੧ ਥੱਸਲੁਨੀਕੀਆਂ

1 2 3 4 5


ਕਾਂਡ 3

ਇਸ ਕਾਰਨ ਜਾਂ ਅਸੀਂ ਹੋਰ ਨਾ ਝੱਲ ਸੱਕੇ ਤਾਂ ਅਥੇਨੇ ਵਿੱਚ ਇਕੱਲੇ ਹੀ ਰਹਿ ਜਾਣ ਨੂੰ ਚੰਗਾ ਜਾਣਿਆ।
2 ਅਤੇ ਤਿਮੋਥਿਉਸ ਨੂੰ ਘੱਲਿਆ ਜਿਹੜਾ ਸਾਡਾ ਭਰਾ ਅਤੇ ਮਸੀਹ ਦੀ ਖੁਸ਼ ਖਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ ਹੈ ਭਈ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਨਿਹਚਾ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ।
3 ਤਾਂ ਜੋ ਇਨ੍ਹਾਂ ਬਿਪਤਾਂ ਕਰਕੇ ਕੋਈ ਡੋਲ ਨਾ ਜਾਵੇ ਕਿਉਂ ਜੋ ਤੁਸੀਂ ਆਪ ਜਾਣਦੇ ਹੋ ਭਈ ਅਸੀਂ ਇਸੇ ਲਈ ਥਾਪੇ ਹੋਏ ਹਾਂ।
4 ਸਗੋਂ ਜਾਂ ਅਸੀਂ ਤੁਹਾਡੇ ਕੋਲ ਸਾਂ ਤਾਂ ਤੁਹਾਨੂੰ ਅੱਗੋਂ ਹੀ ਆਖਦੇ ਹੁੰਦੇ ਸਾਂ ਜੋ ਅਸਾਂ ਬਿਪਤਾ ਭੋਗਣੀਆਂ ਹਨ ਅਤੇ ਸੋਈਓ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ।
5 ਇਸ ਕਾਰਨ ਮੈਂ ਵੀ ਜਾਂ ਹੋਰ ਝੱਲ ਨਾ ਸੱਕਿਆ ਤਾਂ ਤੁਹਾਡੀ ਨਿਹਚਾ ਮਲੂਮ ਕਰਨ ਲਈ ਘੱਲਿਆ ਭਈ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਅਕਾਰਥ ਗਈ ਹੋਵੇ।
6 ਪਰ ਹੁਣ ਜਾਂ ਤੁਹਾਡੀ ਵੱਲੋਂ ਤਿਮੋਥਿਉਸ ਸਾਡੇ ਕੋਲ ਆਇਆ ਅਤੇ ਤੁਹਾਡੀ ਨਿਹਚਾ ਅਤੇ ਪ੍ਰੇਮ ਦੀ ਖੁਸ਼ ਖਬਰੀ ਲਿਆਇਆ, ਨਾਲੇ ਇਸ ਗੱਲ ਦੀ ਭਈ ਤੁਸੀਂ ਸਾਨੂੰ ਸਦਾ ਚੰਗੀ ਤਰਾਂ ਚੇਤੇ ਰੱਖਦੇ ਹੋ ਅਤੇ ਸਾਡੇ ਦਰਸ਼ਣ ਨੂੰ ਲੋਚਦੇ ਹੋ ਜਿਵੇਂ ਅਸੀਂ ਵੀ ਤੁਹਾਡੇ ਦਰਸ਼ਣ ਨੂੰ।
7 ਤਾਂ ਇਸ ਲਈ ਹੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟ ਅਤੇ ਬਿਪਤਾ ਵਿੱਚ ਤੁਹਾਡੇ ਵਿਖੇ ਤੁਹਾਡੀ ਨਿਹਚਾ ਦੇ ਕਾਰਨ ਤਸੱਲੀ ਹੋ ਗਈ।
8 ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਜੇ ਤੁਸੀਂ ਪ੍ਰਭੁ ਵਿੱਚ ਪੱਕੇ ਰਹੋ।
9 ਉਸ ਸਾਰੇ ਅਨੰਦ ਲਈ ਜਿਸ ਕਰਕੇ ਅਸੀਂ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਕਾਰਨ ਅਨੰਦ ਕਰਦੇ ਹਾਂ ਅਸੀਂ ਤੁ ਹਾਡੇ ਵਿਖੇ ਕਿਹੜੇ ਮੂੰਹ ਨਾਲ ਪਰਮੇਸ਼ੁਰ ਦਾ ਧੰਨਵਾਦ ਕਰੀਏ ?
10 ਅਸੀਂ ਰਾਤ ਦਿਨ ਅਤਯੰਤ ਬੇਨਤੀ ਕਰਦੇ ਰਹਿੰਦੇ ਹਾਂ ਜੋ ਤੁਹਾਡਾ ਦਰਸ਼ਣ ਕਰੀਏ ਅਤੇ ਤੁਹਾਡੀ ਨਿਹਚਾ ਦਾ ਘਾਟਾ ਪੂਰਾ ਕਰ ਦੇਈਏ।
11 ਹੁਣ ਸਾਡਾ ਪਰਮੇਸ਼ੁਰ ਅਤੇ ਪਿਤਾ, ਅਤੇ ਸਾਡਾ ਪ੍ਰਭੁ ਯਿਸੂ, ਤੁਹਾਡੇ ਕੋਲ ਆਉਣ ਨੂੰ ਸਾਡੇ ਲਈ ਆਪ ਰਾਹ ਕੱਢ ਦੇਵੇ।
12 ਅਤੇ ਪ੍ਰਭੁ ਤੁਹਾਡੇ ਇੱਕ ਦੂਏ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪ੍ਰੇਮ ਕਰਨ ਨੂੰ ਵਧਾਵੇ ਅਤੇ ਬਹੁਤਾ ਕਰੇ, ਜਿਵੇਂ ਅਸੀਂ ਵੀ ਤੁਹਾਡੇ ਨਾਲ।
13 ਤਾਂ ਜੋ ਤੁਹਾਡਿਆਂ ਮਨਾਂ ਨੂੰ ਤਕੜਿਆਂ ਕਰੇ ਭਈ ਜਿਸ ਵੇਲੇ ਸਾਡਾ ਪ੍ਰਭੁ ਯਿਸੂ ਆਪਣੇ ਸਾਰਿਆਂ ਸੰਤਾਂ ਸਣੇ ਆਵੇਗਾ ਤਾਂ ਓਹ ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੋਸ਼ ਹੋਣ।