ਅਮਸਾਲ
ਕਾਂਡ 6
ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਾਮਨ ਹੋਇਆ, ਅਥਵਾ ਕਿਸੇ ਪਰਾਏ ਦੇ ਹੱਥ ਉੱਤੇ ਹੱਥ ਮਾਰਿਆ ਹੋਵੇ,
2 ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜਿਆ ਗਿਆ।
3 ਸੋ ਹੇ ਮੇਰੇ ਪੁੱਤਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਇਉਂ ਕਰ ਤਾਂ ਤੂੰ ਛੁਟੇਂਗਾ, ਜਾਹ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ।
4 ਨਾ ਆਪਣੀਆਂ ਅੱਖਾਂ ਲੱਗਣ ਦੇਹ, ਨਾ ਆਪਣੀਆਂ ਪਲਕਾਂ ਵਿੱਚ ਨੀਂਦ ਆਉਣ ਦੇਹ।
5 ਜਿਵੇਂ ਸ਼ਿਕਾਰੀ ਦੇ ਹੱਥੋਂ ਹਰਨੀ ਅਤੇ ਚਿੜੀਮਾਰ ਦੇ ਹੱਥੋਂ ਚਿੜੀ, ਓਵੇਂ ਆਪਣੇ ਆਪ ਨੂੰ ਛੁਡਾ ਲੈ।
6 ਹੇ ਆਲਸੀ, ਤੂੰ ਕੀੜੀ ਕੋਲ ਜਾਹ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ,
7 ਜਿਹ ਦਾ ਨਾ ਕੋਈ ਆਗੂ, ਨਾ ਹੁੱਦੇਦਾਰ ਨਾ ਹਾਕਮ ਹੈ,
8 ਉਹ ਆਪਣਾ ਅਹਾਰ ਗਰਮੀ ਵਿੱਚ ਜੋੜਦੀ, ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।
9 ਹੇ ਆਲਸੀ, ਤੂੰ ਕਦੋਂ ਤੋੜੀ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ?
10 ਰਤੀ ਕੁ ਨੀਂਦ, ਰਤੀ ਕੁ ਊਂਘ, ਰਤੀ ਕੁ ਹੱਥ ਇਕੱਠੇ ਕਰ ਕੇ ਲੰਮਾ ਪੈਣਾ,—
11 ਏਸੇ ਤਰਾਂ ਗਰੀਬੀ ਧਾੜਵੀ ਵਾਂਙੁ, ਅਤੇ ਤੰਗੀ ਸ਼ਸਤਰ ਧਾਰੀ ਵਾਂਙੁ ਤੇਰੇ ਉੱਤੇ ਆ ਪਵੇਗੀ!
12 ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠਾ ਮੂੰਹ ਲਈ ਫਿਰਦਾ ਹੈ।
13 ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਸੈਨਤਾਂ ਮਾਰਦਾ ਹੈ।
14 ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ।
15 ਤਾਂ ਹੀ ਉਹ ਦੇ ਉੱਤੇ ਬਿਪਤਾ ਅਚਾਣਕ ਆ ਪਵੇਗੀ, ਇੱਕ ਪਲ ਵਿੱਚ ਉਹ ਬੇਇਲਾਜਾ ਭੰਨਿਆ ਜਾਵੇਗਾ।
16 ਛੀਆਂ ਵਸਤਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਦੇ ਜੀ ਨੂੰ ਘਿਣਾਉਣੀਆਂ ਲਗਦੀਆਂ ਹਨ,—
17 ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ,
18 ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਓਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ,
19 ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ, ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ।
20 ਹੇ ਮੇਰੇ ਪੁੱਤਰ, ਤੂੰ ਆਪਣੇ ਪਿਤਾ ਦੀ ਆਗਿਆ ਮੰਨ, ਅਤੇ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ।
21 ਓਹਨਾਂ ਨੂੰ ਸਦਾ ਆਪਣੇ ਮਨ ਉੱਤੇ ਬੰਨ੍ਹੀ ਰੱਖੀਂ, ਅਤੇ ਓਹਨਾਂ ਨੂੰ ਆਪਣੇ ਗਲ ਉੱਤੇ ਲਪੇਟ ਛੱਡ।
22 ਜਦ ਤੂੰ ਕਿਤੇ ਜਾਏਂਗਾ ਤਾਂ ਓਹ ਤੇਰੀ ਅਗਵਾਈ ਕਰਨਗੀਆਂ, ਜਦ ਤੂੰ ਲੰਮਾ ਪਵੇਂਗਾ ਤਾਂ ਓਹ ਤੇਰੀ ਰਾਖੀ ਕਰਨਗੀਆਂ, ਅਤੇ ਜਦ ਤੂੰ ਜਾਗੇਂਗਾ ਤਾਂ ਓਹ ਤੇਰੇ ਨਾਲ ਗੱਲਾਂ ਕਰਨਗੀਆਂ,
23 ਕਿਉਂ ਜੋ ਹੁਕਮ ਦੀਵਾ, ਤਾਲੀਮ ਜੋਤ, ਅਤੇ ਸਿੱਖਿਆ ਦੀ ਤਾੜ ਜੀਉਣ ਦਾ ਰਾਹ ਹੈ।
24 ਤਾਂ ਜੋ ਓਹ ਤੈਨੂੰ ਬੁਰੀ ਇਸਤਰੀ ਤੋਂ, ਅਤੇ ਓਪਰੀ ਦੀ ਜੀਭ ਦੀ ਲੱਲੋ ਪੱਤੋ ਤੋਂ ਬਚਾਉਣ।
25 ਆਪਣੇ ਦਿਲ ਵਿੱਚ ਉਹ ਦੇ ਸੁਹੱਪਣ ਦੀ ਕਾਮਣਾ ਨਾ ਕਰ, ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ,
26 ਕਿਉਂ ਜੋ ਕੰਜਰੀ ਦੇ ਕਾਰਨ ਆਦਮੀ ਰੋਟੀ ਦੇ ਟੁਕੜੇ ਤੀਕ ਮੁਤਾਜ ਹੋ ਜਾਂਦਾ ਹੈ, ਅਤੇ ਵਿਭਚਾਰਨ ਅਣਮੁੱਲ ਜਾਨ ਦਾ ਸ਼ਿਕਾਰ ਕਰਦੀ ਹੈ।
27 ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸੱਕਦਾ ਹੈ, ਤੇ ਉਹ ਦੇ ਲੀੜੇ ਨਾ ਸੜਨ?
28 ਕੋਈ ਅੰਗਿਆਰਿਆਂ ਉੱਤੇ ਤੁਰੇ, ਤੇ ਉਹ ਦੇ ਪੈਰ ਨਾ ਝੁਲਸਣ?
29 ਅਜਿਹਾ ਉਹ ਹੈ ਜੋ ਆਪਣੇ ਗੁਆਂਢੀ ਦੀ ਪਤਨੀ ਕੋਲ ਜਾਂਦਾ ਹੈ, ਜੋ ਕੋਈ ਉਹ ਨੂੰ ਹੱਥ ਲਾਵੇ ਉਹ ਬਿਨਾ ਡੰਨ ਭੋਗੇ ਨਾ ਛੁੱਟੇਗਾ।
30 ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ,
31 ਪਰ ਜੇ ਫੜਿਆ ਜਾਵੇ ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ।
32 ਜਿਹੜਾ ਕਿਸੇ ਇਸਤਰੀ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ, ਜਿਹੜਾ ਇਹ ਕਰਦਾ ਹੈ, ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।
33 ਉਹ ਨੂੰ ਘਾਉ ਅਤੇ ਬੇਇੱਜ਼ਤੀ ਹੋਵੇਗੀ, ਤੇ ਉਹ ਦੀ ਬਦਨਾਮੀ ਕਦੇ ਨਾ ਮਿਟੇਗੀ।
34 ਅਣਖ ਤਾਂ ਮਰਦ ਲਈ ਜਲਨ ਹੈ, ਤੇ ਵੱਟਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ।
35 ਉਹ ਕੋਈ ਚੱਟੀ ਨਹੀਂ ਕਬੂਲ ਕਰੇਗਾ, ਅਤੇ ਭਾਵੇਂ ਤੂੰ ਬਹੁਤੀਆਂ ਵੱਢੀਆਂ ਦੇਵੇਂ ਪਰ ਉਹ ਨਹੀਂ ਮੰਨੇਗਾ।