ਯੂਹੰਨਾ
ਕਾਂਡ 16
ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਸੀਂ ਠੋਕਰ ਨਾ ਖਾਓ।
2 ਓਹ ਤੁਹਾਨੂੰ ਸਮਾਜਾਂ ਵਿੱਚੋਂ ਛੇਕ ਦੇਣਗੇ ਸਗੋਂ ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ।
3 ਅਤੇ ਓਹ ਇਸ ਲਈ ਇਹ ਕਰਨਗੇ ਜੋ ਉਨ੍ਹਾਂ ਨਾ ਪਿਤਾ ਨੂੰ ਅਤੇ ਨਾ ਮੈਨੂੰ ਜਾਣਿਆ।
4 ਪਰ ਮੈਂ ਤੁਹਾਡੇ ਨਾਲ ਏਹ ਗੱਲਾਂ ਇਸ ਲਈ ਕੀਤੀਆਂ ਹਨ ਕਿ ਜਦ ਉਨ੍ਹਾਂ ਦਾ ਸਮਾ ਆਵੇ ਤਦ ਤੁਸੀਂ ਉਨ੍ਹਾਂ ਨੂੰ ਚੇਤੇ ਕਰੋ ਕਿ ਮੈਂ ਤੁਹਾਨੂੰ ਆਖੀਆਂ ਅਤੇ ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ ਕਿਉਂ ਜੋ ਮੈਂ ਤੁਹਾਡੇ ਨਾਲ ਸਾਂ।
5 ਪਰ ਹੁਣ ਮੈਂ ਉਹ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਘੱਲਿਆ ਸੀ ਅਤੇ ਤੁਹਾਡੇ ਵਿੱਚੋਂ ਕੋਈ ਮੈਥੋਂ ਨਹੀਂ ਪੁੱਛਦਾ ਭਈ ਤੂੰ ਕਿੱਥੇ ਜਾਂਦਾ ਹੈਂ ?
6 ਪਰ ਇਸ ਕਰਕੇ ਜੋ ਮੈਂ ਤੁਹਾਨੂੰ ਏਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ।
7 ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਘੱਲ ਦਿਆਂਗਾ।
8 ਅਤੇ ਉਹ ਆਣ ਕੇ ਜਗਤ ਨੂੰ ਪਾਪ, ਧਰਮ ਅਰ ਨਿਆਉਂ ਦੇ ਵਿਖੇ ਕਾਇਲ ਕਰੇਗਾ।
9 ਪਾਪ ਦੇ ਵਿਖੇ ਇਸ ਲਈ ਜੋ ਓਹ ਮੇਰੇ ਉੱਤੇ ਨਿਹਚਾ ਨਹੀਂ ਕਰਦੇ ਹਨ।
10 ਧਰਮ ਦੇ ਵਿਖੇ ਇਸ ਲਈ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ।
11 ਨਿਆਉਂ ਦੇ ਵਿਖੇ ਇਸ ਲਈ ਜੋ ਇਸ ਜਗਤ ਦੇ ਸਰਦਾਰ ਦਾ ਨਿਆਉਂ ਕੀਤਾ ਗਿਆ ਹੈ।
12 ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ।
13 ਪਰ ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ।
14 ਉਹ ਮੇਰੀ ਵਡਿਆਈ ਕਰੇਗਾ ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਅਤੇ ਤੁਹਾਨੂੰ ਦੱਸੇਗਾ।
15 ਸਭੋਂ ਕੁਝ ਜੋ ਪਿਤਾ ਦਾ ਹੈ ਸੋ ਮੇਰਾ ਹੈ। ਇਸੇ ਕਾਰਨ ਮੈਂ ਆਖਿਆ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।
16 ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਫੇਰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ।
17 ਉਪਰੰਤ ਉਹ ਦੇ ਕਈ ਚੇਲੇ ਆਪੋ ਵਿੱਚੀਂ ਕਹਿਣ ਲੱਗੇ, ਇਹ ਕੀ ਹੈ ਜੋ ਉਹ ਸਾਨੂੰ ਆਖਦਾ ਹੈ ਭਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ ਅਰ ਇਹ, ਜੋ ਮੈਂ ਪਿਤਾ ਕੋਲ ਜਾਂਦਾ ਹਾਂ ?
18 ਫੇਰ ਉਨ੍ਹਾਂ ਆਖਿਆ, ਇਹ ਥੋੜਾ ਚਿਰ ਜੋ ਉਹ ਕਹਿੰਦਾ ਹੈ ਕੀ ਹੈ ? ਅਸੀਂ ਨਹੀਂ ਜਾਣਦੇ ਭਈ ਉਹ ਕੀ ਆਖਦਾ ਹੈ।
19 ਯਿਸੂ ਨੇ ਇਹ ਮਲੂਮ ਕੀਤਾ ਜੋ ਓਹ ਮੈਥੋਂ ਪੁੱਛਿਆ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਆਪੋ ਵਿੱਚੀਂ ਉਹ ਦੀ ਪੁੱਛ ਗਿੱਛ ਕਰਦੇ ਹੋ ਜੋ ਮੈਂ ਆਖਿਆ ਭਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ।
20 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ ਪਰ ਜਗਤ ਅਨੰਦ ਕਰੇਗਾ। ਤੁਸੀਂ ਉਦਾਸ ਹੋਵੋਗੇ ਪਰ ਤੁਹਾਡੀ ਉਦਾਸੀ ਅਨੰਦ ਨਾਲ ਬਦਲ ਜਾਵੇਗੀ।
21 ਜਦ ਤੀਵੀਂ ਜਣਨ ਲੱਗਦੀ ਹੈ ਤਾਂ ਉਦਾਸ ਹੁੰਦੀ ਹੈ ਇਸ ਕਾਰਨ ਜੋ ਉਹ ਦੀ ਘੜੀ ਆ ਪੁੱਜੀ ਹੈ ਪਰ ਜਾਂ ਬਾਲਕ ਜਣ ਚੁੱਕਦੀ ਹੈ ਤਾਂ ਐਸ ਖੁਸ਼ੀ ਦੀ ਮਾਰੀ ਜੋ ਇੱਕ ਮਨੁੱਖ ਜਗਤ ਵਿੱਚ ਜੰਮਿਆ ਉਹ ਉਸ ਪੀੜ ਨੂੰ ਫੇਰ ਚੇਤੇ ਨਹੀਂ ਕਰਦੀ।
22 ਸੋ ਹੁਣ ਤੁਸੀਂ ਉਦਾਸ ਹੋ ਪਰ ਮੈਂ ਤੁਹਾਨੂੰ ਫੇਰ ਵੇਖਾਂਗਾ ਅਤੇ ਤੁਹਾਡਾ ਦਿਲ ਅਨੰਦ ਹੋਵੇਗਾ ਅਰ ਤੁਹਾਡਾ ਅਨੰਦ ਤੁਹਾਥੋਂ ਕੋਈ ਨਹੀਂ ਖੋਹੇਗਾ।
23 ਅਤੇ ਉਸ ਦਿਨ ਤੁਸੀਂ ਮੈਥੋਂ ਕੋਈ ਸਵਾਲ ਨਾ ਕਰੋਗੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ।
24 ਅਜੇ ਤੀਕੁਰ ਤੁਸਾਂ ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ। ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਅਨੰਦ ਪੂਰਾ ਹੋਵੇ।
25 ਮੈਂ ਏਹ ਗੱਲਾਂ ਤੁਹਾਨੂੰ ਬੁਝਾਰਤਾਂ ਵਿੱਚ ਆਖੀਆਂ ਹਨ। ਉਹ ਸਮਾ ਆਉਂਦਾ ਹੈ ਜਾਂ ਮੈਂ ਤੁਹਾਨੂੰ ਫੇਰ ਬੁਝਾਰਤਾਂ ਵਿੱਚ ਨਾ ਕਹਾਂਗਾ ਪਰ ਖੋਲ੍ਹ ਕੇ ਤੁਹਾਨੂੰ ਪਿਤਾ ਦੀ ਖਬਰ ਦਿਆਂਗਾ।
26 ਉਸ ਦਿਨ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਅਤੇ ਮੈਂ ਤੁਹਾਨੂੰ ਨਹੀਂ ਆਖਦਾ ਭਈ ਮੈਂ ਪਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ।
27 ਕਿਉਂ ਜੋ ਪਿਤਾ ਆਪ ਹੀ ਤੁਹਾਡੇ ਨਾਲ ਹਿਤ ਕਰਦਾ ਹੈ ਇਸ ਲਈ ਜੋ ਤੁਸਾਂ ਮੇਰੇ ਨਾਲ ਹਿਤ ਕੀਤਾ ਅਤੇ ਸਤ ਮੰਨਿਆ ਹੈ ਜੋ ਮੈਂ ਪਿਤਾ ਦੀ ਵੱਲੋਂ ਆਇਆ।
28 ਮੈਂ ਪਿਤਾ ਵਿੱਚੋਂ ਨਿੱਕਲ ਕੇ ਜਗਤ ਵਿੱਚ ਆਇਆ ਹਾਂ। ਫੇਰ ਜਗਤ ਨੂੰ ਛੱਡਦਾ ਅਤੇ ਪਿਤਾ ਦੇ ਕੋਲ ਜਾਂਦਾ ਹਾਂ।
29 ਉਹ ਦੇ ਚੇਲਿਆਂ ਨੇ ਕਿਹਾ, ਵੇਖੋ ਹੁਣ ਤੂੰ ਖੋਲ੍ਹ ਕੇ ਆਖਦਾ ਹੈਂ ਅਤੇ ਕੋਈ ਬੁਝਾਰਤ ਨਹੀਂ ਕਹਿੰਦਾ।
30 ਹੁਣ ਅਸੀਂ ਜਾਣ ਗਏ ਭਈ ਤੂੰ ਸੱਭੋ ਕੁਝ ਜਾਣਦਾ ਹੈਂ ਅਰ ਤੈਨੂੰ ਲੋੜ ਨਹੀਂ ਜੋ ਤੈਥੋਂ ਕੋਈ ਪੁੱਛੇ। ਐਸ ਤੋਂ ਅਸੀਂ ਪਰਤੀਤ ਕਰਦੇ ਹਾਂ ਜੋ ਤੂੰ ਪਰਮੇਸ਼ੁਰ ਕੋਲੋਂ ਆਇਆ ਹੈਂ।
31 ਯਿਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਕੀ ਹੁਣ ਤੁਸੀਂ ਪਰਤੀਤ ਕਰਦੇ ਹੋ?
32 ਵੇਖੋ, ਸਮਾ ਆਉਂਦਾ ਹੈ ਸਗੋਂ ਆ ਪਹੁੰਚਿਆ ਹੈ ਜੋ ਤੁਸੀਂ ਸੱਭੇ ਆਪੋ ਆਪਣੇ ਥਾਈਂ ਖਿੰਡ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ ਪਰ ਤਾਂ ਵੀ ਮੈਂ ਇਕੱਲਾ ਨਹੀਂ ਕਿਉਂ ਜੋ ਪਿਤਾ ਮੇਰੇ ਨਾਲ ਹੈ।
33 ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।