ਕਾਂਡ 3
ਇਉਂ ਸੱਤਵੇ ਮਹੀਨੇ ਵਿੱਚ, ਜਿਹੜੇ ਇਸਰਾਏਲੀ ਆਪਣੇ ਨਗਰਾਂ ਵਿੱਚ ਵਸ ਗਏ ਸਨ, ਯਰੂਸ਼ਲਮ ਨੂੰ ਗਏ।
2 ਤੱਦ ਯੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਸਦੇ ਨਾਲ ਦੇ ਜਾਜਕਾਂ ਅਤੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਸਮੇਤ ਉਸ ਦੇ ਭਰਾਵਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਉਸਾਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਇਸ ਉੱਪਰ ਹੋਮ ਦੀਆਂ ਬਲੀਆਂ ਚੜਾ ਸਕਣ। ਉਨ੍ਹਾਂ ਨੇ ਇਹ ਜਗਵੇਦੀ ਉਵੇਂ ਹੀ ਬਣਾਈ ਜਿਵੇਂ ਕਿ ਮੂਸਾ ਦੀ ਬਿਵਸਬਾ ਵਿੱਚ ਕਿਹਾ ਗਿਆ ਸੀ। ਮੂਸਾ ਪਰਮੇਸ਼ੁਰ ਦਾ ਖਾਸ ਸੇਵਕ ਸੀ।
3 ਉਹ ਲੋਕ ਆਪਣੇ ਨਜ਼ਦੀਕ ਰਹਿੰਦੇ ਹੋਰ ਲੋਕਾਂ ਤੋਂ ਡਰਦੇ ਸਨ, ਪਰ ਉਨ੍ਹਾਂ ਅੱਗੇ ਰੁਕਾਵਟ ਨਾ ਪਾਈ ਗਈ ਤਾਂ ਉਨ੍ਹਾਂ ਨੇ ਪੁਰਾਣੀ ਨੀਂਹ ਉੱਤੇ ਹੀ ਜਗਵੇਦੀ ਤਿਆਰ ਕੀਤੀ। ਫ਼ੇਰ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਹੋਮ ਦੀਆਂ ਬਲੀਆਂ ਚੜਾਈਆਂ। ਇਉਂ ਰੋਜ਼ ਸਵੇਰੇ ਸ਼ਾਮ ਉਨ੍ਹਾਂ ਨੇ ਹੋਮ ਦੀਆਂ ਬਲੀਆਂ ਚੜਾਈਆਂ।
4 ਫਿਰ ਉਨ੍ਹਾਂ ਨੇ ਲਿਖੇ ਮੁਤਾਬਕ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਦਿਨ ਸਹੀ ਗਿਣਤੀ ਮੁਤਾਬਕ ਹੋਮ ਦੀਆਂ ਭੇਟਾਂ ਚੜਾਈਆਂ।
5 ਫ਼ੇਰ ਉਨ੍ਹਾਂ ਨੇ ਰੋਜ਼ ਦੀ ਹੋਮ ਦੀ ਭੇਟ ਅਤੇ ਅਮਸਿਆ ਅਤੇ ਯਹੋਵਾਹ ਦੇ ਸਾਰੇ ਪਵਿੱਤਰ ਪਰਬਾਂ ਲਈ ਬਲੀਆਂ ਚੜਾਈਆਂ। ਇਸ ਤੋਂ ਇਲਾਵਾ, ਲੋਕਾਂ ਨੇ ਹੋਰ ਵੀ ਵਸਤਾਂ ਚੜਾਈਆਂ ਜੋ ਉਹ ਯਹੋਵਾਹ ਨੂੰ ਦੇਣੀਆਂ ਚਾਹੁੰਦੇ ਸਨ।
6 ਸੱਤਵੇਂ ਮਹੀਨੇਦੇ ਪਹਿਲੇ ਦਿਨ ਤੋਂ ਉਹ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜਾਉਣ ਲੱਗ ਪਏ, ਪਰ ਇਹ ਸਭ ਕੁਝ ਮੰਦਰ ਦੀ ਉਸਾਰੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ।
7 ਸੋ ਉਨ੍ਹਾਂ ਨੇ ਸੰਗਤਰਾਸ਼ਾਂ ਅਤੇ ਤਰਖਾਣਾਂ ਨੂੰ ਪੈਸੇ ਦਿੱਤੇ ਅਤੇ ਸੀਦੋਨੀਆਂ ਅਤੇ ਸੂਰੀਆਂ ਨੂੰ ਭੋਜਨ, ਪੇਯ ਅਤੇ ਤੇਲ ਦਿੱਤਾ ਤਾਂ ਜੋ ਉਹ ਫਾਰਸ ਦੇ ਪਾਤਸ਼ਾਹ ਕੋਰਸ਼ ਦੀ ਆਗਿਆ ਮੁਤਾਬਕ ਲਬਨੋਨ ਤੋਂ ਦਿਆਰ ਦੀ ਲੱਕੜ ਸਮੁਦਰ ਰਾਹੀਂ ਯਾਫਾ ਨੂੰ ਲਿਆ ਸਕਣ।
8 ਤਦ ਉਨ੍ਹਾਂ ਦੇ ਪਰਮੇਸ਼ੁਰ ਦੇ ਮੰਦਰ ਵਿੱਚ, ਜੋ ਕਿ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਮਗਰੋਂ ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਅਤੇ ਲੇਵੀਆਂ ਨੇ ਅਤੇ ਉਨ੍ਹਾਂ ਨੇ ਜੋ ਕੈਦ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ। ਲੇਵੀਆਂ ਨੂੰ ਜੋ 20 ਸਾਲਾਂ ਦੇ ਜਾਂ ਇਸ ਤੋਂ ਵਧ ਉਮਰ ਦੇ ਸਨ ਨੂੰ ਯਾਹਵੇਹ ਦੇ ਮੰਦਰ ਦੇ ਕੰਮ ਦੀ ਦੇਖ ਭਾਲ ਉੱਪਰ ਲੱਗਾਇਆ।
9 ਜਿਨ੍ਹਾਂ ਆਦਮੀਆਂ ਨੇ ਯਹੋਵਾਹ ਦੇ ਮੰਦਰ ਦੇ ਨਿਰਮਾਣ ਦੇ ਕੰਮ ਦੀ ਦੇਖ ਭਾਲ ਕੀਤੀ ਉਹ ਸਨ: ਯੇਸ਼ੂਆ ਤੇ ਉਸ ਦੇ ਪੁੱਤਰ ਕਦਮੀਏਲ ਅਤੇ ਉਸਦੇ ਪੁੱਤਰ ਅਤੇ ਰਿਸ਼ਤੇਦਾਰ (ਯਹੂਦਾਹ ਦੇ ਉੱਤਰਾਧਿਕਾਰੀ) ਹੇਨਾ ਦਾਦ ਦੇ ਪੁੱਤਰ ਅਤੇ ਉਨ੍ਹਾਂ ਦੇ ਭਰਾ ਜੋ ਕਿ ਲੇਵੀ ਸਨ,
10 ਇਮਾਰਤਕਾਰਾਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਦਾ ਕਾਰਜ ਪੂਰਾ ਕੀਤਾ। ਜਦੋਂ ਇਹ ਕਾਰਜ ਪੂਰਾ ਹੋਇਆ ਤਾਂ ਜਾਜਕਾਂ ਨੇ ਆਪਣੇ ਜਾਜਕਾਂ ਵਾਲੇ ਵਸਤਰ ਪਹਿਨੇ ਅਤੇ ਆਪਣੀਆਂ ਤੂਰ੍ਹੀਆਂ ਫੜੀਆਂ ਅਤੇ ਆਸਾਫ਼ ਦੇ ਉੱਤਰਾਧਿਕਾਰੀਆਂ, ਲੇਵੀਆਂ ਨੇ ਆਪਣੇ ਛੈਣੇ ਲੇ। ਉਹ ਸਭ ਆਪੋ-ਆਪਣੀ ਬਾਂਵੇ ਯੋਹਵਾਹ ਦੀ ਉਸਤਤ ਲਈ ਖੜੇ ਸਨ। ਇਹ ਸਭ ਜਿਵੇਂ ਕਿ ਪਹਿਲਾਂ ਇਸਰਾਏਲ ਦੇ ਪਾਤਸ਼ਾਹ ਦਾਊਦ ਦਾ ਹੁਕਮ ਹੋਇਆ ਸੀ ਉਸੇ ਮੁਤਾਬਕ ਹੋਇਆ।
11 ਫਿਰ ਉਨ੍ਹਾਂ ਸਭ ਨੇ ਉਸਤਤ ਦੇ ਗੀਤ ਗਾਏ ਅਤੇ ਯਹੋਵਾਹ ਦਾ ਸ਼ੁਕਰਾਨਾ ਕੀਤਾ ਕਿ ਉਹ ਬਹੁਤ ਭਲਾ ਹੈ ਅਤੇ ਉਸ ਦਾ ਪਿਆਰ ਅਤੇ ਮਿਹਰ ਇਸਰਾਏਲ ਵਾਸਤੇ ਹਮੇਸ਼ਾ ਹੈ। ਫਿਰ ਸਭ ਲੋਕਾਂ ਨੇ ਉੱਚੀ ਆਵਾਜ਼ ਵਿੱਚ ਯਹੋਵਾਹ ਦੀ ਉਸਤਤ ਕੀਤੀ, ਇਹ ਸਭ ਇਸ ਲਈ ਹੋਇਆ ਕਿਉਂ ਕਿ ਮੰਦਰ ਦੀ ਨੀਂਹ ਦਾ ਕਾਰਜ ਸੰਪੰਨ ਹੋ ਗਿਆ ਸੀ।
12 ਪਰ ਬਹੁਤ ਸਾਰੇ ਬਜ਼ੁਰਗ ਜਾਜਕ, ਲੇਵੀ ਅਤੇ ਘਰਾਣਿਆਂ ਦੇ ਆਗੂ ਰੋਣ ਲੱਗ ਪਏ ਕਿਉਂ ਕਿ ਇਨ੍ਹਾਂ ਨੇ ਪਹਿਲੇ ਮੰਦਰ ਨੂੰ ਵੀ ਵੇਖਿਆ ਹੋਇਆ ਸੀ। ਇਸਲਈ ਜਦੋਂ ਉਨ੍ਹਾਂ ਨੇ ਇਸ ਮੰਦਰ ਦੀਆਂ ਨੀਹਾਂ ਵੇਖੀਆਂ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ। ਜਦ ਕਿ ਬਾਕੀ ਦੇ ਕੁਝ ਲੋਕ ਬੜੇ ਖੁਸ਼ ਸਨ ਅਤੇ ਸ਼ੋਰ ਮਚਾ ਰਹੇ ਸਨ।
13 ਦੂਰ ਤੀਕ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਉਨ੍ਹਾਂ ਸਭਨਾਂ ਨੇ ਮਿਲ ਕੇ ਇੰਨਾ ਸ਼ੋਰ ਮਚਾਇਆ ਹੋਇਆ ਸੀ ਕਿ ਰੋਣ ਤੇ ਹੱਸਣ ਦੀਆਂ ਆਵਾਜ਼ ਵਿੱਚ ਭੇਦ ਕਰਨਾ ਔਖਾ ਸੀ।