੨ ਥੱਸਲੁਨੀਕੀਆਂ

1 2 3


ਕਾਂਡ 2

ਹੁਣ ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਵਿਖੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ।
2 ਭਈ ਤੁਸੀਂ ਕਿਸੇ ਰੂਹ ਯਾ ਬਾਣੀ ਯਾ ਸਾਡੇ ਨਾਉਂ ਦੀ ਜਾਹਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਾਬਰ ਜਾਓ ਭਈ ਮਾਨੋ ਪ੍ਰਭੁ ਦਾ ਦਿਨ ਆਣ ਪੁੱਜਿਆ ਹੈ !
3 ਕੋਈ ਤੁਹਾਨੂੰ ਕਿਸੇ ਤਰਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਕੁਧਰਮ ਦਾ ਪੁਰਖ ਅਰਥਾਤ ਵਿਨਾਸ ਦਾ ਪੁੱਤ੍ਰ ਪਰਗਟ ਨਾ ਹੋ ਜਾਵੇ।
4 ਜੋ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਯਾ ਪੂਜਿਆ ਜਾਂਦਾ ਹੈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੀਕ ਜੋ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਕਰਕੇ ਵਿਖਾਉਂਦਾ ਹੈ !
5 ਕੀ ਤੂਹਾਨੂੰ ਚੇਤੇ ਨਹੀਂ ਭਈ ਤੁਹਾਡੇ ਕੋਲ ਹੁੰਦਿਆਂ ਮੈਂ ਤੁਹਾਨੂੰ ਏਹ ਗੱਲਾਂ ਆਖੀਆਂ ?
6 ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਡੱਕੀ ਬੈਠਾ ਹੈ ਭਈ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ।
7 ਕੁਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ ਪਰ ਜਦ ਤਾਈਂ ਉਹ ਵਿੱਚੋਂ ਹਟ ਨਾ ਜਾਵੇ ਇੱਕ ਡੱਕਣ ਵਾਲਾ ਹੈ।
8 ਤਦ ਉਹ ਕੁਧਰਮੀ ਪਰਗਟ ਹੋਵੇਗਾ ਜਿਹ ਨੂੰ ਪ੍ਰਭੁ ਯਿਸੂ ਆਪਣੇ ਮੁਖ ਦੇ ਸਾਹ ਨਾਲ ਦਗਧ ਕਰੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ।
9 ਉਸ ਕੁਧਰਮੀ ਦਾ ਆਉਣਾ ਸ਼ਤਾਨ ਦੇ ਅਮਲ ਅਨੁਸਾਰ ਹਰ ਪਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਅਚਰਜਾਂ ਨਾਲ ਹੋਵੇਗਾ,
10 ਨਾਲੇ ਓਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ ਕੁਧਰਮ ਦੇ ਹਰ ਪਰਕਾਰ ਦੇ ਛਲ ਨਾਲ, ਇਸ ਕਾਰਨ ਜੋ ਓਹਨਾਂ ਨੇ ਸਚਿਆਈ ਦੇ ਪ੍ਰੇਮ ਨੂੰ ਕਬੂਲ ਨਾ ਕੀਤਾ ਜਿਸ ਤੋਂ ਓਹਨਾਂ ਦੀ ਮੁਕਤੀ ਹੋ ਜਾਂਦੀ।
11 ਸੋ ਇਸੇ ਕਰਕੇ ਪਰਮੇਸ਼ੁਰ ਓਹਨਾਂ ਉੱਤੇ ਧੋਖੇ ਦਾ ਅਸਰ ਘੱਲਦਾ ਹੈ ਭਈ ਉਹ ਝੂਠ ਨੂੰ ਸੱਚ ਮੰਨਣ।
12 ਤਾਂ ਜੋ ਓਹ ਸੱਭੇ ਦੋਸ਼ੀ ਠਹਿਰਨ ਜਿਨ੍ਹਾਂ ਸੱਚ ਨੂੰ ਨਾ ਮੰਨਿਆ ਸਗੋਂ ਕੁਧਰਮ ਉੱਤੇ ਪਰਸੰਨ ਰਹੇ।
13 ਪਰ ਹੇ ਭਰਾਵੋ, ਪ੍ਰਭੁ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰੀਏ ਇਸ ਕਰਕੇ ਜੋ ਪਰਮੇਸ਼ੁਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ ਭਈ ਤੁਹਾਨੂੰ ਆਤਮਾ ਤੋਂ ਪਵਿੱਤਰ ਹੋਣ ਨਾਲ ਅਤੇ ਸੱਚ ਨੂੰ ਮੰਨਣ ਨਾਲ ਮੁਕਤੀ ਹੱਥ ਆਵੇ।
14 ਜਿਹ ਦੇ ਲਈ ਉਸ ਨੇ ਤੁਹਾਨੂੰ ਸਾਡੀ ਖੁਸ਼ ਖਬਰੀ ਦੇ ਰਾਹੀਂ ਸੱਦਿਆ ਭਈ ਤੁਹਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੀ ਮਹਿਮਾ ਪਰਾਪਤ ਹੋਵੇ।
15 ਸੋ ਇਸ ਕਾਰਨ ਹੇ ਭਰਾਵੋ, ਕਾਇਮ ਰਹੋ ਅਤੇ ਉਨ੍ਹਾਂ ਰਵਾਇਤਾਂ ਨੂੰ ਜਿਹੜੀਆਂ ਤੁਸਾਂ ਭਾਵੇਂ ਜ਼ਬਾਨੀ ਭਾਵੇਂ ਸਾਡੀ ਪੱਤ੍ਰੀ ਤੋਂ ਸਿੱਖੀਆਂ ਫੜੀ ਰੱਖੋ।
16 ਹੁਣ ਸਾਡਾ ਪ੍ਰਭੁ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਭਲੀ ਆਸਾ ਦਿੱਤੀ।
17 ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਓਹਨਾਂ ਨੂੰ ਹਰੇਕ ਸ਼ੁਭ ਕਰਮ ਅਤੇ ਬਚਨ ਵਿੱਚ ਦ੍ਰਿੜ੍ਹ ਕਰੇ।