ਰੁੱਤ
ਕਾਂਡ 2
ਨਾਓਮੀ ਦੇ ਪਤੀ ਦਾ ਇੱਕ ਸਾਕ ਸੀ ਜੋ ਅਲੀਮਲਕ ਦੇ ਟੱਬਰ ਵਿੱਚ ਵੱਡਾ ਧਨੀ ਸੀ ਅਤੇ ਉਹ ਦਾ ਨਾਉਂ ਬੋਅਜ਼ ਸੀ।
2 ਸੋ ਮੋਆਬਣ ਰੂਥ ਨੇ ਨਾਓਮੀ ਨੂੰ ਆਖਿਆ, ਮੈਨੂੰ ਪਰਵਾਨਗੀ ਦੇਵੇਂ ਤਾਂ ਮੈਂ ਪੈਲੀਆਂ ਵਿੱਚ ਜਾਵਾਂ ਅਤੇ ਜਿਹ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਹ ਦੇ ਮਗਰ ਸਿਲਾ ਚੁਗ ਲਵਾਂ। ਉਹ ਉਸ ਨੂੰ ਬੋਲੀ, ਜਾਹ ਮੇਰੀਏ ਧੀਏ।
3 ਸੋ ਉਹ ਗਈ ਅਤੇ ਪੈਲੀ ਵਿੱਚ ਵੜ ਕੇ ਵਾਢਿਆਂ ਦੇ ਮਗਰ ਸਿਲਾ ਚੁਗਣ ਲੱਗੀ ਅਤੇ ਸੰਜੋਗ ਨਾਲ ਉਹ ਅਲੀਮਲਕ ਦੇ ਸਾਕ ਬੋਅਜ਼ ਦੀ ਪੈਲੀ ਵਿੱਚ ਜਾ ਵੜੀ।
4 ਤਾਂ ਵੇਖੋ, ਜੋ ਬੋਅਜ਼ ਬੈਤਲਹਮ ਤੋਂ ਆਇਆ ਅਤੇ ਵਾਢਿਆਂ ਨੂੰ ਆਖਿਆ, ਯਹੋਵਾਹ ਤੁਹਾਡੇ ਨਾਲ ਹੋਵੇ ਅਤੇ ਉਨ੍ਹਾਂ ਨੇ ਉੱਤਰ ਦਿੱਤਾ, ਯਹੋਵਾਹ ਤੁਹਾਨੂੰ ਅਸੀਸ ਦੇਵੇ।
5 ਫੇਰ ਬੋਅਜ਼ ਨੇ ਆਪਣੇ ਟਹਿਲੂਏ ਨੂੰ ਜੋ ਵਾਢਿਆਂ ਦੇ ਉੱਤੇ ਮੁਕੱਰਰ ਸੀ ਪੁੱਛਿਆ ਭਈ ਇਹ ਕਿਹ ਦੀ ਛੋਕਰੀ ਹੈ?
6 ਟਹਿਲੂਏ ਨੇ ਜੋ ਵਾਢਿਆਂ ਦੇ ਉੱਤੇ ਮੁਕੱਰਰ ਸੀ ਉੱਤਰ ਦੇ ਕੇ ਆਖਿਆ, ਇਹ ਮੋਆਬਣ ਛੋਕਰੀ ਹੈ ਜੋ ਨਾਓਮੀ ਦੇ ਨਾਲ ਮੋਆਬ ਤੋਂ ਮੁੜ ਆਈ ਹੈ।
7 ਅਤੇ ਉਹ ਬੋਲੀ, ਮੈਨੂੰ ਵਾਢਿਆਂ ਦੇ ਪਿੱਛੇ ਭਰੀਆਂ ਦੇ ਵਿੱਚਕਾਰ ਸਿਲਾ ਚੁਗਣ ਅਤੇ ਇਕੱਠਾ ਕਰਨ ਦਿਓ ਸੋ ਉਹ ਆਈ ਅਤੇ ਸਵੇਰ ਤੋਂ ਹੁਣ ਤੋੜੀ ਲੱਗੀ ਰਹੀ ਅਤੇ ਰਤਾਕੁ ਵਿਸਰਾਮ ਕਰਨ ਲਈ ਘਰ ਵਿੱਚ ਠਹਿਰੀ।
8 ਤਾਂ ਬੋਅਜ਼ ਨੇ ਰੂਥ ਨੂੰ ਆਖਿਆ, ਹੇ ਮੇਰੀਏ ਧੀਏ, ਤੂੰ ਮੇਰੀ ਗੱਲ ਨਹੀਂ ਸੁਣਦੀ? ਤੂੰ ਹੋਰ ਕਿਸੇ ਪੈਲੀ ਵਿੱਚ ਸਿਲਾ ਚੁਗਣ ਨਾ ਜਾਹ ਅਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰਾਂ ਮੇਰੀਆਂ ਛੋਕਰੀਆਂ ਦੇ ਨਾਲ ਨਾਲ ਰਹੁ।
9 ਇਸੇ ਪੈਲੀ ਵੱਲ ਜਿਹ ਨੂੰ ਓਹ ਵੱਢਦੇ ਹਨ ਧਿਆਨ ਰੱਖ ਅਤੇ ਉਨ੍ਹਾਂ ਦੇ ਮਗਰ ਮਗਰ ਤੁਰੀ ਜਾਹ। ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ ਜੋ ਓਹ ਤੈਨੂੰ ਨਾ ਛੇੜਣ ਅਤੇ ਜਾਂ ਤੈਨੂੰ ਤੇਹ ਲੱਗੇ ਤਾਂ ਘੜਿਆਂ ਵਿੱਚੋਂ ਜਾ ਕੇ ਪੀ ਜੋ ਮੇਰੇ ਜੁਆਨਾਂ ਨੇ ਭਰੇ ਹਨ।
10 ਤਦ ਉਹ ਨੇ ਮੂੰਹ ਦੇ ਭਾਰ ਧਰਤੀ ਉੱਤੇ ਨਿਉਂ ਕੇ ਮੱਥਾ ਟੇਕਿਆ ਅਤੇ ਆਖਿਆ, ਮੈਂ ਕਿਉਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਜੋ ਤੈਂ ਮੇਰੀ ਵੱਲ ਧਿਆਨ ਕੀਤਾ? ਮੈਂ ਤਾਂ ਓਪਰੀ ਤੀਵੀਂ ਹਾਂ।
11 ਤਦ ਬੋਅਜ਼ ਨੇ ਉੱਤਰ ਦੇ ਕੇ ਉਹ ਨੂੰ ਆਖਿਆ, ਮੈਨੂੰ ਉਸ ਸਾਰੀ ਗੱਲ ਦੀ ਖਬਰ ਹੈ ਜੋ ਤੈਂ ਆਪਣੇ ਪਤੀ ਦੇ ਮਰਨ ਦੇ ਮਗਰੋਂ ਆਪਣੀ ਸੱਸ ਦੇ ਨਾਲ ਕੀਤੀ ਅਤੇ ਕਿੱਕਰ ਤੈਂ ਆਪਣੇ ਪਿਉ ਅਤੇ ਆਪਣੀ ਮਾਂ ਅਤੇ ਆਪਣੀ ਜੰਮਣ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ ਜਿਨ੍ਹਾਂ ਨੂੰ ਤੂੰ ਅੱਗੇ ਨਹੀਂ ਜਾਣਦੀ ਸੀ।
12 ਯਹੋਵਾਹ ਤੇਰੇ ਕੰਮ ਦਾ ਵੱਟਾ ਦੇਵੇ ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ ਜਿਹ ਦੇ ਖੰਭਾਂ ਹੇਠ ਪਰਤੀਤ ਕਰ ਕੇ ਤੂੰ ਆਈ ਹੈਂ ਤੈਨੂੰ ਪੂਰਾ ਵੱਟਾ ਦਿੱਤਾ ਜਾਵੇ।
13 ਤਦ ਉਹ ਬੋਲੀ, ਹੇ ਮੇਰੇ ਮਾਲਕ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ। ਤੁਸਾਂ ਤਾਂ ਮੈਨੂੰ ਧੀਰਜ ਦਿੱਤੀ ਹੈ ਅਤੇ ਤੁਸਾਂ ਆਪਣੀ ਟਹਿਲਣ ਨਾਲ ਹਿਤ ਦੀਆਂ ਗੱਲਾਂ ਕੀਤੀਆਂ ਹਨ ਭਾਵੇਂ ਮੈਂ ਤੇਰੀਆਂ ਟਹਿਲਣਾਂ ਵਿੱਚੋਂ ਇੱਕ ਵਰਗੀ ਵੀ ਨਹੀਂ।
14 ਫੇਰ ਬੋਅਜ਼ ਨੇ ਉਹ ਨੁੰ ਆਖਿਆ ਜੋ ਰੋਟੀ ਵੇਲੇ ਤੂੰ ਐਥੇ ਆ ਅਤੇ ਰੋਟੀ ਖਾਹ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡਬੋ। ਤਾਂ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹ ਦੇ ਅੱਗੇ ਧਰੇ ਸੋ ਉਹ ਨੇ ਖਾਧੇ ਅਤੇ ਰੱਜ ਗਈ ਅਤੇ ਕੁਝ ਛੱਡ ਦਿੱਤੇ।
15 ਜਾਂ ਉਹ ਸਿਲਾ ਚੁਗਣ ਉੱਠੀ ਤਾਂ ਬੋਅਜ਼ ਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਹ ਨੂੰ ਭਰੀਆਂ ਦੇ ਵਿੱਚ ਚੁਗਣ ਦੇਣ ਅਤੇ ਹਟਾਉਣ ਨਾ।
16 ਅਤੇ ਰੁੱਗਾਂ ਵਿੱਚੋਂ ਜਾਣ ਬੁੱਝ ਕੇ ਭੀ ਉਹ ਦੇ ਲਈ ਕੁਝ ਡੇਗੀ ਜਾਓ ਅਤੇ ਛੱਡੀ ਜਾਓ ਜੋ ਉਹ ਚੁਗੇ ਅਤੇ ਉਹ ਨੂੰ ਕੋਈ ਝਿੜਕੇ ਨਾ।
17 ਸੋ ਉਹ ਸੰਧਿਆ ਤੋੜੀ ਪੈਲੀ ਵਿੱਚ ਚੁਗਦੀ ਰਹੀ ਅਤੇ ਜੋ ਕੁਝ ਉਹ ਨੇ ਚੁਗਿਆ ਸੀ ਉਸ ਨੂੰ ਕੁੱਟਿਆ ਅਤੇ ਉਹ ਬੱਤੀਕੁ ਸੇਰ ਜੌਂ ਹੋਏ।
18 ਸੋ ਉਨ੍ਹਾਂ ਨੂੰ ਚੁੱਕ ਕੇ ਉਹ ਸ਼ਹਿਰ ਵਿੱਚ ਗਈ ਅਤੇ ਜੋ ਕੁਝ ਉਹ ਨੇ ਚੁਗਿਆ ਸੀ ਸਭ ਉਹ ਦੀ ਸੱਸ ਨੇ ਡਿੱਠਾ ਅਤੇ ਉਹ ਨੇ ਉਹ ਵੀ ਜੋ ਰੱਜ ਕੇ ਛੱਡਿਆ ਸੀ ਸੋ ਆਪਣੀ ਸੱਸ ਨੂੰ ਦਿੱਤਾ।
19 ਫੇਰ ਉਹ ਦੀ ਸੱਸ ਨੇ ਉਹ ਨੂੰ ਪੁੱਛਿਆ, ਤੈਂ ਅੱਜ ਕਿੱਥੋਂ ਸਿਲਾ ਚੁਗਿਆ ਅਤੇ ਕਿਥੇ ਕੰਮ ਧੰਦਾ ਕੀਤਾ? ਧੰਨ ਉਹ ਹੈ ਜਿਹ ਨੇ ਤੇਰੀ ਖਬਰ ਲਈ ਹੈ, ਤਾਂ ਉਹ ਨੇ ਆਪਣੀ ਸੱਸ ਨੂੰ ਉਹ ਜਿਹ ਦੇ ਕੋਲ ਕੰਮ ਧੰਦਾ ਕੀਤਾ ਸੀ ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਉਂ ਬੋਅਜ਼ ਹੈ ਜਿਹ ਦੇ ਕੋਲ ਮੈਂ ਅੱਜ ਕੰਮ ਧੰਦਾ ਕਰਦੀ ਰਹੀ।
20 ਤਾਂ ਨਾਓਮੀ ਨੇ ਆਪਣੀ ਨੂੰਹ ਨੂੰ ਆਖਿਆ, ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਖੂਣੋਂ ਖਾਲੀ ਨਹੀਂ ਰੱਖਿਆ ਅਤੇ ਨਾਓਮੀ ਨੇ ਉਹ ਨੂੰ ਆਖਿਆ, ਇਹ ਮਨੁੱਖ ਸਾਡਾ ਨੇੜਦਾਰ ਹੈ ਅਰਥਾਤ ਛੁਡਾਉਣ ਵਾਲਿਆਂ ਵਿੱਚੋਂ ਹੈ।
21 ਮੋਆਬਣ ਰੂਥ ਬੋਲੀ, ਉਹ ਨੇ ਮੈਨੂੰ ਇਹ ਭੀ ਆਖਿਆ ਭਈ ਜਦ ਤੋੜੀ ਮੇਰੀਆਂ ਵਾਢੀਆਂ ਨਾ ਹੋ ਚੁੱਕਣ ਤੂੰ ਮੇਰਿਆਂ ਜੁਆਨਾਂ ਦੇ ਨਾਲ ਨਾਲ ਰਿਹਾ ਕਰ।
22 ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, ਹੇ ਮੇਰੀਏ ਧੀਏ, ਚੰਗੀ ਗੱਲ ਹੈ ਜੋ ਤੂੰ ਉਹ ਦੀਆਂ ਛੋਕਰੀਆਂ ਨਾਲ ਜਾਇਆ ਕਰੇਂ ਅਤੇ ਓਹ ਤੈਨੂੰ ਕਿਸੇ ਹੋਰ ਪੈਲੀ ਵਿੱਚ ਨਾ ਲੱਭਣ।
23 ਸੋ ਜਦ ਤੋੜੀ ਜਵਾਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ ਉਹ ਬੋਅਜ਼ ਦੀਆਂ ਛੋਕਰੀਆਂ ਨਾਲ ਜਾਂਦੀ ਰਹੀ ਅਤੇ ਆਪਣੀ ਸੱਸ ਦੇ ਕੋਲ ਵੱਸੀ ਰਹੀ।