ਯਾਕੂਬ
ਕਾਂਡ 3
  ਹੇ ਮੇਰੇ ਭਰਾਵੋ, ਬਾਹਲੇ ਉਪਦੇਸ਼ਕ ਨਾ ਬਣੋ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਾਨੂੰ ਵਧੀਕ ਸਜ਼ਾ ਮਿਲੇਗੀ।  
2 ਇਸ ਲਈ ਜੋ ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹੀ ਨੂੰ ਭੀ ਲਗਾਮ ਦੇ ਸੱਕਦਾ ਹੈ।  
3 ਜਦੋਂ ਅਸੀਂ ਘੋੜਿਆਂ ਦੀਆਂ ਲਗਾਮਾਂ ਉਨ੍ਹਾਂ ਦੇ ਮੂੰਹਾਂ ਵਿੱਚ ਦਿੰਦੇ ਹਾਂ ਭਈ ਓਹ ਸਾਡੇ ਵੱਸ ਵਿੱਚ ਰਹਿਣ ਤਾਂ ਉਨ੍ਹਾਂ ਦੇ ਸਾਰੇ ਨੂੰ ਸਰੀਰ ਨੂੰ ਵੀ ਮੋੜ ਲੈਂਦੇ ਹਾਂ।  
4 ਵੇਖੋ, ਜਹਾਜ਼ ਵੀ ਭਾਵੇਂ ਕੇਡੇ ਕੇਡੇ ਵੱਡੇ ਹਨ ਅਤੇ ਡਾਢੀਆਂ ਅਨ੍ਹੇਰੀਆਂ ਨਾਲ ਉਡਾਏ ਜਾਂਦੇ ਹਨ ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਾਂਝੀ ਦਾ ਜੀ ਕਰੇ ਮੋੜੇ ਜਾਂਦੇ ਹਨ।  
5 ਇਸੇ ਪਰਕਾਰ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੇ ਫੌੜ ਮਾਰਦੀ ਹੈ, — ਵੇਖੋ, ਕੇਡਾ ਵੱਡਾ ਬਣ ਕਿਹੀ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ !  
6 ਜੀਭ ਵੀ ਇੱਕ ਅੱਗ ਹੈ ! ਸਾਡਿਆਂ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਅਤੇ ਭਵਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ !  
7 ਕਿਉਂਕਿ ਜੰਗਲੀ ਜਨਾਉਰਾਂ ਅਤੇ ਪੰਛੀਆਂ, ਘਿੱਸਰਨ ਵਾਲੇ ਅਤੇ ਜਲ ਜੰਤੂਆਂ ਦੀ ਹਰੇਕ ਜ਼ਾਤ ਮਨੁੱਖ ਜ਼ਾਤ ਦੇ ਵੱਸ ਵਿੱਚ ਕੀਤੀ ਜਾਂਦੀ ਸਗੋਂ ਕੀਤੀ ਭੀ ਗਈ ਹੈ।  
8 ਪਰ ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ। ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਵਿੱਸ ਨਾਲ ਭਰੀ ਹੋਈ ਹੈ।  
9 ਓਸੇ ਨਾਲ ਅਸੀਂ ਪ੍ਰਭੁ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਓਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ।  
10 ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿੱਕਲਦੀ ਹੈ ! ਹੇ ਮੇਰੇ ਭਰਾਵੋ, ਏਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ ਹਨ !  
11 ਭਲਾ, ਸੋਮੇ ਦੇ ਇੱਕੋ ਮੂੰਹ ਤੋਂ ਕਦੇ ਮਿੱਠਾ ਅਤੇ ਖਾਰਾ ਪਾਣੀ ਭੀ ਨਿੱਕਲਦਾ ਹੈ ?  
12 ਹੇ ਮੇਰੇ ਭਰਾਵੋ, ਕੀ ਇਹ ਹੋ ਸੱਕਦਾ ਹੈ ਜੋ ਹਜੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹਜੀਰ ਲੱਗੇ ? ਖਾਰੇ ਪਾਣੀ ਵਿੱਚੋਂ ਭੀ ਮਿੱਠਾ ਪਾਣੀ ਨਹੀਂ ਨਿੱਕਲਦਾ ਹੈ।  
13 ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ। 
14 ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਅਤੇ ਧੜੇਬਾਜ਼ੀ ਕਰਦੇ ਹੋ ਤਾਂ ਸਚਿਆਈ ਦੇ ਵਿਰੁੱਧ ਨਾ ਘੁਮੰਡ ਕਰੋ, ਨਾ ਝੂਠ ਮਾਰੋ।  
15 ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰ ਆਉਂਦੀ ਹੈ ਸਗੋਂ ਸੰਸਾਰੀ, ਪ੍ਰਾਣਕ, ਸ਼ਤਾਨੀ ਹੈ।  
16 ਕਿਉਂਕਿ ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਘਮਸਾਣ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ।  
17 ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।  
18 ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ।