੧ ਤਿਮੋਥਿਉਸ
ਕਾਂਡ 4
ਪਰ ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ।
2 ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ ਜਿਨ੍ਹਾਂ ਦਾ ਆਪਣਾ ਹੀ ਅੰਤਹਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ।
3 ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਨ੍ਹਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ੁਰ ਨੇ ਉਤਪਤ ਕੀਤੇ ਭਈ ਨਿਹਚਾ ਕਰਨ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ।
4 ਕਿਉਂ ਜੋ ਪਰਮੇਸ਼ੁਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਿਆਗਣ ਦੇ ਜੋਗ ਨਹੀਂ ਜੇ ਕਦੇ ਉਹ ਧੰਨਵਾਦ ਨਾਲ ਲਈ ਜਾਵੇ।
5 ਇਸ ਲਈ ਜੋ ਉਹ ਪਰਮੇਸ਼ੁਰ ਦੇ ਬਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ।
6 ਜੇ ਤੂੰ ਭਰਾਵਾਂ ਦੇ ਅੱਗੇ ਏਹ ਗੱਲਾਂ ਪੇਸ਼ ਕਰੇਂ ਤਾਂ ਤੂੰ ਨਿਹਚਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਰਿਹਾ ਪਲ ਕੇ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ।
7 ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਲਈ ਆਪ ਸਾਧਨਾ ਕਰ।
8 ਕਿਉਂ ਜੋ ਸਰੀਰਕ ਸਾਧਨਾ ਤੋਂ ਲਾਭ ਥੋੜਾ ਹੈ ਪਰ ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ।
9 ਇਹ ਬਚਨ ਸਤ ਹੈ ਅਤੇ ਪੂਰੀ ਤਰਾਂ ਮੰਨਣ ਜੋਗ ਹੈ।
10 ਇਸੇ ਨਮਿੱਤ ਅਸੀਂ ਮਿਹਨਤ ਅਤੇ ਜਤਨ ਕਰਦੇ ਹਾਂ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨਿਹਚਾਵਾਨਾਂ ਦਾ ਮੁਕਤੀ ਦਾਤਾ ਹੈ।
11 ਇਨ੍ਹਾਂ ਗੱਲਾਂ ਦਾ ਹੁਕਮ ਕਰ ਅਰ ਸਿਖਾ।
12 ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਨਿਹਚਾਵਾਨਾਂ ਲਈ ਬਚਨ ਵਿੱਚ, ਚਾਲ ਚਲਣ ਵਿੱਚ, ਪ੍ਰੇਮ ਵਿੱਚ, ਨਿਹਚਾ ਵਿੱਚ, ਪਵਿੱਤਰਤਾਈ ਵਿੱਚ, ਨਮੂਨਾ ਬਣੀਂ।
13 ਜਦ ਤੀਕੁਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ।
14 ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਜਿਹੜੀ ਅਗੰਮ ਵਾਕ ਦੇ ਰਾਹੀਂ ਪਰਿਹਾ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ।
15 ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।
16 ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।