ਯਸ਼ਵਾ
ਕਾਂਡ 2
ਤਦ ਨੂਨ ਦੇ ਪੁੱਤ੍ਰ ਯਹੋਸ਼ੁਆ ਨੇ ਸ਼ਿੱਟੀਮ ਤੋਂ ਦੋ ਮਨੁੱਖਾਂ ਨੂੰ ਚੁੱਪ ਚਾਪ ਭੇਤ ਲੈਣ ਲਈ ਘੱਲਿਆ ਅਤੇ ਉਨ੍ਹਾਂ ਨੂੰ ਆਖਿਆ, ਜਾ ਕੇ ਉਸ ਦੇਸ ਨੂੰ ਅਰਥਾਤ ਯਰੀਹੋ ਨੂੰ ਵੇਖੋ ਤਾਂ ਓਹ ਗਏ ਤੇ ਇੱਕ ਬੇਸਵਾ ਦੇ ਘਰ ਵਿੱਚ ਜਿਹ ਦਾ ਨਾਉਂ ਰਾਹਾਬ ਸੀ ਵੜ ਕੇ ਉੱਥੇ ਟਿਕੇ।   
2   ਤਾਂ ਯਰੀਹੋ ਦੇ ਰਾਜੇ ਨੂੰ ਆਖਿਆ ਗਿਆ ਕਿ ਵੇਖੋ, ਅੱਜ ਦੀ ਰਾਤ ਇਸਰਾਏਲੀਆਂ ਵਿੱਚੋਂ ਮਨੁੱਖ ਏੱਥੇ ਦੇਸ ਦੀ ਖੋਜ ਲਈ ਆਏ ਹੋਏ ਹਨ।   
3   ਤਦ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਕਹਾ ਘੱਲਿਆ ਭਈ ਓਹਨਾਂ ਮਨੁੱਖਾਂ ਨੂੰ ਲਿਆ ਜਿਹੜੇ ਤੇਰੇ ਕੋਲ ਆਏ ਹਨ ਅਤੇ ਤੇਰੇ ਘਰ ਵਿੱਚ ਹਨ ਕਿਉਂ ਜੋ ਓਹ ਸਾਰੇ ਦੇਸ ਨੂੰ ਖੋਜਣ ਆਏ ਹਨ।   
4   ਤਾਂ ਉਸ ਤੀਵੀਂ ਨੇ ਓਹਨਾਂ ਦੋਹਾਂ ਮਨੁੱਖਾਂ ਨੂੰ ਲੈ ਕੇ ਲੁਕਾ ਦਿੱਤਾ ਅਤੇ ਇਉਂ ਆਖਿਆ ਭਈ ਓਹ ਮਨੁੱਖ ਮੇਰੇ ਕੋਲ ਆਏ ਤਾਂ ਸਨ ਪਰ ਮੈਨੂੰ ਪਤਾ ਨਹੀਂ ਕਿ ਓਹ ਕਿੱਥੋਂ ਦੇ ਸਨ।   
5   ਅਤੇ ਐਉਂ ਹੋਇਆ ਕਿ ਜਦ ਫਾਟਕਾਂ ਦੇ ਬੰਦ ਕਰਨ ਦੇ ਵੇਲੇ ਅਨ੍ਹੇਰਾ ਸੀ ਤਾਂ ਓਹ ਮਨੁੱਖ ਕਿੱਧਰੇ ਨਿੱਕਲ ਗਏ ਅਤੇ ਇਹ ਮੈਨੂੰ ਪਤਾ ਨਹੀਂ ਕਿ ਓਹ ਮਨੁੱਖ ਕਿੱਥੇ ਚੱਲੇ ਗਏ ਹਨ। ਛੇਤੀ ਨਾਲ ਓਹਨਾਂ ਦਾ ਪਿੱਛਾ ਕਰੋ ਕਿਉਂ ਜੋ ਤੁਸੀਂ ਓਹਨਾਂ ਨੂੰ ਜਾ ਟੱਕਰੋਗੇ।   
6   ਪਰ ਉਹ ਓਹਨਾਂ ਨੂੰ ਛੱਤ ਉੱਤੇ ਲੈ ਗਈ ਅਤੇ ਸਣ ਦਿਆਂ ਗਰਨਿਆਂ ਦੇ ਹੇਠ ਜਿਹੜੇ ਛੱਤ ਉੱਤੇ ਚਿਣ ਕੇ ਰੱਖੇ ਹੋਏ ਸਨ ਲੁਕਾ ਦਿੱਤਾ।   
7   ਮਨੁੱਖ ਓਹਨਾਂ ਦੇ ਪਿੱਛੇ ਯਰਦਨ ਦੇ ਰਾਹ ਪੱਤਣ ਤੀਕ ਗਏ ਅਤੇ ਜਿਸ ਵੇਲੇ ਓਹਨਾਂ ਦਾ ਪਿੱਛਾ ਕਰਨ ਵਾਲੇ ਬਾਹਰ ਨਿੱਕਲ ਗਏ ਤਾਂ ਉਨ੍ਹਾਂ ਨੇ ਫਾਟਕ ਬੰਦ ਕਰ ਲਿਆ।   
8   ਓਹਨਾਂ ਦੇ ਲੰਮੇ ਪੈਣ ਤੋਂ ਪਹਿਲਾਂ ਉਹ ਓਹਨਾਂ ਕੋਲ ਛੱਤ ਉੱਤੇ ਚੜ੍ਹ ਗਈ   
9   ਅਤੇ ਓਹਨਾਂ ਨੂੰ ਆਖਿਆ ਭਈ ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਏਹ ਦੇਸ ਤੁਹਾਨੂੰ ਦੇ ਦਿੱਤਾ ਹੈ ਅਤੇ ਤੁਹਾਡਾ ਭੈ ਅਸਾਂ ਲੋਕਾਂ ਉੱਤੇ ਆ ਪਿਆ ਹੈ ਅਤੇ ਏਸ ਦੇਸ ਦੇ ਸਾਰੇ ਵਸਨੀਕ ਤੁਹਾਡੇ ਅੱਗੋਂ ਢਲੇ ਜਾਂਦੇ ਹਨ।   
10  ਕਿਉਂ ਜੋ ਅਸਾਂ ਸੁਣਿਆਂ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਅੱਗੇ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤਸਾਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਅਰਥਾਤ ਸਿਹੋਨ ਅਤੇ ਓਗ ਨਾਲ ਜਿਹੜੇ ਯਰਦਨ ਦੇ ਉਸ ਪਾਸੇ ਸਨ ਕਿਵੇਂ ਕੀਤਾ ਜਿਨ੍ਹਾਂ ਦਾ ਤੁਸਾਂ ਮੂਲੋਂ ਮੂੱਢੋਂ ਨਾਸ ਕਰ ਸੁੱਟਿਆ।     
11  ਅਤੇ ਜਦ ਅਸਾਂ ਸੁਣਿਆਂ ਤਾਂ ਸਾਡੇ ਮਨ ਪਾਣਿਓਂ ਪਾਣੀ ਹੋ ਗਏ ਅਤੇ ਤੁਹਾਡੇ ਕਾਰਨ ਕਿਸੇਂ ਮਨੁੱਖ ਵਿੱਚ ਹਿੰਮਤ ਨਹੀਂ ਰਹੀ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉੱਪਰਲੇ ਸੁਰਗ ਵਿੱਚ ਅਤੇ ਹੇਠਲੀ ਧਰਤੀ ਉੱਤੇ ਉਹੋ ਪਰਮੇਸ਼ੁਰ ਹੈ।     
12  ਸੋ ਹੁਣ ਤੁਸੀਂ ਮੇਰੇ ਨਾਲ ਯਹੋਵਾਹ ਦੀ ਸੌਂਹ ਖਾਓ ਏਸ ਲਈ ਭਈ ਜਹੀ ਤੁਹਾਡੇ ਉੱਤੇ ਮੈਂ ਦਯਾ ਕੀਤੀ ਹੈ ਤਹੀ ਤੁਸੀਂ ਮੇਰੇ ਪਿਤਾ ਦੇ ਘਰਾਣੇ ਉੱਤੇ ਦਯਾ ਕਰੋਗੇ ਅਤੇ ਇੱਕ ਪੱਕਾ ਨਿਸ਼ਾਨ ਮੈਨੂੰ ਦਿਓ।     
13  ਕਿ ਮੇਰੇ ਪਿਤਾ, ਮੇਰੀ ਮਾਤਾ, ਮੇਰੇ ਭਰਾਵਾਂ, ਮੇਰੀਆਂ ਭੈਣਾਂ ਨੂੰ ਅਤੇ ਜੋ ਕੁਝ ਉਨ੍ਹਾਂ ਦਾ ਹੈ ਜੀਉਂਦਾ ਰੱਖੋਗੇ ਅਤੇ ਸਾਡੀਆਂ ਜਾਨਾਂ ਨੂੰ ਮੌਤ ਤੋਂ ਛੁਡਾਓਗੇ।     
14  ਤਾਂ ਓਹਨਾਂ ਮਨੁੱਖਾ ਨੇ ਉਹ ਨੂੰ ਆਖਿਆ, ਜੇ ਕਰ ਤੁਸੀਂ ਸਾਡੀ ਏਹ ਗੱਲ ਨਾ ਦੱਸੋ ਤਾਂ ਤੁਹਾਡੀ ਮੌਤ ਦੇ ਵੱਟੇ ਸਾਡੀ ਜਾਨ ਹੈ ਅਤੇ ਐਉਂ ਹੋਵੇਗਾ ਕਿ ਜਿਸ ਵੇਲੇ ਯਹੋਵਾਹ ਏਹ ਦੇਸ ਸਾਨੂੰ ਦੇ ਦੇਵੇ ਤਾਂ ਅਸੀ ਤੁਹਾਡੇ ਨਾਲ ਦਯਾ ਅਤੇ ਸਚਿਆਈ ਨਾਲ ਵਰਤਾਂਗੇ।     
15  ਉਹ ਨੇ ਓਹਨਾਂ ਨੂੰ ਰੱਸੇ ਨਾਲ ਬਾਰੀ ਦੇ ਵਿੱਚ ਦੀ ਉਤਾਰ ਦਿੱਤਾ ਕਿਉਂ ਜੋ ਉਹ ਦਾ ਘਰ ਧੂੜਕੋਟ ਦੇ ਨਾਲ ਲੱਗਦਾ ਸੀ ਅਤੇ ਉਹ ਉੱਸੇ ਧੂੜਕੋਟ ਵਿੱਚ ਰਹਿੰਦੀ ਸੀ।     
16  ਉਸ ਓਹਨਾਂ ਨੂੰ ਆਖਿਆ, ਪਹਾੜ ਵੱਲ ਚੱਲੇ ਜਾਓ ਮਤੇ ਪਿੱਛਾ ਕਰਨ ਵਾਲੇ ਤੁਹਾਨੂੰ ਮਿਲ ਪੈਣ। ਸੋ ਤੁਸੀਂ ਤਿੰਨਾਂ ਦਿਨਾਂ ਤੀਕ ਆਪਣੇ ਆਪ ਨੂੰ ਲੁਕਾ ਛੱਡੋ ਜਦ ਤੀਕ ਪਿੱਛਾ ਕਰਨ ਵਾਲੇ ਨਾ ਮੁੜਨ ਉਸ ਦੇ ਪਿੱਛੋਂ ਤੁਸੀਂ ਆਪਣੇ ਰਾਹ ਪੈ ਜਾਓ।     
17  ਤਾਂ ਓਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਏਸ ਸੌਂਹ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ।     
18  ਵੇਖ ਜਦ ਅਸੀਂ ਏਸ ਦੇਸ ਵਿੱਚ ਆਵਾਂਗੇ ਤਾਂ ਏਹ ਕਿਰਮਚੀ ਸੂਤ ਦੀ ਡੋਰੀ ਏਸ ਬਾਰੀ ਨਾਲ ਬੰਨ੍ਹੀਂ ਜਿਹ ਦੇ ਵਿੱਚੋਂ ਦੀ ਤੂੰ ਸਾਨੂੰ ਉਤਾਰਿਆ ਹੈ ਅਤੇ ਆਪਣੇ ਪਿਤਾ, ਆਪਣੀ ਮਾਤਾ, ਆਪਣਿਆਂ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣੇ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀਂ।     
19  ਤਾਂ ਐਉਂ ਹੋਵੇਗਾ ਜੇ ਕੋਈ ਤੇਰੇ ਘਰ ਦੇ ਬੂਹੇ ਵਿੱਚੋਂ ਗਲੀ ਵਿੱਚ ਨਿੱਕਲ ਕੇ ਆ ਜਾਵੇਗਾ ਉਸ ਦਾ ਖ਼ੂਨ ਉਸ ਦੇ ਸਿਰ ਉੱਤੇ ਹੋਵੇਗਾ ਅਤੇ ਅਸੀ ਬੇਦੋਸ਼ੀ ਹੋਵਾਂਗੇ ਅਤੇ ਜੋ ਕੋਈ ਤੇਰੇ ਕੋਲ ਘਰ ਵਿੱਚ ਹੋਵੇਗਾ ਉਸ ਦੇ ਉੱਤੇ ਜੇ ਕਿਸੇ ਦਾ ਹੱਥ ਉੱਠੇਗਾ ਤਾਂ ਉਸ ਦਾ ਖ਼ੂਨ ਸਾਡੇ ਸਿਰ ਉੱਤੇ ਹੋਵੇਗਾ।     
20  ਜੇ ਕਰ ਤੂੰ ਸਾਡੀ ਏਹ ਗੱਲ ਦੱਸ ਦੇਵੇਂਗੀ ਤਾਂ ਉਸ ਸੌਂਹ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ।     
21  ਉਸ ਆਖਿਆ, ਤੁਹਾਡੀ ਗੱਲ ਅਨੁਸਾਰ ਹੋਵੇ। ਸੋ ਉਹ ਨੇ ਓਹਨਾਂ ਨੂੰ ਤੋਰ ਦਿੱਤਾ ਤਾਂ ਓਹ ਤੁਰ ਗਏ ਅਤੇ ਉਹ ਨੇ ਕਿਰਮਚੀ ਸੂਤ ਦੀ ਡੋਰੀ ਬਾਰੀ ਨਾਲ ਬੰਨ੍ਹ ਦਿੱਤੀ।     
22  ਤਾਂ ਓਹ ਤੁਰ ਕੇ ਪਹਾੜ ਵੱਲ ਗਏ ਅਤੇ ਉੱਥੇ ਤਿੰਨਾਂ ਦਿਨਾਂ ਤੀਕ ਰਹੇ ਜਦ ਤੀਕ ਓਹਨਾਂ ਦਾ ਪਿੱਛਾ ਕਰਨ ਵਾਲੇ ਨਾ ਮੁੜੇ ਅਤੇ ਪਿੱਛਾ ਕਰਨ ਵਾਲਿਆਂ ਨੇ ਓਹਨਾਂ ਨੂੰ ਉਸ ਸਾਰੇ ਰਾਹ ਵਿੱਚ ਭਾਲਿਆ ਪਰ ਓਹ ਨਾ ਲੱਭੇ।     
23  ਤਾਂ ਓਹ ਦੋਵੇ ਮਨੁੱਖ ਮੁੜੇ ਅਤੇ ਪਹਾੜੋਂ ਉਤਰੇ ਅਤੇ ਪਾਰ ਲੰਘ ਕੇ ਨੂਨ ਦੇ ਪੁੱਤ੍ਰ ਯਹੋਸ਼ੁਆ ਕੋਲ ਆਏ ਤਾਂ ਸਾਰੀਆਂ ਗੱਲਾਂ ਜੋ ਓਹਨਾਂ ਨਾਲ ਹੋਈਆਂ ਸਨ ਉਹ ਨੂੰ ਦੱਸੀਆਂ।     
24  ਅਤੇ ਓਹਨਾਂ ਨੇ ਯਹੋਸ਼ੁਆ ਨੂੰ ਆਖਿਆ, ਸੱਚ ਮੁੱਚ ਯਹੋਵਾਹ ਨੇ ਏਹ ਸਾਰਾ ਦੇਸ ਸਾਡੇ ਹੱਥ ਵਿੱਚ ਦੇ ਦਿੱਤਾ ਹੈ ਕਿਉਂ ਜੋ ਏਸ ਦੇਸ ਦੇ ਸਾਰੇ ਵਸਨੀਕ ਸਾਡੇ ਅੱਗੇ ਢਲ ਤੁਰੇ ਹਨ।