ਯੂਹੰਨਾ
ਕਾਂਡ 21
ਇਹ ਦੇ ਪਿੱਛੋਂ ਯਿਸੂ ਨੇ ਫੇਰ ਆਪਣੇ ਤਾਈ ਤਿਬਿਰਿਯਾਸ ਦੀ ਝੀਲ ਉੱਤੇ ਚੇਲਿਆਂ ਨੂੰ ਵਿਖਾਲਿਆ ਅਤੇ ਉਹ ਨੇ ਇਉਂ ਵਿਖਾਲਿਆ।
2 ਸ਼ਮਊਨ ਪਤਰਸ ਅਰ ਥੋਮਾ ਜਿਹੜਾ ਦੀਦੁਮੁਸ ਕਹਾਉਂਦਾ ਹੈ ਅਰ ਨਥਾਨਿਏਲ ਜੋ ਗਲੀਲ ਦੇ ਕਾਨਾ ਦਾ ਸੀ ਅਰ ਜ਼ਬਦੀ ਦੇ ਪੁੱਤ੍ਰ ਅਤੇ ਉਹ ਦੇ ਚੇਲਿਆਂ ਵਿੱਚੋਂ ਹੋਰ ਦੋ ਇੱਕਠੇ ਸਨ।
3 ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਆਖਿਆ, ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ। ਉਨ੍ਹਾਂ ਉਸ ਨੂੰ ਕਿਹਾ, ਅਸੀਂ ਭੀ ਤੇਰੇ ਨਾਲ ਚੱਲਦੇ ਹਾਂ। ਓਹ ਨਿੱਕਲ ਕੇ ਬੇੜੀ ਉੱਤੇ ਚੜ੍ਹੇ ਅਤੇ ਉਸ ਰਾਤ ਕੁਝ ਨਾ ਫੜਿਆ
4 ਜਾਂ ਦਿਨ ਚੜ੍ਹਨ ਲੱਗਾ ਤਾਂ ਯਿਸੂ ਕੰਢੇ ਉੱਤੇ ਆ ਖਲੋਤਾ ਪਰ ਚੇਲਿਆਂ ਨੇ ਨਾ ਸਿਆਤਾ ਜੋ ਉਹ ਯਿਸੂ ਹੈ।
5 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਹੇ ਜੁਆਨੋ, ਤੁਸਾਂ ਖਾਣ ਨੂੰ ਕੁਝ ਫੜਿਆ? ਉਨ੍ਹਾਂ ਉਹ ਨੂੰ ਉੱਤਰ ਦਿੱਤਾ, ਨਹੀਂ।
6 ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਬੇੜੀ ਦੇ ਸੱਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਲੱਭੇਗਾ। ਸੋ ਉਨ੍ਹਾਂ ਪਾਇਆ ਅਤੇ ਮੱਛੀਆਂ ਦੇ ਬਹੁਤ ਹੋਣ ਕਰਕੇ ਉਹ ਨੂੰ ਫੇਰ ਖਿੱਚ ਨਾ ਸੱਕੇ।
7 ਇਸ ਲਈ ਉਸ ਚੇਲੇ ਨੇ ਜਿਹ ਦੇ ਨਾਲ ਯਿਸੂ ਪਿਆਰ ਕਰਦਾ ਸੀ ਪਤਰਸ ਨੂੰ ਆਖਿਆ, ਇਹ ਤਾਂ ਪ੍ਰਭੂ ਹੈ! ਸੋ ਜਾਂ ਸ਼ਮਊਨ ਪਤਰਸ ਨੇ ਇਹ ਸੁਣਿਆ ਜੋ ਉਹ ਪ੍ਰਭੂ ਹੈ ਤਾਂ ਇਸ ਲਈ ਜੋ ਉਹ ਨੰਗਾ ਸੀ ਉਹ ਨੇ ਉੱਤੇ ਦਾ ਲੀੜਾ ਲੱਕ ਨਾਲ ਬੰਨ੍ਹ ਕੇ ਝੀਲ ਵਿੱਚ ਛਾਲ ਮਾਰੀ।
8 ਪਰ ਹੋਰ ਚੇਲੇ ਮੱਛੀਆਂ ਦਾ ਜਾਲ ਖਿੱਚਦੇ ਹੋਏ ਬੇੜੀ ਵਿੱਚੇ ਆਏ ਕਿਉਂਕਿ ਓਹ ਜਮੀਨ ਤੋਂ ਦੂਰ ਨਹੀਂ ਪਰ ਦੋਕੁ ਸੌ ਹੱਥ ਦੀ ਵਿੱਥ ਤੇ ਸੀ।
9 ਉਪਰੰਤ ਜਾਂ ਓਹ ਜਮੀਨ ਉੱਤੇ ਉੱਤਰੇ ਤਾਂ ਉਨ੍ਹਾਂ ਨੇ ਕੋਲਿਆਂ ਦੀ ਅੱਗ ਧਰੀ ਹੋਈ ਅਰ ਉਹ ਦੇ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ।
10 ਯਿਸੂ ਨੇ ਓਹਨਾਂ ਨੂੰ ਆਖਿਆ, ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸਾਂ ਹੁਣ ਫੜੀਆਂ ਹਨ।
11 ਸੋ ਸ਼ਮਊਨ ਪਤਰਸ ਨੇ ਚੜ੍ਹ ਕੇ ਉਸ ਜਾਲ ਨੂੰ ਜਮੀਨ ਤੇ ਖਿੱਚਿਆ ਜਿਹ ਦੇ ਵਿੱਚ ਇੱਕ ਸੌ ਤ੍ਰਿਵੰਜਾ ਵੱਡੀਆਂ ਵੱਡੀਆਂ ਮੱਛੀਆਂ ਭਰੀਆਂ ਹੋਈਆਂ ਸਨ ਅਤੇ ਐੱਨੀਆਂ ਮੱਛੀਆਂ ਹੁੰਦਿਆਂ ਵੀ ਉਹ ਜਾਲ ਨਾ ਟੁੱਟਿਆ।
12 ਯਿਸੂ ਨੇ ਓਹਨਾਂ ਨੂੰ ਆਖਿਆ, ਆਓ ਭੋਜਨ ਛਕੋ, ਅਤੇ ਚੇਲਿਆਂ ਵਿੱਚੋਂ ਕਿਸੇ ਦਾ ਹਿਆਉਂ ਨਾ ਪਿਆ ਜੋ ਉਹ ਨੂੰ ਪੁੱਛੇ, ਤੂੰ ਕੌਣ ਹੈਂ? ਕਿਉਂਕਿ ਓਹ ਜਾਣਦੇ ਸਨ ਭਈ ਇਹ ਪ੍ਰਭੂ ਹੈ।
13 ਯਿਸੂ ਆਇਆ ਅਤੇ ਰੋਟੀ ਲੈ ਕੇ ਉਨ੍ਹਾਂ ਨੂੰ ਦਿੱਤੀ ਅਤੇ ਮੱਛੀ ਵੀ।
14 ਇਹ ਤੀਜੀ ਵਾਰ ਸੀ ਜੋ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਚੇਲਿਆਂ ਨੂੰ ਆਪਣਾ ਦਰਸ਼ਣ ਦਿੱਤਾ।
15 ਸੋ ਜਾਂ ਓਹ ਖਾ ਹਟੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਪਿਆਰ ਕਰਦਾ ਹੈਂ? ਉਨ ਉਸ ਨੂੰ ਆਖਿਆ, ਹਾਂ ਪ੍ਰਭੁ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਓਨ ਉਹ ਨੂੰ ਕਿਹਾ, ਮੇਰੇ ਲੇਲਿਆਂ ਨੂੰ ਚਾਰ।
16 ਉਸ ਨੇ ਫੇਰ ਦੂਜੀ ਵਾਰ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ? ਓਨ ਉਸ ਨੂੰ ਆਖਿਆ, ਹਾਂ ਪ੍ਰਭੁ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਉਸ ਨੇ ਉਹ ਨੂੰ ਕਿਹਾ, ਮੇਰੀਆਂ ਭੇਡਾਂ ਦੀ ਰੱਛਿਆ ਕਰ।
17 ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਹੇ ਸ਼ਮਊਨ ਯੂਹੰਨਾ ਦੇ ਪੁੱਤ੍ਰ ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ? ਪਤਰਸ ਉਦਾਸ ਹੋਇਆ ਇਸ ਲਈ ਜੋ ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ? ਅਤੇ ਉਸ ਨੂੰ ਆਖਿਆ, ਪ੍ਰਭੁ ਜੀ ਤੂੰ ਸਭ ਜਾਣੀ ਜਾਣ ਹੈ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਯਿਸੂ ਨੇ ਉਹ ਨੂੰ ਆਖਿਆ, ਮੇਰੀਆਂ ਭੇਡਾਂ ਨੂੰ ਚਾਰ।
18 ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਾਂ ਤੂੰ ਜੁਆਨ ਸੈ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈ। ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਅਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ।
19 ਉਸ ਨੇ ਇਹ ਗੱਲ ਇਸ ਲਈ ਆਖੀ ਭਈ ਪਤਾ ਦੇਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ੁਰ ਦੀ ਵਡਿਆਈ ਕਰੇਗਾ ਅਰ ਇਹ ਕਹਿ ਕੇ ਉਹ ਨੰ ਆਖਿਆ, ਮੇਰੇ ਮਗਰ ਹੋ ਤੁਰ।
20 ਪਤਰਸ ਨੇ ਫਿਰ ਕੇ ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਹ ਨੇ ਰਾਤ ਦੇ ਖਾਣੇ ਦੇ ਵੇਲੇ ਉਸ ਦੀ ਛਾਤੀ ਉੱਤੇ ਢਾਸਣਾ ਲਾਇਆ ਹੋਇਆ ਆਖਿਆ ਸੀ ਕਿ ਪ੍ਰਭੁ ਜੀ ਉਹ ਕੌਣ ਹੈ ਜੋ ਤੈਨੂੰ ਫੜਵਾਉਂਦਾ ਹੈ?
21 ਸੋ ਉਹ ਨੂੰ ਵੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ, ਪ੍ਰਭੁ ਜੀ ਐਸ ਦੇ ਨਾਲ ਕੀ ਬੀਤੇਗੀ?
22 ਯਿਸੂ ਨੇ ਉਹ ਨੂੰ ਕਿਹਾ, ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ? ਤੂੰ ਮੇਰੇ ਮਗਰ ਹੋ ਤੁਰ।
23 ਤਾਂ ਭਾਈਆਂ ਵਿੱਚ ਇਹ ਗੱਲ ਖਿੰਡ ਗਈ ਭਈ ਉਹ ਚੇਲਾ ਨਾ ਮਰੂ। ਪਰ ਯਿਸੂ ਨੇ ਉਹ ਨੂੰ ਇਹ ਨਹੀਂ ਆਖਿਆ ਸੀ ਭਈ ਉਹ ਨਾ ਮਰੇਗਾ ਪਰ ਇਹ ਕੇ ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ?
24 ਇਹ ਉਹੋ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਸਾਖੀ ਦਿੰਦਾ ਹੈ ਅਰ ਜਿਹ ਨੇ ਏਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਜੋ ਉਹ ਦੀ ਸਾਖੀ ਸੱਚੀ ਹੈ।
25 ਅਤੇ ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਉਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ!