ਰੋਮੀਆਂ
ਕਾਂਡ 11
ਸੋ ਮੈਂ ਆਖਦਾ ਹਾਂ, ਕੀ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ ? ਕਦੇ ਨਹੀਂ ! ਮੈਂ ਵੀ ਤਾਂ ਇਸਰਾਏਲੀ, ਅਬਰਾਹਾਮ ਦੇ ਵੰਸ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ।
2 ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਜਿਹ ਨੂੰ ਉਸ ਨੇ ਅੱਗਿਓਂ ਹੀ ਜਾਣਿਆ ਨਹੀਂ ਛੱਡੀ। ਭਲਾ, ਤੁਸੀਂ ਨਹੀਂ ਜਾਣਦੇ ਜੋ ਧਰਮ ਪੁਸਤਕ ਏਲੀਯਾਹ ਦੀ ਕਥਾ ਵਿੱਚ ਕੀ ਕਹਿੰਦਾ ਹੈ ਭਈ ਓਹ ਪਰਮੇਸ਼ੁਰ ਦੇ ਅੱਗੇ ਇਸਰਾਏਲ ਉੱਤੇ ਕਿਸ ਤਰਾਂ ਫ਼ਰਿਯਾਦ ਕਰਦਾ ਹੈ ?
3 ਕਿ ਹੇ ਪ੍ਰਭੁ, ਓਹਨਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ, ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਮੈਂ ਹੀ ਇੱਕਲਾ ਰਹਿ ਗਿਆ ਅਤੇ ਓਹ ਮੇਰੀ ਜਾਨ ਦੇ ਮਗਰ ਲੱਗੇ ਹੋਏ ਹਨ।
4 ਪਰ ਉਹ ਨੂੰ ਕੀ ਸੁਰਗੀ ਬਾਣੀ ਮਿਲੀ ? ਏਹ, ਕਿ ਮੈਂ ਆਪਣੇ ਲਈ ਸੱਤ ਹਜ਼ਾਰ ਪੁਰਖਾਂ ਨੂੰ ਰੱਖ ਛੱਡਿਆ ਹੈ ਜਿਨ੍ਹਾਂ ਬਆਲ ਦੇ ਅੱਗੇ ਗੋਡਾ ਨਹੀਂ ਟੇਕਿਆ।
5 ਇਸੇ ਤਰਾਂ ਹੁਣ ਭੀ ਕਿਰਪਾ ਦੀ ਚੋਣ ਅਨੁਸਾਰ ਇੱਕ ਬਕੀਆ ਹੈ।
6 ਪਰ ਇਹ ਜੇ ਕਿਰਪਾ ਤੋਂ ਹੋਇਆ ਤਾਂ ਫੇਰ ਕਰਨੀਆਂ ਤੋਂ ਨਹੀਂ। ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ।
7 ਤਾਂ ਫੇਰ ਕੀ ? ਜਿਸ ਗੱਲ ਨੂੰ ਇਸਰਾਏਲ ਭਾਲਦਾ ਹੈ ਸੋ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ ਅਤੇ ਬਾਕੀ ਦੇ ਬੁੱਧੂ ਕੀਤੇ ਗਏ।
8 ਜਿਵੇਂ ਲਿਖਿਆ ਹੋਇਆ ਹੈ,-ਪਰਮੇਸ਼ੁਰ ਨੇ ਅੱਜ ਤੀਕੁਰ ਓਹਨਾਂ ਨੂੰ ਸੁਸਤ ਤਬੀਅਤ ਦਿੱਤੀ, ਅੱਖਾਂ ਜੋ ਨਾ ਵੇਖਣ ਅਤੇ ਕੰਨ ਜੋ ਨਾ ਸੁਣਨ।
9 ਅਤੇ ਦਾਊਦ ਆਖਦਾ ਹੈ,-ਓਹਨਾਂ ਦੀ ਮੇਜ਼ ਫਾਹੀ ਅਤੇ ਫੰਦਾ, ਠੋਕਰ ਅਤੇ ਬਦਲਾ ਬਣ ਜਾਵੇ।
10 ਓਹਨਾਂ ਦੀਆਂ ਅੱਖਾਂ ਉੱਤੇ ਅਨ੍ਹੇਰਾ ਛਾ ਜਾਵੇ ਜੋ ਓਹ ਨਾ ਵੇਖਣ, ਅਤੇ ਓਹਨਾਂ ਦੀ ਪਿੱਠ ਸਦਾ ਤੀਕ ਝੁਕਾਈ ਰੱਖ !
11 ਉਪਰੰਤ ਮੈਂ ਆਖਦਾ ਹਾਂ, ਭਲਾ ਓਹਨਾਂ ਇਸ ਲਈ ਠੇਡਾ ਖਾਧਾ ਜੋ ਡਿੱਗ ਪੈਣ ? ਕਦੇ ਨਹੀਂ ! ਸਗੋਂ ਓਹਨਾਂ ਦੀ ਭੁੱਲ ਦੇ ਕਾਰਨ ਪਰਾਈਆਂ ਕੌਮਾਂ ਨੂੰ ਮੁਕਤੀ ਪ੍ਰਾਪਤ ਹੋਈ ਭਈ ਓਹਨਾਂ ਨੂੰ ਅਣਖੀ ਬਣਾਵੇ।
12 ਜੇ ਓਹਨਾਂ ਦੀ ਭੁੱਲ ਸੰਸਾਰ ਦਾ ਧਨ ਅਤੇ ਓਹਨਾਂ ਦਾ ਘਾਟਾ ਪਰਾਈਆਂ ਕੌਮਾਂ ਦਾ ਧਨ ਹੋਇਆ ਤਾਂ ਓਹਨਾਂ ਦੀ ਭਰਪੂਰੀ ਕੀ ਕੁਝ ਨਾ ਹੋਵੇਗੀ !
13 ਪਰ ਮੈਂ ਤੁਸਾਂ ਪਰਾਈ ਕੌਮ ਵਾਲਿਆਂ ਨਾਲ ਬੋਲਦਾ ਹਾਂ। ਫੇਰ ਮੈਂ ਜੋ ਪਰਾਈਆਂ ਕੌਮਾਂ ਦਾ ਰਸੂਲ ਹਾਂ ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ।
14 ਭਈ ਮੈਂ ਕਿਵੇਂ ਆਪਣੀ ਜੱਦ ਨੂੰ ਅਣਖੀ ਬਣਾਵਾਂ ਅਤੇ ਓਹਨਾਂ ਵਿੱਚੋਂ ਕਈਆਂ ਨੂੰ ਬਚਾਵਾਂ।
15 ਕਿਉਂਕਿ ਜੇ ਓਹਨਾਂ ਦਾ ਰੱਦਣਾ ਸੰਸਾਰ ਦਾ ਮਿਲਾਪ ਹੋਇਆ ਤਾਂ ਓਹਨਾਂ ਦਾ ਕਬੂਲ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਿਨਾ ਹੋਰ ਕੀ ਹੋਵੇਗਾ ?
16 ਅਤੇ ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰੀ ਤੌਣ ਭੀ ਪਵਿੱਤਰ ਹੋਵੇਗੀ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਡਾਲੀਆਂ ਭੀ ਪਵਿੱਤਰ ਹੋਣਗੀਆਂ।
17 ਪਰ ਜੇ ਡਾਲੀਆਂ ਵਿੱਚੋਂ ਕਈਕੁ ਤੋੜੀਆਂ ਗਈਆਂ ਅਤੇ ਤੂੰ ਜਿਹੜਾ ਜੰਗਲੀ ਜ਼ੈਤੂਨ ਸੈਂ ਓਹਨਾਂ ਵਿੱਚ ਪੇਉਂਦ ਚਾੜ੍ਹਿਆ ਗਿਆ ਅਤੇ ਜ਼ੈਤੂਨ ਦੀ ਜੜ੍ਹ ਦੇ ਰਸ ਦਾ ਸਾਂਝੀ ਹੋਇਆ ਹੈਂ।
18 ਤਾਂ ਉਨ੍ਹਾਂ ਡਾਲੀਆਂ ਉੱਤੇ ਘਮੰਡ ਨਾ ਕਰ ਅਤੇ ਭਾਵੇਂ ਤੂੰ ਘਮੰਡ ਕਰੇਂ ਤਾਂ ਵੀ ਤੂੰ ਜੜ੍ਹ ਨੂੰ ਨਹੀਂ ਸਮ੍ਹਾਲਦਾ ਪਰ ਜੜ੍ਹ ਤੈਨੂੰ ਸਮ੍ਹਾਲਦੀ ਹੈ।
19 ਫੇਰ ਤੂੰ ਆਖੇਂਗਾ, ਡਾਲੀਆਂ ਇਸ ਲਈ ਤੋੜੀਆਂ ਗਈਆਂ ਭਈ ਮੈਂ ਪੇਉਂਦ ਚਾੜ੍ਹਿਆ ਜਾਵਾਂ।
20 ਹੱਛਾ ਓਹ ਤਾਂ ਬੇਪਰਤੀਤੀ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਪਰਤੀਤ ਹੀ ਦੇ ਕਾਰਨ ਖਲੋਤਾ ਹੈਂ। ਗਰਬ ਨਾ ਕਰ ਸਗੋਂ ਡਰ।
21 ਕਿਉਂਕਿ ਜਦੋਂ ਪਰਮੇਸ਼ੁਰ ਨੇ ਅਸਲੀ ਡਾਲੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਭੀ ਨਾ ਛੱਡੇਗਾ।
22 ਸੋ ਪਰਮੇਸ਼ੁਰ ਦੀ ਦਿਆਲਗੀ ਅਤੇ ਕਰੜਾਈ ਵੇਖ। ਕਰੜਾਈ ਓਹਨਾਂ ਉੱਤੇ ਜਿਹੜੇ ਡਿੱਗ ਪਏ ਹਨ ਪਰ ਪਰਮੇਸ਼ੁਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇਂ। ਨਹੀਂ ਤਾਂ ਤੂੰ ਭੀ ਵੱਢਿਆ ਜਾਵੇਂਗਾ।
23 ਅਤੇ ਓਹ ਵੀ ਜੋ ਬੇਪਰਤੀਤੀ ਵਿੱਚ ਟਿਕੇ ਨਾ ਰਹਿਣ ਤਾਂ ਪੇਉਂਦ ਚਾੜ੍ਹੇ ਜਾਣਗੇ ਕਿਉਂ ਜੋ ਪਰਮੇਸ਼ੁਰ ਨੂੰ ਸਮਰੱਥਾ ਹੈ ਜੋ ਉਨ੍ਹਾਂ ਨੂੰ ਫੇਰ ਪੇਉਂਦ ਚਾੜ੍ਹੇ।
24 ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਢਿਆ ਗਿਆ ਜਿਹੜਾ ਸੁਭਾਉ ਕਰਕੇ ਜੰਗਲੀ ਹੈ ਅਤੇ ਸੁਭਾਉ ਦੇ ਵਿਰੁੱਧ ਚੰਗੇ ਜ਼ੈਤੂਨ ਦੇ ਰੁੱਖ ਨੂੰ ਪੇਉਂਦ ਚਾੜ੍ਹਿਆ ਗਿਆ ਤਾਂ ਏਹ ਜਿਹੜੀਆਂ ਅਸਲੀ ਡਾਲੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਨੂੰ ਕਿੰਨਾ ਕੁ ਵਧ ਕੇ ਪੇਉਂਦ ਨਾ ਚਾੜ੍ਹੀਆਂ ਜਾਣਗੀਆਂ !
25 ਹੁਣ ਹੇ ਭਰਾਵੋ, ਕਿਤੇ ਐਉਂ ਨਾ ਹੋਵੇ ਜੋ ਤੁਸੀਂ ਆਪਣੀ ਜਾਚ ਵਿੱਚ ਸਿਆਣੇ ਬਣ ਬੈਠੋ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ ਭਈ ਕੁਝ ਕਠੋਰਤਾ ਇਸਰਾਏਲ ਉੱਤੇ ਆਣ ਪਈ ਹੈ ਅਤੇ ਪਈ ਰਹੇਗੀ ਜਿੰਨਾ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ।
26 ਅਤੇ ਇਸੇ ਤਰਾਂ ਸਾਰਾ ਇਸਰਾਏਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ,-ਇਸਰਾਏਲ ਦਾ ਛੁਡਾਉਣ ਵਾਲਾ ਸੀਯੋਨ ਤੋਂ ਨਿੱਕਲੇਗਾ, ਉਹ ਯਾਕੂਬ ਤੋਂ ਅਭਗਤੀ ਹਟਾਵੇਗਾ,
27 ਅਤੇ ਓਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜਾਂ ਮੈਂ ਓਹਨਾਂ ਦੇ ਪਾਪ ਚੁੱਕ ਲੈ ਜਾਵਾਂਗਾ।
28 ਇੰਜੀਲ ਦੇ ਅਨੁਸਾਰ ਓਹ ਤੁਹਾਡੇ ਕਾਰਨ ਵੈਰੀ ਹਨ ਪਰ ਚੋਣ ਦੇ ਅਨੁਸਾਰ ਵੱਡਿਆਂ ਦੇ ਕਾਰਨ ਪਿਆਰੇ ਹਨ।
29 ਕਿਉਂ ਜੋ ਪਰਮੇਸ਼ੁਰ ਦੀਆਂ ਦਾਤਾਂ ਅਤੇ ਸੱਦਾ ਅਟਲ ਹਨ।
30 ਜਿਸ ਪਰਕਾਰ ਤੁਸੀਂ ਪਹਿਲਾਂ ਪਰਮੇਸ਼ੁਰ ਦੇ ਅਣਆਗਿਆਕਾਰ ਸਾਓ ਪਰ ਹੁਣ ਉਨ੍ਹਾਂ ਦੀ ਅਣਆਗਿਆਕਾਰੀ ਦੇ ਕਾਰਨ ਤੁਹਾਡੇ ਉੱਤੇ ਦਯਾ ਕੀਤੀ ਗਈ।
31 ਇਸੇ ਪਰਕਾਰ ਹੁਣ ਇਹ ਵੀ ਅਣਆਗਿਆਕਾਰ ਹੋਏ ਭਈ ਤੁਹਾਡੇ ਉੱਤੇ ਜੋ ਦਯਾ ਕੀਤੀ ਗਈ ਹੈ ਉਸ ਕਰਕੇ ਓਹਨਾਂ ਉੱਤੇ ਭੀ ਦਯਾ ਕੀਤੀ ਜਾਵੇ।
32 ਸੋ ਪਰਮੇਸ਼ੁਰ ਨੇ ਸਭਨਾਂ ਨੂੰ ਇੱਕ ਸੰਗ ਕਰਕੇ ਅਣਆਗਿਆਕਾਰੀ ਦੇ ਬੰਧਨ ਵਿੱਚ ਬੱਧਾ ਭਈ ਉਹ ਸਭਨਾਂ ਉੱਤੇ ਦਯਾ ਕਰੇ।
33 ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ !
34 ਪ੍ਰਭੁ ਦੀ ਬੁੱਧੀ ਨੂੰ ਕਿਸ ਜਾਣਿਆ, ਯਾ ਕੌਣ ਉਹ ਦਾ ਸਲਾਹੀ ਬਣਿਆ ?
35 ਅਥਵਾ ਕਿਸ ਉਹ ਨੂੰ ਪਹਿਲਾਂ ਕੁਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ ?
36 ਕਿਉਂ ਜੋ ਉਸ ਤੋਂ ਅਤੇ ਉਸ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ ਸਾਰੀਆਂ ਵਸਤਾਂ ਹੋਈਆਂ ਹਨ। ਉਸ ਦੀ ਵਡਿਆਈ ਜੁੱਗੋ ਜੁੱਗ ਹੋਵੇ। ਆਮੀਨ।