ਰਸੂਲਾਂ ਦੇ ਕਰਤੱਬ
ਕਾਂਡ 24
ਪੰਜਾਂ ਦਿਨਾਂ ਪਿੱਛੋਂ ਹਨਾਨਿਯਾਹ ਸਰਦਾਰ ਜਾਜਕ ਕਈ ਬਜ਼ੁਰਗਾਂ ਸਣੇ ਤਰਤੁੱਲੁਸ ਨਾਮੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ ਅਤੇ ਉਨ੍ਹਾਂ ਨੇ ਪੌਲੁਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ।
2 ਅਤੇ ਜਾਂ ਉਹ ਬੁਲਾਇਆ ਗਿਆ ਤਾਂ ਤਰਤੁੱਲੁਸ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗਾ ਜੋ ਹੇ ਫ਼ੇਲਿਕਸ ਬਹਾਦੁਰ, ਇਸ ਲਈ ਜੋ ਅਸੀਂ ਤੁਹਾਡੇ ਵਸੀਲੇ ਵੱਡਾ ਸੁਖ ਭੋਗਦੇ ਹਾਂ ਅਤੇ ਤੁਹਾਡੀ ਦੂਰ ਅੰਦੇਸ਼ੀ ਨਾਲ ਐਸ ਕੌਮ ਦੇ ਬਹੁਤ ਸਾਰੇ ਕੰਮ ਸੌਰਦੇ ਹਨ।
3 ਅਸੀਂ ਹਰ ਪਰਕਾਰ ਅਤੇ ਸਭਨੀਂ ਥਾਈਂ ਇਹ ਗੱਲ ਵੱਡੇ ਸ਼ੁਕਰ ਨਾਲ ਮੰਨ ਲੈਂਦੇ ਹਾਂ।
4 ਪਰ ਇਸ ਲਈ ਜੋ ਤੁਹਾਨੂੰ ਬਹੁਤ ਔਖਾ ਨਾ ਕਰਾਂ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰ ਕੇ ਸਾਡੀਆਂ ਥੋੜੀਆਂ ਜੇਹੀਆਂ ਗੱਲਾਂ ਸੁਣ ਲਓ।
5 ਕਿਉਂ ਜੋ ਅਸਾਂ ਇਸ ਮਨੁੱਖ ਨੂੰ ਇੱਕ ਬਲਾ ਅਤੇ ਸਾਰੀ ਦੁਨੀਆ ਦੇ ਸਭ ਯਹੂਦੀਆਂ ਵਿੱਚ ਪਸਾਦ ਪਾਉਣ ਵਾਲਾ ਵੇਖਿਆ ਅਤੇ ਉਹ ਨਾਸਰੀਆਂ ਦੇ ਪੰਥ ਦਾ ਆਗੂ ਹੈ।
6 ਇਸ ਨੇ ਹੈਕਲ ਨੂੰ ਭੀ ਭਰਿਸ਼ਟ ਕਰਨ ਦਾ ਜਤਨ ਕੀਤਾ। ਸੋ ਅਸਾਂ ਇਹ ਨੂੰ ਫੜ ਭੀ ਲਿਆ।
8 ਅਤੇ ਤੁਸੀਂ ਆਪ ਜਾਚ ਕਰ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਜੋ ਅਸੀਂ ਇਹ ਦੇ ਜੁੰਮੇ ਲਾਉਂਦੇ ਹਾਂ ਇਸ ਤੋਂ ਮਲੂਮ ਕਰ ਸੱਕੋਗੇ।
9 ਯਹੂਦੀਆਂ ਨੇ ਵੀ ਏਕਾ ਕਰ ਕੇ ਕਿਹਾ ਜੋ ਏਹ ਗੱਲਾਂ ਇਸੇ ਤਰਾਂ ਹਨ।
10 ਫੇਰ ਜਾਂ ਹਾਕਮ ਨੇ ਪੌਲੁਸ ਨੂੰ ਬੋਲਣ ਦੀ ਸੈਨਤ ਕੀਤੀ ਤਾਂ ਉਹ ਨੇ ਉੱਤਰ ਦਿੱਤਾ,- ਮੈਨੂੰ ਮਲੂਮ ਹੈ ਜੋ ਤੁਸੀਂ ਬਹੁਤ ਵਰਿਹਾਂ ਤੋਂ ਐਸ ਕੌਮ ਦੇ ਹਾਕਮ ਹੋ ਇਸ ਲਈ ਮੈਂ ਹੌਸਲੇ ਨਾਲ ਆਪਣਾ ਉਜ਼ਰ ਬਿਆਨ ਕਰਦਾ ਹਾਂ।
11 ਕਿਉਂਕਿ ਤੁਸੀਂ ਜਾਣ ਸੱਕਦੇ ਹੋ ਜੋ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ ਕਿ ਮੈਂ ਬੰਦਗੀ ਕਰਨ ਲਈ ਯਰੂਸ਼ਲਮ ਨੂੰ ਗਿਆ ਸਾਂ।
12 ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਯਾ ਲੋਕਾਂ ਵਿੱਚ ਬਲਵਾ ਮਚਾਉਂਦੇ ਨਹੀਂ ਵੇਖਿਆ, ਨਾ ਤਾਂ ਸਮਾਜਾਂ ਵਿੱਚ, ਨਾ ਸ਼ਹਿਰ ਵਿੱਚ।
13 ਅਤੇ ਨਾ ਉਨ੍ਹਾਂ ਗੱਲਾਂ ਨੂੰ ਜਿਨ੍ਹਾਂ ਦਾ ਹੁਣ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤੁਹਾਡੇ ਅੱਗੇ ਸਾਬਤ ਕਰ ਸੱਕਦੇ ਹਨ।
14 ਪਰ ਮੈਂ ਤੁਹਾਡੇ ਅੱਗੇ ਇਹ ਮੰਨ ਲੈਂਦਾ ਹਾਂ ਭਈ ਜਿਸ ਰਾਹ ਨੂੰ ਓਹ ਕੁਰਾਹ ਕਰਕੇ ਆਖਦੇ ਹਨ ਓਸੇ ਦੇ ਅਨੁਸਾਰ ਮੈਂ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਹਾਂ ਅਤੇ ਸਾਰੀਆਂ ਗੱਲਾਂ ਨੂੰ ਮੰਨਦਾ ਹਾਂ ਜਿਹੜੀਆਂ ਸ਼ਰਾ ਨਾਲ ਮਿਲਦੀਆਂ ਹਨ ਅਤੇ ਜਿਹੜੀਆਂ ਨਬੀਆਂ ਵਿੱਚ ਲਿਖੀਆਂ ਹੋਈਆਂ ਹਨ।
15 ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਹ ਦੀ ਏਹ ਆਪ ਵੀ ਉਡੀਕ ਕਰਦੇ ਹਨ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।
16 ਮੈਂ ਆਪ ਭੀ ਇਸ ਵਿੱਚ ਜਤਨ ਕਰਦਾ ਹਾਂ ਜੋ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਕਰੇ।
17 ਕਈਆਂ ਵਰਿਹਾਂ ਪਿੱਛੋਂ ਮੈਂ ਆਪਣੀ ਕੌਮ ਦੇ ਲਈ ਦਾਨ ਪੁਚਾਉਣ ਅਤੇ ਭੇਟ ਚੜ੍ਹਾਉਣ ਆਇਆ।
18 ਇਨ੍ਹਾਂ ਹੀ ਗੱਲਾਂ ਵਿੱਚ ਉਨ੍ਹਾਂ ਨੇ ਮੈਨੂੰ ਹੈਕਲ ਵਿੱਚ ਸ਼ੁੱਧ ਹੋਏ ਵੇਖਿਆ ਨਾ ਤਾਂ ਭੀੜ ਅਤੇ ਨਾ ਰੌਲੇ ਨਾਲ।
19 ਪਰ ਅਸਿਯਾ ਦੇ ਕਈ ਯਹੂਦੀ ਸਨ ਜਿਨ੍ਹਾਂ ਨੂੰ ਚਾਹੀਦਾ ਸੀ ਜੋ ਤੁਹਾਡੇ ਅੱਗੇ ਹਾਜ਼ਰ ਹੁੰਦੇ ਅਤੇ ਜੇ ਉਨ੍ਹਾਂ ਦਾ ਮੇਰੇ ਉੱਤੇ ਕੋਈ ਦਾਵਾ ਹੁੰਦਾ ਤਾਂ ਨਾਲਸ਼ ਕਰਦੇ।
20 ਅਥਵਾ ਏਹੋ ਆਪ ਕਹਿ ਦੇਣ ਭਈ ਉਨ੍ਹਾਂ ਨੇ ਜਦ ਮੈਂ ਸਭਾ ਦੇ ਅੱਗੇ ਖੜਾ ਸਾਂ ਮੇਰੇ ਵਿੱਚ ਕੀ ਬੁਰਿਆਈ ਵੇਖੀ ?
21 ਬਿਨਾ ਇਸ ਇੱਕ ਗੱਲ ਦੇ ਜਿਹੜੀ ਮੈਂ ਉਨ੍ਹਾਂ ਵਿੱਚ ਖੜੇ ਪੁਕਾਰ ਕੇ ਆਖੀ ਸੀ ਭਈ ਮੁਰਦਿਆਂ ਦੇ ਜੀ ਉੱਠਣ ਦੇ ਵਿਖੇ ਅੱਜ ਮੇਰੇ ਉੱਤੇ ਦੋਸ਼ ਲਾਈਦਾ ਹੈ।
22 ਪਰ ਫ਼ੇਲਿਕਸ ਨੇ ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰਾਂ ਜਾਣਦਾ ਸੀ ਇਹ ਕਹਿ ਕੇ ਉਨ੍ਹਾਂ ਨੂੰ ਟਾਲ ਦਿੱਤਾ ਕਿ ਜਾਂ ਲੁਸਿਯਸ ਫੌਜ ਦਾ ਸਰਦਾਰ ਆਊ ਤਾਂ ਮੈਂ ਤੁਹਾਡੀਆਂ ਗੱਲਾਂ ਦਾ ਨਬੇੜਾ ਕਰਾਂਗਾ।
23 ਫੇਰ ਉਹ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਜੋ ਪੌਲੁਸ ਨੂੰ ਨਜ਼ਰ ਬੰਦ ਰੱਖ ਅਤੇ ਉਹ ਨੂੰ ਚੈਨ ਕਰਨ ਦਿਹ ਅਤੇ ਉਸ ਦੇ ਆਪਣਿਆਂ ਵਿੱਚੋਂ ਕਿਸੇ ਨੂੰ ਉਹ ਦੀ ਟਹਿਲ ਕਰਨ ਤੋਂ ਨਾ ਰੋਕ।
24 ਪਰ ਕਈਆਂ ਦਿਨਾਂ ਪਿੱਛੋਂ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਸਣੇ ਜਿਹੜੀ ਯਹੂਦਣ ਸੀ ਆਇਆ ਅਤੇ ਪੌਲੁਸ ਨੂੰ ਬੁਲਵਾ ਕੇ ਮਸੀਹ ਯਿਸੂ ਦੇ ਉੱਤੇ ਨਿਹਚਾ ਕਰਨ ਦੇ ਵਿਖੇ ਉਸ ਤੋਂ ਸੁਣਿਆ।
25 ਜਾਂ ਉਹ ਧਰਮ ਅਤੇ ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਵਿਖੇ ਬਚਨ ਸੁਣਾ ਰਿਹਾ ਸੀ ਤਾਂ ਫ਼ੇਲਿਕਸ ਨੇ ਭੈ ਖਾਧਾ ਅਤੇ ਉੱਤਰ ਦਿੱਤਾ ਭਈ ਐਤਕੀ ਤੂੰ ਜਾਹ, ਫੇਰ ਵਿਹਲ ਪਾ ਕੇ ਤੈਨੂੰ ਬੁਲਾਵਾਂਗਾ।
26 ਨਾਲੇ ਇਹ ਵੀ ਆਸ ਰੱਖਦਾ ਸੀ ਭਈ ਪੌਲੁਸ ਮੈਨੂੰ ਕੁਝ ਰੋਕੜ ਦੇਵੇਗਾ। ਇਸੇ ਗੱਲੇ ਉਹ ਨੂੰ ਬਹੁਤ ਵਾਰੀ ਸਦਵਾ ਕੇ ਉਸ ਨਾਲ ਗੱਲ ਬਾਤ ਕਰਦਾ ਹੁੰਦਾ ਸੀ।
27 ਅਤੇ ਜਾਂ ਦੋ ਵਰਹੇ ਪੂਰੇ ਹੋਏ ਪੁਰਕਿਯੁਸ ਫ਼ੇਸਤੁਸ ਫ਼ੇਲਿਕਸ ਦੇ ਥਾਂ ਹਾਕਮ ਹੋ ਕੇ ਆਇਆ ਅਤੇ ਫ਼ੇਲਿਕਸ ਜੋ ਇਹ ਚਾਹੁੰਦਾ ਸੀ ਭਈ ਯਹੂਦੀਆਂ ਨੂੰ ਪਰਸੰਨ ਕਰੇ ਪੌਲੁਸ ਨੂੰ ਕੈਦ ਵਿੱਚ ਹੀ ਛੱਡ ਗਿਆ।