੨ ਕੁਰਿੰਥੀਆਂ

1 2 3 4 5 6 7 8 9 10 11 12 13


ਕਾਂਡ 3

ਕੀ ਅਸੀਂ ਫੇਰ ਆਪਣੀ ਨੇਕ ਨਾਮੀ ਦੱਸਣ ਲੱਗੇ ਹਾਂ ਅਥਵਾ ਕਈਆਂ ਵਾਂਙੁ ਸਾਨੂੰ ਭੀ ਤੁਹਾਡੇ ਕੋਲ ਯਾ ਤੁਹਾਡੀ ਵੱਲੋਂ ਨੇਕ ਨਾਮੀ ਦੀਆਂ ਚਿੱਠੀਆਂ ਦੀ ਲੋੜ ਹੈ ?
2 ਸਾਡੀ ਚਿੱਠੀ ਤੁਸੀਂ ਹੋ ਜਿਹੜੀ ਸਾਡਿਆਂ ਹਿਰਦਿਆਂ ਵਿੱਚ ਲਿਖੀ ਹੋਈ ਹੈ ਜਿਹ ਨੂੰ ਸੱਭੇ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ।
3 ਪਰਤੱਖ ਹੈ ਭਈ ਤੁਸੀਂ ਮਸੀਹ ਦੀ ਚਿੱਠੀ ਹੋ ਜਿਹੜੀ ਸਾਡੀ ਟਹਿਲ ਦੇ ਰਾਹੀਂ ਸਿਆਹੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਤਮਾ ਨਾਲ ਲਿਖੀ ਹੋਈ ਹੈ, ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਹਿਰਦਿਆਂ ਦੀਆਂ ਪੱਟੀਆਂ ਉੱਤੇ।
4 ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਦੇ ਉੱਤੇ ਅਜਿਹਾ ਭਰੋਸਾ ਰੱਖਦੇ ਹਾਂ।
5 ਇਹ ਨਹੀਂ ਭਈ ਅਸੀਂ ਆਪ ਤੋਂ ਇਸ ਜੋਗੇ ਹਾਂ ਜੋ ਕਿਸੇ ਗੱਲ ਨੂੰ ਆਪਣੀ ਹੀ ਵੱਲੋਂ ਸਮਝੀਏ ਸਗੋਂ ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ।
6 ਜਿਹ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜੁਆਲਦਾ ਹੈ।
7 ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਭਈ ਮੂਸਾ ਦੇ ਮੁਖ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਰਾਏਲ ਦਾ ਵੰਸ ਉਹ ਦੇ ਮੁਖ ਵੱਲ ਤੱਕ ਨਾ ਸੱਕਿਆ,
8 ਤਾਂ ਆਤਮਾ ਦੀ ਸੇਵਕਾਈ ਏਦੂੰ ਵਧ ਕੇ ਤੇਜ ਨਾਲ ਕਿੱਕੁਰ ਨਾ ਹੋਵੇਗੀ ?
9 ਕਿਉਂਕਿ ਜੇ ਦੋਸ਼ੀ ਠਹਿਰਾਉਣ ਦੀ ਸੇਵਕਾਈ ਤੇਜ ਰੂਪ ਹੈ ਤਾਂ ਧਰਮ ਦੀ ਸੇਵਕਾਈ ਬਹੁਤ ਹੀ ਵਧ ਕੇ ਤੇਜ ਨਾਲ ਹੋਵੇਗੀ।
10 ਉਹ ਜੋ ਤੇਜਵਾਨ ਕੀਤੀ ਹੋਈ ਸੀ ਸੋ ਵੀ ਇਸ ਲੇਖੇ ਅਰਥਾਤ ਇਸ ਅੱਤ ਵੱਡੇ ਤੇਜ ਦੇ ਕਾਰਨ ਤੇਜਵਾਨ ਨਾ ਰਹੀ।
11 ਕਿਉਂਕਿ ਜੇ ਉਹ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ ਨਾਲ ਹੋਈ ਤਾਂ ਜਿਹੜੀ ਥਿਰ ਰਹਿਣ ਵਾਲੀ ਹੈ ਕਿੰਨੀ ਵਧੀਕ ਤੇਜ ਨਾਲ ਹੋਵੇਗੀ !
12 ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦੋਂ ਅਸੀਂ ਵੱਡੇ ਨਿਧੜਕ ਬੋਲਦੇ ਹਾਂ।
13 ਅਤੇ ਮੂਸਾ ਵਾਂਙੁ ਨਹੀਂ ਜਿਹ ਨੇ ਆਪਣੇ ਮੁਖ ਉੱਤੇ ਪੜਦਾ ਕੀਤਾ ਭਈ ਇਸਰਾਏਲ ਦਾ ਵੰਸ ਉਸ ਅਲੋਪ ਹੋਣ ਵਾਲੇ ਦਾ ਓੜਕ ਨਾ ਵੇਖੇ।
14 ਪਰ ਓਹਨਾਂ ਦੀ ਬੁੱਧ ਮੋਟੀ ਹੋ ਗਈ ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ ਪੜ੍ਹਨ ਵਿੱਚ ਉਹੋ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ।
15 ਸਗੋਂ ਅੱਜ ਤੀਕ ਜਦ ਕਦੇ ਮੂਸਾ ਦਾ ਗ੍ਰੰਥ ਪੜ੍ਹਿਆ ਜਾਂਦਾ ਹੈ ਤਾਂ ਪੜਦਾ ਓਹਨਾਂ ਦੇ ਦਿਲ ਉੱਤੇ ਪਿਆ ਰਹਿੰਦਾ ਹੈ।
16 ਪਰ ਜਾਂ ਕੋਈ ਪ੍ਰਭੁ ਦੀ ਵੱਲ ਫਿਰੇਗਾ ਤਾਂ ਉਹ ਪੜਦਾ ਚੁਫੇਰਿਓਂ ਚੁੱਕ ਲਿਆ ਜਾਵੇਗਾ।
17 ਹੁਣ ਉਹ ਪ੍ਰਭੁ ਦਾ ਆਤਮਾ ਹੈ ਅਰ ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।
18 ਪਰ ਅਸੀਂ ਸਭ ਅਣਕੱਜੇ ਮੁਖ ਨਾਲ ਪ੍ਰਭੁ ਦੇ ਤੇਜ ਦਾ ਮਾਨੋ ਸ਼ੀਸ਼ੇ ਵਿੱਚੋਂ ਪ੍ਰਤਿਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੀਕ ਜਿਵੇਂ ਪ੍ਰਭੁ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।