੨ ਤਿਮੋਥਿਉਸ
ਕਾਂਡ 2
ਉਪਰੰਤ ਹੇ ਮੇਰੇ ਬੱਚੇ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ।
2 ਅਤੇ ਜਿਹੜੀਆਂ ਗੱਲਾਂ ਤੈਂ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੈਥੋਂ ਸੁਣੀਆਂ ਅਜੇਹਿਆਂ ਮਾਤਬਰ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ ਹੋਣ।
3 ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਙੁ ਮੇਰੇ ਨਾਲ ਦੁਖ ਝੱਲ।
4 ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਵਿੱਚ ਨਹੀਂ ਫਸਾਉਂਦਾ ਭਈ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ।
5 ਫੇਰ ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੀਕ ਉਹ ਕਾਇਦੇ ਮੂਜਬ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ।
6 ਕਰਸਾਣ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫ਼ਸਲ ਵਿੱਚ ਹਿੱਸਾ ਮਿਲਣਾ ਚਾਹੀਦਾ ਹੈ।
7 ਜੋ ਮੈਂ ਆਖਦਾ ਹਾਂ ਉਹ ਦਾ ਧਿਆਨ ਰੱਖ ਕਿਉਂ ਜੋ ਪ੍ਰਭੁ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ।
8 ਯਿਸੂ ਮਸੀਹ ਨੂੰ ਜਿਹੜਾ ਦਾਊਦ ਦੀ ਨਸਲ ਵਿੱਚੋਂ ਹੈ, ਜਿਹੜਾ ਮੇਰੀ ਖੁਸ਼ ਖਬਰੀ ਦੇ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਚੇਤੇ ਰੱਖ।
9 ਜਿਹ ਦੇ ਨਮਿੱਤ ਮੈਂ ਬਦਕਾਰ ਵਾਂਙੁ ਬੰਧਨਾਂ ਤੀਕ ਦਾ ਦੁਖ ਭੋ ਦਾ ਹਾਂ ਪਰੰਤੂ ਪਰਮੇਸ਼ੁਰ ਦਾ ਬਚਨ ਬੱਧਾ ਹੋਇਆ ਨਹੀਂ।
10 ਇਸ ਕਾਰਨ ਮੈਂ ਚੁਣਿਆਂ ਹੋਇਆਂ ਲੋਕਾਂ ਲਈ ਸੱਭੋ ਕੁਝ ਸਹਿੰਦਾ ਹਾਂ ਭਈ ਓਹ ਭੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ ਸਦੀਪਕ ਤੇਜ ਸਣੇ ਪਰਾਪਤ ਕਰਨ।
11 ਇਹ ਬਚਨ ਸਤ ਹੈ ਕਿਉਂਕਿ ਜੇ ਅਸੀਂ ਉਹ ਦੇ ਨਾਲ ਮੋਏ ਤਾਂ ਉਹ ਦੇ ਨਾਲ ਜੀਵਾਂਗੇ ਭੀ।
12 ਜੇ ਸਹਾਰ ਲਈਏ ਤਾਂ ਉਹ ਦੇ ਨਾਲ ਰਾਜ ਭੀ ਕਰਾਂਗੇ। ਜੇ ਉਹ ਦਾ ਇਨਕਾਰ ਕਰੀਏ ਤਾਂ ਉਹ ਭੀ ਸਾਡਾ ਇਨਕਾਰ ਕਰੇਗਾ।
13 ਭਾਵੇਂ ਅਸੀਂ ਬੇ ਵਫ਼ਾ ਹੋਈਏ ਪਰ ਉਹ ਵਫ਼ਾਦਾਰ ਰਹਿੰਦਾ ਹੈ ਕਿਉਂ ਜੋ ਉਹ ਆਪਣਾ ਇਨਕਾਰ ਨਹੀਂ ਕਰ ਸੱਕਦਾ।
14 ਏਹ ਗੱਲਾਂ ਉਨ੍ਹਾਂ ਨੂੰ ਚੇਤੇ ਕਰਾ ਅਤੇ ਪ੍ਰਭੁ ਨੂੰ ਗਵਾਹ ਕਰਕੇ ਤਗੀਦ ਕਰ ਭਈ ਓਹ ਸ਼ਬਦਾਂ ਦਾ ਝਗੜਾ ਨਾ ਕਰਨ ਜਿਸ ਤੋਂ ਕੁਝ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਨੂੰ ਵਿਗਾੜਦਾ ਹੀ ਹੈ।
15 ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।
16 ਪਰ ਕੁਧਰਮ ਦੀ ਬੁੜ ਬੁੜਾਟ ਤੋਂ ਲਾਂਭੇ ਰਹੁ ਕਿਉਂ ਜੋ ਏਹ ਲੋਕਾਂ ਨੂੰ ਅਭਗਤੀ ਦੇ ਰਾਹ ਵਿੱਚ ਅਗਾਹਾਂ ਹੀ ਅਗਾਹਾਂ ਲੈ ਜਾਵੇਗੀ।
17 ਅਤੇ ਓਹਨਾਂ ਦਾ ਬਚਨ ਮਿੱਠੀ ਮੌਹਰੀ ਵਾਂਙੁ ਖਾਂਦਾ ਜਾਵੇਗਾ। ਓਹਨਾਂ ਵਿੱਚੋਂ ਹੁਮਿਨਾਯੁਸ ਅਤੇ ਫ਼ਿਲੇਤੁਸ ਹਨ।
18 ਓਹ ਇਹ ਕਹਿ ਕੇ ਭਈ ਕਿਆਮਤ ਹੋ ਚੁੱਕੀ ਹੈ ਸਚਿਆਈ ਦੇ ਰਾਹੋਂ ਖੁੰਝ ਗਏ ਅਤੇ ਕਈਆਂ ਦੀ ਨਿਹਚਾ ਨੂੰ ਵਿਗਾੜਦੇ ਹਨ।
19 ਤਾਂ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੁ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਭਈ ਹਰੇਕ ਜਿਹੜਾ ਪ੍ਰਭੁ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅੱਡ ਰਹੇ।
20 ਵੱਡੇ ਘਰ ਵਿੱਚ ਨਿਰੇ ਸੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਭੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ।
21 ਸੋ ਜੇ ਕੋਈ ਆਪਣੇ ਆਪਣੇ ਨੂੰ ਇਨ੍ਹਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ ਮਾਲਿਕ ਦੇ ਵਰਤਣ ਜੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ।
22 ਪਰ ਜੁਆਨੀ ਦੀਆਂ ਕਾਮਨਾਂ ਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੁ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਨਿਹਚਾ, ਪ੍ਰੇਮ ਅਤੇ ਮਿਲਾਪ ਦੇ ਮਗਰ ਲੱਗਾ ਰਹੁ।
23 ਪਰ ਮੂਰਖਪੁਣੇ ਅਤੇ ਬੇਵਕੂਫ਼ੀ ਦਿਆਂ ਪ੍ਰਸ਼ਨਾਂ ਵੱਲੋਂ ਮੂੰਹ ਮੋੜ ਕਿਉਂ ਜੋ ਤੂੰ ਜਾਣਦਾ ਹੈਂ ਭਈ ਓਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ।
24 ਅਤੇ ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ ਅਤੇ ਸਬਰ ਕਰਨ ਵਾਲਾ ਹੋਵੇ।
25 ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ੁਰ ਓਹਨਾਂ ਨੂੰ ਤੋਬਾ ਕਰਨੀ ਬਖ਼ਸ਼ੇ ਭਈ ਸਤ ਦੇ ਗਿਆਨ ਨੂੰ ਪਰਾਪਤ ਕਰਨ।
26 ਅਤੇ ਉਹ ਦੀ ਇੱਛਿਆ ਨੂੰ ਪੂਰਿਆਂ ਕਰਨ ਲਈ ਸ਼ਤਾਨ ਦੀ ਫਾਹੀ ਵਿੱਚ ਫਸ ਕੇ ਹੋਸ਼ ਵਿੱਚ ਆਣ ਕੇ ਬਚ ਨਿੱਕਲਣ।