ਰੋਮੀਆਂ
ਕਾਂਡ 5
ਸੋ ਜਦੋਂ ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਵੱਲ ਸ਼ਾਂਤੀ ਰੱਖੀਏ।
2 ਜਿਹ ਦੇ ਰਾਹੀਂ ਵੀ ਅਸੀਂ ਨਿਹਚਾ ਨਾਲ ਓਸ ਕਿਰਪਾ ਵਿੱਚ ਅੱਪੜੇ ਜਿਹ ਦੇ ਉੱਤੇ ਖਲੋਤੇ ਹਾਂ, ਅਤੇ ਪਰਮੇਸ਼ੁਰ ਦੇ ਪਰਤਾਪ ਦੀ ਆਸ ਉੱਤੇ ਅਭਮਾਨ ਕਰੀਏ ।
3 ਨਿਰਾ ਇਹੋ ਨਹੀਂ ਸਗੋਂ ਬਿਪਤਾਂ ਵਿੱਚ ਵੀ ਅਭਮਾਨ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਭਈ ਬਿਪਤਾ ਧੀਰਜ ਪੈਦਾ ਕਰਦੀ ਹੈ।
4 ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ।
5 ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ।
6 ਜਦੋਂ ਅਸੀਂ ਨਿਰਬਲ ਹੀ ਸਾਂ ਤਦੋਂ ਮਸੀਹ ਵੇਲੇ ਸਿਰ ਕੁਧਰਮੀਆਂ ਦੇ ਲਈ ਮੋਇਆ।
7 ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਭੀ ਤਿਆਰ ਹੋ ਜਾਵੇ।
8 ਪਰੰਤੂ ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।
9 ਸੋ ਜਦੋਂ ਅਸੀਂ ਹੁਣ ਉਹ ਦੇ ਲਹੂ ਨਾਲ ਧਰਮੀ ਠਹਿਰਾਏ ਗਏ ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੋਧ ਤੋਂ ਬਚ ਜਾਵਾਂਗੇ।
10 ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤ੍ਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹ ਦੇ ਜੀਵਨ ਦੁਆਰਾ ਬਚ ਜਾਵਾਂਗੇ।
11 ਅਤੇ ਨਿਰਾ ਇਹੋ ਨਹੀਂ ਸਗੋਂ ਅਸੀਂ ਪਰਮੇਸ਼ੁਰ ਉੱਤੇ ਭੀ ਆਪਣੇ ਪ੍ਰਭੁ ਯਿਸੂ ਮਸੀਹ ਦੇ ਵਸੀਲੇ ਨਾਲ ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਅਭਮਾਨ ਕਰਦੇ ਹਾਂ।
12 ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।
13 ਸ਼ਰਾ ਦੇ ਸਮੇਂ ਤੀਕ ਪਾਪ ਤਾਂ ਸੰਸਾਰ ਵਿੱਚ ਹੈਸੀ ਪਰ ਜਿੱਥੇ ਸ਼ਰਾ ਨਹੀਂ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ।
14 ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤਾਈਂ ਮੌਤ ਨੇ ਉਨ੍ਹਾਂ ਉੱਤੇ ਭੀ ਰਾਜ ਕੀਤਾ ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ। ਇਹ ਆਦਮ ਆਉਣ ਵਾਲੇ ਦਾ ਨਮੂਨਾ ਸੀ।
15 ਪਰ ਇਉਂ ਨਹੀਂ ਭਈ ਜਿਹਾ ਅਪਰਾਧ ਹੋਇਆ ਤਿਹੀ ਹੀ ਬਖ਼ਸ਼ੀਸ ਵੀ ਹੋਈ ਕਿਉਂਕਿ ਜਦ ਇੱਕ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ੁਰ ਦੀ ਕਿਰਪਾ ਅਤੇ ਉਹ ਬਖ਼ਸ਼ੀਸ ਜਿਹੜੀ ਇੱਕੋ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦੇ ਕਾਰਨ ਸੀ ਬਹੁਤਿਆਂ ਲੋਕਾਂ ਲਈ ਵਾਫ਼ਰ ਪਰਗਟ ਹੋਈ।
16 ਅਤੇ ਜਿਵੇਂ ਇੱਕ ਪਾਪ ਕਰਨ ਵਾਲੇ ਦੇ ਕਾਰਨ ਫਲ ਹੋਇਆ ਤਿਵੇਂ ਹੀ ਬਖ਼ਸ਼ੀਸ ਦਾ ਹਾਲ ਨਹੀਂ, ਸਗੋਂ ਇੱਕ ਜਣੇ ਦੇ ਉੱਤੇ ਦੇ ਨਿਆਉਂ ਨੇ ਸਜ਼ਾ ਦਾ ਹੁਕਮ ਲਿਆਂਦਾ ਪਰ ਉਸ ਬਖ਼ਸ਼ੀਸ ਨੇ ਬਹੁਤ ਸਾਰੇ ਅਪਰਾਧਾਂ ਤੋਂ ਧਰਮੀ ਠਹਿਰਾਉਣ ਦਾ ਹੱਕ ਲਿਆਂਦਾ।
17 ਜਦੋਂ ਉਸ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧੀਕ ਓਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਰਮ ਦੀ ਬਖ਼ਸ਼ੀਸ ਵਾਫ਼ਰ ਮਿਲੀ ਹੈ ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ ।
18 ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਭਨਾਂ ਮਨੁੱਖਾਂ ਉੱਤੇ ਦੋਸ਼ ਲੱਗਾ ਤਿਵੇਂ ਹੀ ਧਰਮ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ।
19 ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਣਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ ਤਿਵੇਂ ਹੀ ਇਸ ਇੱਕ ਦੀ ਆਗਿਆਕਾਰੀ ਦੇ ਕਾਰਨ ਵੀ ਬਹੁਤ ਧਰਮੀ ਠਹਿਰਾਏ ਜਾਣਗੇ।
20 ਨਾਲੇ ਸ਼ਰਾ ਭੀ ਆਈ ਭਈ ਅਪਰਾਧ ਬਾਹਲਾ ਹੋਵੇ ਪਰ ਜਿੱਥੇ ਪਾਪ ਬਾਹਲਾ ਹੋਇਆ ਉੱਥੇ ਹੀ ਕਿਰਪਾ ਅੱਤ ਵਧੀਕ ਹੋਈ।
21 ਇਸ ਲਈ ਕਿ ਜਿਵੇਂ ਪਾਪ ਨੇ ਮੌਤ ਨਾਲ ਰਾਜ ਕੀਤਾ ਤਿਵੇਂ ਕਿਰਪਾ ਭੀ ਯਿਸੂ ਮਸੀਹ ਸਾਡੇ ਪ੍ਰਭੁ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਰਮ ਦੇ ਰਾਹੀਂ ਰਾਜ ਕਰੇ।