ਮੱਤੀ
ਕਾਂਡ 21
ਜਾਂ ਓਹ ਯਰੂਸ਼ਲਮ ਦੇ ਨੇੜੇ ਆਏ ਅਰ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਕੋਲ ਪਹੁੰਚੇ ਤਾਂ ਯਿਸੂ ਨੇ ਦੋ ਚੇਲਿਆਂ ਨੂੰ ਘੱਲਿਆ ਅਤੇ ਉਨ੍ਹਾਂ ਨੂੰ ਕਿਹਾ।
2 ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਵੜਦੇ ਹੀ ਤੁਸੀਂ ਇੱਕ ਗਧੀ ਬੰਨ੍ਹੀ ਹੋਈ ਅਰ ਉਹ ਦੇ ਨਾਲ ਬੱਚੇ ਨੂੰ ਪਾਓਗੇ ਸੋ ਖੋਲ੍ਹ ਕੇ ਮੇਰੇ ਕੋਲ ਲਿਆਓ।
3 ਅਰ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਭਈ ਪ੍ਰਭੁ ਨੂੰ ਇਨ੍ਹਾਂ ਦੀ ਲੋੜ ਹੈ, ਫੇਰ ਉਹ ਉਸੇ ਵੇਲੇ ਉਨ੍ਹਾਂ ਨੂੰ ਘੱਲ ਦੇਵੇਗਾ।
4 ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ—
5 ਸੀਯੋਨ ਦੀ ਧੀ ਨੂੰ ਆਖੋ, ਵੇਖ ਤੇਰਾ ਪਾਤਸ਼ਾਹ ਅਧੀਨਗੀ ਨਾਲ, ਗਧੀ ਉੱਤੇ ਸਗੋਂ ਗਧੀ ਦੇ ਬੱਚੇ ਉੱਤੇ, ਸਵਾਰ ਹੋਕੇ ਤੇਰੇ ਕੋਲ ਆਉਂਦਾ ਹੈ।
6 ਤਾਂ ਚੇਲਿਆਂ ਨੇ ਜਾ ਕੇ ਜਿੱਕੁਰ ਯਿਸੂ ਨੇ ਹੁਕਮ ਦਿੱਤਾ ਸੀ ਤਿਹਾ ਹੀ ਕੀਤਾ।
7 ਅਤੇ ਗਧੀ ਨੂੰ ਬੱਚੇ ਸਣੇ ਲਿਆਏ ਅਰ ਆਪਣੇ ਲੀੜੇ ਉਨ੍ਹਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਉਨ੍ਹਾਂ ਤੇ ਚੜ੍ਹ ਬੈਠਾ।
8 ਅਤੇ ਭੀੜ ਦੇ ਬਹੁਤਿਆਂ ਲੋਕਾਂ ਨੇ ਆਪਣੇ ਲੀੜੇ ਰਸਤੇ ਵਿੱਚ ਵਿਛਾਏ ਪਰ ਹੋਰਨਾਂ ਨੇ ਬਿਰਛਾਂ ਦੀਆਂ ਡਾਲੀਆਂ ਵੱਢ ਕੇ ਰਸਤੇ ਵਿੱਚ ਵਿਛਾ ਦਿੱਤੀਆਂ।
9 ਅਤੇ ਭੀੜ ਜਿਹੜੀ ਉਹ ਦੇ ਅੱਗੇ ਪਿੱਛੇ ਚੱਲੀ ਜਾਂਦੀ ਸੀ ਉੱਚੀ ਅਵਾਜ਼ ਨਾਲ ਆਖਣ ਲੱਗੀ, ਹੋਸੰਨਾ ਦਾਊਦ ਦੇ ਪੁੱਤ੍ਰ ਨੂੰ ! ਮੁਬਾਰਕ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ! ਪਰਮ ਧਾਮ ਵਿੱਚ ਹੋਸੰਨਾ!
10 ਅਰ ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਏਹ ਆਖ ਦੇ ਹਿੱਲ ਗਿਆ ਕਿ ਇਹ ਕੌਣ ਹੈ?
11 ਤਾਂ ਲੋਕਾਂ ਨੇ ਆਖਿਆ, ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ।
12 ਫੇਰ ਯਿਸੂ ਪਰਮੇਸ਼ੁਰ ਦੀ ਹੈਕਲ ਵਿੱਚ ਗਿਆ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਕੱਢ ਦਿੱਤਾ ਅਤੇ ਅਤੇ ਸਰਾਫ਼ਾ ਦੇ ਤਖ਼ਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸੁੱਟੀਆਂ।
13 ਅਤੇ ਉਨ੍ਹਾਂ ਨੂੰ ਕਿਹਾ ਕਿ ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਪਰ ਤੁਸੀਂ ਉਹ ਨੂੰ ਡਾਕੂਆਂ ਦੀ ਖੋਹ ਬਣਾਉਂਦੇ ਹੋ।
14 ਅਤੇ ਹੈਕਲ ਵਿੱਚ ਅੰਨ੍ਹੇ ਅਰ ਲੰਙੇ ਉਹ ਦੇ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।
15 ਅਰ ਜਾਂ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਉਨ੍ਹਾਂ ਅਚਰਜ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਅਰ ਬਾਲਕਾਂ ਨੂੰ ਹੈਕਲ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ ਦਾਊਦ ਦੇ ਪੁੱਤ੍ਰ ਨੂੰ ਹੋਸੰਨਾ ਆਖਦੇ ਵੇਖਿਆ ਤਾਂ ਖਿਝ ਗਏ।
16 ਅਤੇ ਉਹ ਨੂੰ ਕਿਹਾ, ਕੀ ਤੂੰ ਸੁਣਦਾ ਹੈਂ ਜੋ ਏਹ ਕੀ ਆਖਦੇ ਹਨ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਹਾਂ, ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?
17 ਤਾਂ ਉਹ ਉਨ੍ਹਾਂ ਨੂੰ ਛੱਡ ਕੇ ਸ਼ਹਿਰੋਂ ਬਾਹਰ ਨਿੱਕਲਿਆ ਅਰ ਬੈਤਅਨੀਆ ਵਿੱਚ ਆਣ ਕੇ ਉੱਥੇ ਰਾਤ ਕੱਟੀ।
18 ਜਾਂ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ ਤਾਂ ਉਹ ਨੂੰ ਭੁੱਖ ਲੱਗੀ।
19 ਅਤੇ ਰਸਤੇ ਕੋਲ ਹੰਜੀਰ ਦਾ ਇੱਕ ਬਿਰਛ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਾਂ ਬਿਨਾ ਉਸ ਉੱਤੇ ਹੋਰ ਕੁਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਲੈ ਕੇ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜੀਰ ਦਾ ਬਿਰਛ ਓਵੇਂ ਸੁੱਕ ਗਿਆ।
20 ਅਰ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਹੰਜੀਰ ਦਾ ਬਿਰਛ ਕਿੱਕੁਰ ਐਡੀ ਛੇਤੀ ਸੁੱਕ ਗਿਆ?
21 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹ ਨਹੀਂ ਕਰੋਗੇ ਜੋ ਹੰਜੀਰ ਦੇ ਬਿਰਛ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ ਨੂੰ ਕਹੋ ਜੋ ਉੱਠ ਅਰ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ।
22 ਅਤੇ ਸਭ ਕੁਝ ਜੋ ਤੁਸੀਂ ਨਿਹਚਾ ਨਾਲ ਪ੍ਰਾਰਥਨਾ ਕਰ ਕੇ ਮੰਗੋ ਸੋ ਪਾਓਗੇ।
23 ਜਦ ਉਹ ਹੈਕਲ ਵਿੱਚ ਆਣ ਕੇ ਉਪਦੇਸ਼ ਦਿੰਦਾ ਸੀ ਤਦ ਪਰਧਾਨ ਜਾਜਕ ਅਰ ਲੋਕਾਂ ਦੇ ਬਜੁਰਗ ਉਹ ਦੇ ਕੋਲ ਆਏ ਅਤੇ ਬੋਲੇ, ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਅਰ ਕਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ?
24 ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਭਈ ਮੈਂ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹਾਂ।
25 ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸੁਰਗ ਵੱਲੋਂ ਯਾ ਮਨੁੱਖਾਂ ਵੱਲੋਂ? ਅਤੇ ਓਹ ਆਪੋ ਵਿੱਚ ਵਿਚਾਰ ਕਰ ਕੇ ਕਹਿਣ ਲੱਗੇ, ਜੇ ਕਹੀਏ, ਸੁਰਗ ਵੱਲੋ ਤਾਂ ਉਹ ਸਾਨੂੰ ਆਖੂ, ਫੇਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ?
26 ਅਰ ਜੇ ਕਹੀਏ, ਮਨੁੱਖਾਂ ਵੱਲੋਂ ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸੱਭੇ ਯੂਹੰਨਾ ਨੂੰ ਨਬੀ ਜਾਣਦੇ ਹਨ।
27 ਸੋ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਉਸ ਨੇ ਵੀ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ।
28 ਪਰ ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਦੇ ਦੋ ਪੁੱਤ੍ਰ ਸਨ ਅਤੇ ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ, ਪੁੱਤ੍ਰ, ਜਾਹ। ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ।
29 ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ।
30 ਫੇਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਅੱਛਾ ਜੀ, ਪਰ ਗਿਆ ਨਾ।
31 ਸੋ ਇਨ੍ਹਾਂ ਦੋਹਾਂ ਵਿੱਚੋਂ ਕਿਹ ਨੇ ਪਿਤਾ ਦੀ ਮਰਜੀ ਪੂਰੀ ਕੀਤੀ? ਉਨ੍ਹਾਂ ਆਖਿਆ, ਪਹਿਲੇ ਨੇ। ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ।
32 ਕਿਉਂ ਜੋ ਯੂਹੰਨਾ ਧਰਮ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸਾਂ ਉਹ ਦੀ ਪਰਤੀਤ ਨਾ ਕੀਤੀ ਪਰ ਮਸੂਲੀਆਂ ਅਰ ਕੰਜਰੀਆਂ ਨੇ ਉਹ ਦੀ ਪਰਤੀਤ ਕੀਤੀ ਅਤੇ ਤੁਸੀਂ ਇਹ ਵੇਖ ਕੇ ਪਿੱਛੋਂ ਵੀ ਨਾ ਪਛਤਾਏ ਭਈ ਉਹ ਦੀ ਪਰਤੀਤ ਕਰਦੇ।
33 ਇੱਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਹਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਰ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ।
34 ਜਾਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਘੱਲੇ।
35 ਅਤੇ ਮਾਲੀਆਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਅਰ ਕਿਸੇ ਨੂੰ ਮਾਰ ਸੁੱਟਿਆ ਅਰ ਕਿਸੇ ਨੂੰ ਪਥਰਾਉ ਕੀਤਾ।
36 ਫੇਰ ਉਹ ਨੇ ਹੋਰ ਚਾਕਰ ਪਹਿਲਿਆਂ ਨਾਲੋਂ ਵਧੀਕ ਘੱਲੇ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰਾਂ ਕੀਤਾ।
37 ਓੜਕ ਉਸ ਨੇ ਆਪਣੇ ਪੁੱਤ੍ਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਘੱਲਿਆ ਭਈ ਉਹ ਮੇਰੇ ਪੁੱਤ੍ਰ ਦਾ ਆਦਰ ਕਰਨਗੇ।
38 ਪਰ ਮਾਲੀਆਂ ਨੇ ਜਾਂ ਉਹ ਦੇ ਪੁੱਤ੍ਰ ਨੂੰ ਵੇਖਿਆ ਤਾਂ ਆਪੋ ਵਿੱਚ ਕਿਹਾ, ਵਾਰਸ ਏਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ।
39 ਅਤੇ ਉਨ੍ਹਾਂ ਉਸ ਨੂੰ ਫੜਿਆ ਅਰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ।
40 ਸੋ ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ?
41 ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਰਾਂ ਦਾ ਬੁਰੀ ਤਰਾਂ ਨਾਸ ਕਰੂ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪੁਚਾਉਣਗੇ।
42 ਯਿਸੂ ਨੇ ਉਨ੍ਹਾਂ ਨੂੰ ਆਖਿਆ, ਭਲਾ ਤੁਸਾਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ।
43 ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।
44 ਅਰ ਜੋ ਕੋਈ ਇਸ ਪੱਥਰ ਓੱਤੇ ਡਿੱਗੇਗਾ ਸੋ ਚੂਰ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ।
45 ਜਾਂ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਉਹ ਦੇ ਦ੍ਰਿਸ਼ਟਾਂਤ ਸੁਣੇ ਤਾਂ ਮਲੂਮ ਕੀਤਾ ਜੋ ਉਹ ਸਾਡੇ ਹੀ ਹੱਕ ਵਿੱਚ ਆਖਦਾ ਹੈ।
46 ਅਤੇ ਜਾਂ ਓਹ ਉਸ ਨੂੰ ਫੜਨਾ ਚਾਹੁੰਦੇ ਸਨ ਤਾਂ ਲੋਕਾਂ ਤੋਂ ਡਰੇ ਇਸ ਲਈ ਜੋ ਓਹ ਉਸ ਨੂੰ ਨਬੀ ਮੰਨਦੇ ਸਨ।