ਅਮਸਾਲ
ਕਾਂਡ 11
ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।
2 ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ, ਪਰ ਦੀਨਾਂ ਦੇ ਨਾਲ ਬੁੱਧ ਹੈ,
3 ਸਿੱਧਿਆਂ ਦੀ ਖਰਿਆਈ ਓਹਨਾਂ ਦੀ ਅਗਵਾਈ ਕਰੇਗੀ, ਪਰ ਛਲੀਆਂ ਦੀ ਟੇਢ ਉਨ੍ਹਾਂ ਦਾ ਨਾਸ ਕਰੇਗੀ।
4 ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।
5 ਸੰਪੂਰਨ ਆਦਮੀ ਦਾ ਧਰਮ ਉਹ ਦਾ ਰਾਹ ਸਿੱਧਾ ਰੱਖੇਗਾ, ਪਰ ਦੁਸ਼ਟ ਜਨ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪਵੇਗਾ।
6 ਸਿੱਧਿਆਂ ਦਾ ਧਰਮ ਓਹਨਾਂ ਨੂੰ ਛੁਡਾਉਂਦਾ ਹੈ, ਪਰ ਛਲੀਏ ਆਪਣੀ ਹੀ ਲੋਚ ਵਿੱਚ ਫ਼ਸ ਜਾਂਦੇ ਹਨ।
7 ਜਦ ਦੁਸ਼ਟ ਜਨ ਮਰਦਾ ਹੈ ਤਦ ਉਹ ਦੀ ਉਡੀਕ ਵੀ ਮਿਟ ਜਾਂਦੀ ਹੈ, ਅਤੇ ਬੁਰਿਆਰਾਂ ਦੀ ਆਸ ਦਾ ਨਾਸ ਹੋ ਜਾਂਦਾ ਹੈ।
8 ਧਰਮੀ ਬਿਪਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਓਸੇ ਵਿੱਚ ਆ ਪੈਂਦਾ ਹੈ।
9 ਬੇਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।
10 ਜਦ ਧਰਮੀਆਂ ਨੂੰ ਸੁਖ ਹੁੰਦਾ ਹੈ ਤਦ ਨਗਰ ਬਾਗ ਬਾਗ ਹੁੰਦਾ ਹੈ, ਪਰ ਜਦ ਦੁਸ਼ਟਾਂ ਦਾ ਨਾਸ ਹੁੰਦਾ, ਤਾਂ ਜੈਕਾਰੇ ਹੁੰਦੇ ਹਨ!
11 ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੇ ਬੋਲਾਂ ਨਾਲ ਉਹ ਢਹੀ ਜਾਂਦਾ ਹੈ।
12 ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਬੁੱਧ ਵਾਲਾ ਪੁਰਸ਼ ਚੁੱਪ ਕਰ ਰਹਿੰਦਾ ਹੈ।
13 ਬਕਵਾਸੀ ਛਿਪੀਆਂ ਗੱਲਾਂ ਨੂੰ ਪਰਗਟ ਕਰਦਾ ਹੈ, ਪਰ ਮਾਤਬਰ ਰੂਹ ਵਾਲਾ ਗੱਲ ਨੂੰ ਲੁਕੋ ਰੱਖਦਾ ਹੈ।
14 ਜਦੋਂ ਅਗਵਾਈ ਨਹੀਂ ਤਾਂ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹੂਆਂ ਨਾਲ ਬਚਾਉ ਹੈ।
15 ਜਿਹੜਾ ਪਰਾਏ ਮਨੁੱਖ ਦਾ ਜ਼ਾਮਨ ਬਣੇ, ਉਹ ਵੱਡਾ ਦੁਖੀ ਹੋਵੇਗਾ, ਪਰ ਜਿਹੜਾ ਜ਼ਾਮਨੀ ਤੋਂ ਘਿਣ ਕਰੇ ਉਹ ਸੁਖੀ ਰਹੇਗਾ।
16 ਦਯਾਵਾਨ ਇਸਤਰੀ ਦਾ ਆਦਰ ਹੁੰਦਾ ਹੈ, ਅਤੇ ਭਿਆਣਕ ਪੁਰਸ਼ਾਂ ਨੂੰ ਧਨ ਹੀ ਪ੍ਰਾਪਤ ਹੁੰਦਾ ਹੈ।
17 ਦਿਆਲੂ ਮਨੁੱਖ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁੱਖ ਦਿੰਦਾ ਹੈ।
18 ਦੁਸ਼ਟ ਝੂਠੀ ਮਜੂਰੀ ਲੈਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਹ ਨੂੰ ਸੱਚਾ ਫਲ ਮਿਲਦਾ ਹੈ।
19 ਧਰਮ ਸੱਚ ਮੁੱਚ ਜੀਉਣ ਦੇ ਲਈ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ ਆਪਣੀ ਮੌਤ ਲਈ ਕਰਦਾ ਹੈ।
20 ਜਿਹੜੇ ਮਨ ਦੇ ਟੇਢੇ ਹਨ ਓਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ।
21 ਇਹ ਪੱਕ ਮੰਨੋ ਭਈ ਡੰਨ ਬਿਨਾ ਦੁਸ਼ਟ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ।
22 ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ,—ਰੂਪਵੰਤ ਇਸਤਰੀ ਜੋ ਬਿਬੇਕਹੀਨ ਹੈ ਇਹੋ ਜਿਹੀ ਹੈ।
23 ਧਰਮੀ ਦਾ ਮਨੋਰਥ ਨੇਕ ਹੀ ਹੈ, ਪਰ ਦੁਸ਼ਟ ਦੀ ਉਡੀਕ ਕਹਿਰ ਹੈ।
24 ਕੋਈ ਤਾਂ ਵੰਡਦਾ ਹੈ ਫੇਰ ਵੀ ਉਹ ਦਾ ਮਾਲ ਵਧਦਾ ਹੈ, ਅਤੇ ਕੋਈ ਜੋਗ ਖਰਚ ਤੋਂ ਸਰਫਾ ਕਰਦਾ ਹੈ ਤੇ ਕੰਗਲ ਹੀ ਰਹਿੰਦਾ ਹੈ।
25 ਸੁਖੀ ਜਨ ਮੋਟਾ ਹੋ ਜਾਵੇਗਾ, ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।
26 ਜਿਹੜਾ ਅਨਾਜ ਨੂੰ ਦੱਬ ਛੱਡਦਾ ਹੈ ਉਹ ਨੂੰ ਤਾਂ ਲੋਕ ਫਿਟਕਾਰ ਦਿੰਦੇ ਹਨ, ਪਰ ਜਿਹੜਾ ਵੇਚ ਛੱਡਦਾ ਹੈ ਉਹ ਦੇ ਸਿਰ ਨੂੰ ਅਸੀਸਾਂ ਦਿੰਦੇ ਹਨ।
27 ਜਿਹੜਾ ਉੱਦਮ ਨਾਲ ਭਲਿਆਈ ਨੂੰ ਭਾਲਦਾ, ਉਹ ਪਰਸੰਨਤਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਿਆਈ ਨੂੰ ਢੂੰਡਦਾ ਹੈ, ਉਹੀ ਉਸ ਉੱਤੇ ਆ ਪਵੇਗੀ।
28 ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਙੁ ਲਹਿਲਹਾਉਣਗੇ।
29 ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ, ਅਤੇ ਮੂਰਖ ਬੁੱਧਵਾਨ ਦਾ ਗੋੱਲਾ ਹੋਵੇਗਾ।
30 ਧਰਮੀ ਦਾ ਫਲ ਜੀਉਣ ਦਾ ਬਿਰਛ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ।
31 ਵੇਖੋ, ਧਰਮੀ ਵੀ ਇਸ ਲੋਕ ਵਿੱਚ ਆਪਣਾ ਫਲ ਭੋਗਦੇ ਹਨ, ਤਾਂ ਦੁਸ਼ਟ ਅਤੇ ਪਾਪੀ ਕਿੰਨਾ ਵਧੀਕ ਭੋਗਣਗੇ!