ਇਸਰਾਏਲ ਦੇ ਲੋਕਾਂ ਨੇ ਇਸਨੂੰ ਦੇਖਿਆ ਅਤੇ ਇੱਕ ਦੂਜੇ ਨੂੰ ਪੁਛਣ ਲੱਗੇ, “ਇਹ ਕੀ ਹੈ?” ਉਹ ਇਹ ਸਵਾਲ ਪੁਛ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕੀ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਉਹ ਭੋਜਨ ਹੈ ਜੋ ਯਹੋਵਾਹ ਤੁਹਾਨੂੰ ਖਾਣ ਲਈ ਦੇ ਰਿਹਾ ਹੈ।
16 ਯਹੋਵਾਹ ਆਖਦਾ ਹੈ, ‘ਹਰੇਕ ਬੰਦੇ ਨੂੰ ਓਨਾ ਹੀ ਇਕਠਾ ਕਰਨਾ ਚਾਹੀਦਾ ਹੈ ਜਿੰਨਾ ਉਸਨੂੰ ਲੋੜੀਂਦਾ ਹੈ। ਤੁਹਾਡੇ ਵਿੱਚ ਹਰੇਕ ਨੂੰ ਤਕਰੀਬਨ ਦੋ ਓਮਰ ਪਰਿਵਾਰ ਦੇ ਹਰ ਬੰਦੇ ਲਈ ਇਕਠਾ ਕਰਨਾ ਚਾਹੀਦਾ ਹੈ।’”
17 ਇਸ ਲਈ ਇਸਰਾਏਲ ਦੇ ਲੋਕਾਂ ਨੇ ਅਜਿਹਾ ਹੀ ਕੀਤਾ। ਹਰੇਕ ਬੰਦੇ ਨੇ ਆਪਣਾ ਭੋਜਨ ਇਕਠਾ ਕੀਤਾ। ਕੁਝ ਬੰਦਿਆਂ ਨੇ ਹੋਰਨਾਂ ਨਾਲੋਂ ਵਧ ਇਕਠਾ ਕੀਤਾ।
18 ਲੋਕਾਂ ਨੇ ਘਰ ਦੇ ਹਰ ਜੀਅ ਨੂੰ ਭੋਜਨ ਦਿੱਤਾ। ਜਦੋਂ ਭੋਜਨ ਮਾਪਿਆ ਜਾਂਦਾ, ਹਰੇਕ ਬੰਦੇ ਲਈ ਕਾਫ਼ੀ ਹੁੰਦਾ, ਪਰ ਕਦੇ ਵੀ ਬਹੁਤਾ ਜ਼ਿਆਦਾ ਨਹੀਂ। ਹਰ ਬੰਦਾ ਸਿਰਫ਼ ਓਨਾ ਹੀ ਇਕਠਾ ਕਰਦਾ ਸੀ ਜਿੰਨਾ ਉਸਦੇ ਅਤੇ ਉਸਦੇ ਪਰਿਵਾਰ ਲਈ ਕਾਫ਼ੀ ਹੁੰਦਾ ਸੀ।
19 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਅਗਲੇ ਦਿਨ ਖਾਣ ਲਈ ਭੋਜਨ ਨਾ ਬਚਾਓ।”
20 ਪਰ ਕੁਝ ਲੋਕਾਂ ਨੇ ਮੂਸਾ ਦੀ ਗੱਲ ਨਹੀਂ ਮੰਨੀ। ਇਨ੍ਹਾਂ ਲੋਕਾਂ ਨੇ ਅਗਲੇ ਦਿਨ ਲਈ ਆਪਣਾ ਭੋਜਨ ਬਚਾਇਆ। ਪਰ ਭੋਜਨ ਵਿੱਚ ਕੀੜੇ ਪੈ ਗਏ ਅਤੇ ਇਹ ਸੜਨ ਲੱਗਾ। ਮੂਸਾ ਉਨ੍ਹਾਂ ਲੋਕਾਂ ਨਾਲ ਗੁੱਸੇ ਸੀ ਜਿਨ੍ਹਾਂ ਨੇ ਅਜਿਹਾ ਕੀਤਾ ਸੀ।
21 ਹਰ ਸਵੇਰ ਲੋਕ ਭੋਜਨ ਇਕਠਾ ਕਰਦੇ ਸਨ। ਹਰੇਕ ਬੰਦਾ ਓਨਾ ਹੀ ਜਮ੍ਹਾਂ ਕਰਦਾ ਜਿੰਨਾ ਉਹ ਖਾ ਸਕਦਾ ਸੀ। ਪਰ ਦੁਪਿਹਰ ਵੇਲੇ ਭੋਜਨ ਪਿਘਲ ਜਾਂਦਾ ਅਤੇ ਚਲਿਆ ਜਾਂਦਾ।
22 ਸ਼ੁਕਰਵਾਰ ਨੂੰ ਲੋਕਾਂ ਨੇ ਦੁੱਗਣਾ ਭੋਜਨ ਇਕਠਾ ਕੀਤਾ। ਉਨ੍ਹਾਂ ਨੇ ਹਰ ਬੰਦੇ ਲਈ ਦੋ ਓਮਰ ਜਮ੍ਹਾ ਕੀਤਾ। ਇਸ ਲਈ ਲੋਕਾਂ ਦੇ ਆਗੂ ਮੂਸਾ ਕੋਲ ਆਏ ਅਤੇ ਇਸ ਬਾਰੇ ਦੱਸਿਆ।
23 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਸੀ ਜਿਸਦੇ ਵਾਪਰਨ ਬਾਰੇ ਯਹੋਵਾਹ ਨੇ ਆਖਿਆ ਸੀ। ਇਹ ਇਸ ਲਈ ਵਾਪਰਿਆ ਕਿਉਂਕਿ ਕਲ ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਦਿਨ, ਸਬਤ ਹੈ। ਤੁਸੀਂ ਓਨਾ ਭੋਜਨ ਪਕਾ ਸਕਦੇ ਹੋ ਜਿੰਨਾ ਤੁਹਾਨੂੰ ਅੱਜ ਲੋੜੀਂਦਾ ਹੈ। ਪਰ ਬਾਕੀ ਦਾ ਭੋਜਨ ਕਲ ਸਵੇਰ ਲਈ ਬਚਾ ਲਵੋ।”
24 ਇਸ ਲਈ ਲੋਕਾਂ ਨੇ ਬਾਕੀ ਦਾ ਭੋਜਨ ਅਗਲੇ ਦਿਨ ਲਈ ਬਚਾ ਲਿਆ। ਅਤੇ ਕੋਈ ਵੀ ਭੋਜਨ ਖਰਾਬ ਨਹੀਂ ਹੋਇਆ। ਇਸਦੇ ਕਿਸੇ ਵੀ ਹਿੱਸੇ ਵਿੱਚ ਕੀੜੇ ਦਾਖਲ ਨਹੀਂ ਹੋਏ।
25 ਸ਼ਨਿਚਰਵਾਰ ਨੂੰ, ਮੂਸਾ ਨੇ ਲੋਕਾਂ ਨੂੰ ਆਖਿਆ, “ਅੱਜ ਸਬਤ ਹੈ, ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਦਿਨ ਹੈ। ਕਲ ਦਾ ਇੱਕਤ੍ਰ ਕੀਤਾ ਹੋਇਆ ਭੋਜਨ ਖਾਵੋ। ਅੱਜ ਤੁਹਾਨੂੰ ਖੇਤਾਂ ਵਿੱਚੋਂ ਕੁਝ ਨਹੀਂ ਮਿਲੇਗਾ।
26 ਤੁਹਾਨੂੰ ਛੇ ਦਿਨ ਭੋਜਨ ਇਕਠਾ ਕਰਨਾ ਚਾਹੀਦਾ ਹੈ। ਪਰ ਹਫ਼ਤੇ ਦਾ ਸੱਤਵਾਂ ਦਿਨ ਅਰਾਮ ਕਰਨ ਦਾ ਦਿਨ ਹੈ - ਇਸ ਲਈ ਏਸ ਦਿਨ ਕੋਈ ਵੀ ਖਾਸ ਭੋਜਨ ਧਰਤੀ ਤੇ ਨਹੀਂ ਹੋਵੇਗਾ।”
27 ਸ਼ਨਿਚਰਵਾਰ ਨੂੰ ਕੁਝ ਲੋਕ ਭੋਜਨ ਇਕਠਾ ਕਰਨ ਲਈ ਬਾਹਰ ਗਏ ਪਰ ਉਨ੍ਹਾਂ ਨੂੰ ਕੋਈ ਭੋਜਨ ਨਹੀਂ ਮਿਲਿਆ।
28 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਕਿੰਨਾ ਕੁ ਚਿਰ ਤੁਸੀਂ ਲੋਕ ਮੇਰੇ ਹੁਕਮ ਤੇ ਬਿਵਸਥਾਵਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੋਂਗੇ?
29 ਦੇਖੋ, ਯਹੋਵਾਹ ਨੇ ਸਬਤ ਨੂੰ ਤੁਹਾਡੇ ਲਈ ਅਰਾਮ ਕਰਨ ਦਾ ਦਿਨ ਬਣਾਇਆ ਹੈ। ਇਸ ਲਈ, ਸ਼ੁਕਰਵਾਰ ਨੂੰ ਯਹੋਵਾਹ ਤੁਹਾਨੂੰ ਦੋ ਦਿਨਾਂ ਲਈ ਕਾਫ਼ੀ ਭੋਜਨ ਦੇਵੇਗਾ। ਫ਼ੇਰ ਸਬਤ ਦੇ ਦਿਨ, ਤੁਹਾਡੇ ਵਿੱਚੋਂ ਹਰੇਕ ਨੂੰ ਬਹਿਕੇ ਅਰਾਮ ਕਰਨਾ ਚਾਹੀਦਾ ਹੈ। ਓਥੇ ਹੀ ਠਹਿਰੋ ਜਿਥੇ ਤੁਸੀਂ ਹੋ।”
30 ਇਸ ਲਈ ਲੋਕ ਸਬਤ ਦੇ ਦਿਨ ਅਰਾਮ ਕਰਦੇ ਸਨ।
31 ਲੋਕਾਂ ਨੇ ਖਾਸ ਭੋਜਨ ਨੂੰ “ਮੰਨ” ਆਖਣਾ ਸ਼ੁਰੂ ਕਰ ਦਿੱਤਾ। ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਕੇਕ ਵਰਗਾ ਸੀ।
32 ਮੂਸਾ ਨੇ ਆਖਿਆ, “ਯਹੋਵਾਹ ਨੇ ਆਖਿਆ ਸੀ; ‘ਇਸ ਭੋਜਨ ਦੇ ਅਠ ਕੱਪ ਆਪਣੇ ਉੱਤਰਾਧਿਕਾਰੀਆਂ ਲਈ ਬਚਾ ਲਵੋ। ਫ਼ੇਰ ਉਹ ਇਸ ਭੋਜਨ ਨੂੰ ਦੇਖ ਸਕਣਗੇ ਜਿਹੜਾ ਮੈਂ ਤੁਹਾਨੂੰ ਉਦੋਂ ਮਾਰੂਥਲ ਵਿੱਚ ਦਿੱਤਾ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’”
33 ਇਸ ਲਈ ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਜੱਗ ਲਵੋ ਅਤੇ ਇਸ ਵਿੱਚ ਅਠ ਕੱਪ ਮੰਨ ਦੇ ਭਰੋ। ਇਸ ਮੰਨ ਨੂੰ ਯਹੋਵਾਹ ਦੇ ਅੱਗੇ ਰੱਖਣ ਲਈ ਬਚਾਵੋ। ਇਸ ਨੂੰ ਸਾਡੇ ਉੱਤਰਾਧਿਕਾਰੀਆਂ ਲਈ ਬਚਾਵੋ।”
34 (ਹਾਰੂਨ ਨੇ ਬਾਦ ਵਿੱਚ ਓਵੇਂ ਹੀ ਕੀਤਾ ਜਿਸ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਮੰਨ ਵਾਲਾ ਜੱਗ ਇਕਰਾਰਨਾਮੇ ਦੇ ਸਾਮ੍ਹਣੇ ਰੱਖਿਆ।)
35 ਇਸਰਾਏਲ ਦੇ ਲੋਕਾਂ ਨੇ 40 ਸਾਲਾਂ ਤੀਕ ਮੰਨ ਖਾਧਾ। ਜਦੋਂ ਤੱਕ ਉਹ ਰਹਿਣ ਯੋਗ ਧਰਤੀ ਤੇ ਨਹੀਂ ਪਹੁੰਚ ਗਏ, ਜੋ ਕਿ ਕਨਾਨ ਦੀ ਧਰਤੀ ਦੀ ਸੀਮਾ ਤੇ ਹੈ।
36 (ਜਿਸ ਪੈਮਾਨੇ ਦੀ ਵਰਤੋਂ ਉਨ੍ਹਾਂ ਨੇ ਮੰਨ ਲਈ ਕੀਤੀ ਉਹ ਇੱਕ ਓਮਰ ਸੀ। ਇੱਕ ਓਮਰ ਤਕਰੀਬਨ 8 ਕੱਪ ਦੇ ਬਰਾਬਰ ਸੀ।)