ਗਿਣਤੀ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36

0:00
0:00

ਕਾਂਡ 14

ਤਾਂ ਸਾਰੀ ਮੰਡਲੀ ਨੇ ਆਪਣੀ ਅਵਾਜ਼ ਉੱਚੀ ਦਿੱਤੀ ਚੀਕ ਚਿਹਾੜਾ ਪਾਇਆ ਅਤੇ ਪਰਜਾ ਉਸ ਰਾਤ ਰੋਂਦੀ ਰਹੀ।
2 ਅਤੇ ਸਾਰੇ ਇਸਰਾਏਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਏ ਅਤੇ ਸਾਰੀ ਮੰਡਲੀ ਨੇ ਉਨ੍ਹਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ ਵਿੱਚ ਮਰ ਜਾਂਦੇ ਅਥਵਾ ਏਸ ਉਜਾੜ ਵਿੱਚ ਮਰ ਮੁੱਕਦੇ!
3 ਯਹੋਵਾਹ ਸਾਨੂੰ ਕਾਹਨੂੰ ਏਸ ਦੇਸ ਵਿੱਚ ਲਿਆਇਆ ਭਈ ਅਸੀਂ ਤੇਗ ਨਾਲ ਡਿੱਗੀਏ ਅਤੇ ਸਾਡੀਆਂ ਤੀਵੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ? ਕੀ ਸਾਡੇ ਲਈ ਚੰਗਾ ਨਹੀਂ ਕਿ ਅਸੀਂ ਮਿਸਰ ਨੂੰ ਮੁੜ ਜਾਈਏ?
4 ਤਾਂ ਓਹ ਇੱਕ ਦੂਜੇ ਨੂੰ ਆਖਣ ਲੱਗੇ ਭਈ ਅਸੀਂ ਇੱਕ ਸਰਦਾਰ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ।
5 ਤਾਂ ਮੂਸਾ ਅਤੇ ਹਾਰੂਨ ਆਪਣੇ ਮੂੰਹਾਂ ਭਾਰ ਇਸਰਾਏਲੀਆਂ ਦੀ ਮੰਡਲੀ ਦੀ ਸਭਾ ਅੱਗੇ ਡਿੱਗ ਪਏ।
6 ਫੇਰ ਤਾਂ ਨੂਨ ਦੇ ਪੁੱਤ੍ਰ ਯਹੋਸ਼ੁਆ ਅਤੇ ਯਫੁੰਨਹ ਦੇ ਪੁੱਤ੍ਰ ਕਾਲੇਬ ਨੇ ਜਿਹੜੇ ਧਰਤੀ ਦਾ ਖੋਜ ਕੱਢਣ ਵਾਲਿਆਂ ਵਿੱਚੋਂ ਸਨ ਆਪਣੇ ਕੱਪੜੇ ਪਾੜੇ।
7 ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਉਹ ਧਰਤੀ ਜਿਹ ਦੇ ਵਿੱਚ ਦੀ ਅਸੀਂ ਖੋਜ ਕੱਢਣ ਲਈ ਲੰਘੇ ਡਾਢੀ ਹੀ ਚੰਗੀ ਹੈ।
8 ਜੇ ਯਹੋਵਾਹ ਸਾਡੇ ਨਾਲ ਪਰਸੰਨ ਹੈ ਤਾਂ ਉਹ ਸਾਨੂੰ ਏਸ ਧਰਤੀ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ।
9 ਕੇਵਲ ਨਾ ਤਾਂ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਹੋਵੋ, ਨਾ ਹੀ ਤੁਸੀਂ ਉਸ ਦੇਸ ਦੇ ਲੋਕਾਂ ਤੋਂ ਡਰੋ ਕਿਉਂ ਜੋ ਓਹ ਤਾਂ ਸਾਡੀ ਇੱਕ ਬੁਰਕੀ ਹੀ ਹਨ। ਓਹਨਾਂ ਦੀ ਰੱਛਿਆ ਓਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾਹ ਸਾਡੇ ਨਾਲ ਹੈ! ਓਹਨਾਂ ਤੋਂ ਤੁਸੀਂ ਨਾ ਡਰੋ!
10 ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰੀਏ ਤਦ ਯਹੋਵਾਹ ਦਾ ਪਰਤਾਪ ਸਾਰੇ ਇਸਰਾਏਲੀਆਂ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਇਆ।
11 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਏਹ ਪਰਜਾ ਕਦ ਤੀਕ ਮੇਰੀ ਨਿਰਾਦਰੀ ਕਰਦੀ ਰਹੇਗੀ? ਅਤੇ ਕਦ ਤੀਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ ਪਰਤੀਤ ਨਾ ਕਰੇਗੀ?
12 ਮੈਂ ਉਨ੍ਹਾਂ ਨੂੰ ਮਰੀ ਨਾਲ ਮਾਰਾਂਗਾ, ਮੈਂ ਉਨ੍ਹਾਂ ਨੂੰ ਵਿਰਸੇ ਤੋਂ ਖਾਰਜ ਕਰਾਂਗਾ, ਅਤੇ ਤੈਨੂੰ ਇੱਕ ਕੌਮ ਉਨ੍ਹਾਂ ਤੋਂ ਵੱਡੀ ਅਤੇ ਬਲਵੰਤ ਬਣਾਵਾਂਗਾ।
13 ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, ਮਿਸਰੀ ਸੁਣਨਗੇ ਕਿਉਂ ਜੋ ਤੂੰ ਏਸ ਪਰਜਾ ਨੂੰ ਆਪਣੇ ਬਲ ਨਾਲ ਉਨ੍ਹਾਂ ਦੇ ਵਿੱਚੋਂ ਕੱਢ ਲਿਆਇਆ ਹੈਂ।
14 ਅਤੇ ਓਹ ਏਸ ਦੇਸ ਦੇ ਵਸਨੀਕਾਂ ਨੂੰ ਦੱਸਣਗੇ। ਉਨ੍ਹਾਂ ਨੇ ਸੁਣਿਆ ਹੈ ਕਿ ਤੂੰ ਯਹੋਵਾਹ ਏਸ ਪਰਜਾ ਦੇ ਵਿੱਚ ਹੈਂ ਅਤੇ ਤੂੰ ਯਹੋਵਾਹ ਉਨ੍ਹਾਂ ਨੂੰ ਆਹਮੋ ਸਾਹਮਣੇ ਵਿਖਾਈ ਦਿੰਦਾ ਹੈਂ ਅਤੇ ਤੇਰਾ ਬੱਦਲ ਉਨ੍ਹਾਂ ਦੇ ਉੱਤੇ ਖੜਾ ਰਹਿੰਦਾ ਹੈ ਅਤੇ ਤੂੰ ਉਨ੍ਹਾਂ ਦੇ ਅੱਗੇ ਅੱਗੇ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਚੱਲਦਾ ਹੈਂ।
15 ਜੇ ਤੂੰ ਏਸ ਪਰਜਾ ਨੂੰ ਇੱਕ ਮਨੁੱਖ ਵਾਂਙੁ ਮਾਰ ਸੁੱਟੇਂ ਤਾਂ ਕੌਮਾਂ ਜਿਨ੍ਹਾਂ ਨੇ ਤੇਰੀ ਮਸ਼ਹੂਰੀ ਸੁਣੀ ਹੈ ਆਖਣਗੀਆਂ,
16 ਏਸ ਲਈ ਕਿ ਯਹੋਵਾਹ ਏਸ ਪਰਜਾ ਨੂੰ ਉਸ ਦੇਸ ਵਿੱਚ ਪਹੁੰਚਾ ਨਾ ਸੱਕਿਆ ਜਿਹ ਦੇ ਦੇਣ ਦੀ ਸੌਂਹ ਖਾਧੀ ਸੀ ਤਾਂ ਹੀ ਤਾਂ ਉਸ ਨੇ ਉਨ੍ਹਾਂ ਨੂੰ ਉਜਾੜ ਵਿੱਚ ਬਰਬਾਦ ਕੀਤਾ।
17 ਹੁਣ ਪ੍ਰਭੂ ਦਾ ਇਕਬਾਲ ਵੱਡਾ ਹੋਵੇ ਜਿਵੇਂ ਤੂੰ ਬੋਲਿਆ ਹੈਂ।
18 ਕਿ ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ ਅਤੇ ਕੁਧਰਮ ਅਤੇ ਅਪਰਾਧ ਦਾ ਬਖ਼ਸ਼ਣਹਾਰ ਹੈ ਪਰ ਕੁਧਰਮੀ ਨੂੰ ਐਵੇਂ ਹੀ ਨਹੀਂ ਛੱਡ ਦਿੰਦਾ। ਉਹ ਪੇਵਾਂ ਦੇ ਕੁਧਰਮ ਦਾ ਉਨ੍ਹਾਂ ਦੇ ਪੁੱਤ੍ਰਾਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਰਾ ਹੈ।
19 ਆਪਣੀ ਵੱਡੀ ਦਯਾ ਦੇ ਅਨੁਸਾਰ ਜਿਵੇਂ ਤੈਂ ਏਸ ਪਰਜਾ ਨੂੰ ਮਿਸਰ ਤੋਂ ਲੈ ਕੇ ਹੁਣ ਤੀਕ ਬਖ਼ਸ਼ਿਆ ਹੈ ਇਨ੍ਹਾਂ ਦਾ ਕੁਧਰਮ ਮਾਫ਼ ਕਰ ਦੇਹ।
20 ਤਾਂ ਯਹੋਵਾਹ ਨੇ ਆਖਿਆ, ਤੇਰੇ ਆਖਣ ਅਨੁਸਾਰ ਮੈਂ ਉਨ੍ਹਾਂ ਨੂੰ ਮਾਫ਼ ਕੀਤਾ।
21 ਪਰ ਮੇਰੀ ਜਿੰਦ ਦੀ ਸੌਂਹ, ਯਹੋਵਾਹ ਦੇ ਪਰਤਾਪ ਨਾਲ ਸਾਰੀ ਪ੍ਰਿਥਵੀ ਭਰਪੂਰ ਹੋਵੇਗੀ।
22 ਫੇਰ ਵੀ ਓਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੇ ਪਰਤਾਪ ਨੂੰ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਕੀਤੇ ਮੈਨੂੰ ਹੁਣ ਤੀਕ ਦਸ ਵਾਰ ਪਰਤਾਇਆ ਅਤੇ ਮੇਰੀ ਅਵਾਜ਼ ਨਹੀਂ ਸੁਣੀ।
23 ਓਹ ਉੱਕਾ ਹੀ ਉਸ ਧਰਤੀ ਨੂੰ ਨਾ ਵੇਖਣਗੇ ਜਿਹ ਦੀ ਮੈਂ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ ਅਤੇ ਨਾ ਹੀ ਓਹ ਸਾਰੇ ਜਿਨ੍ਹਾਂ ਮੇਰੀ ਹਾਨੀ ਕੀਤੀ ਉਹ ਨੂੰ ਵੇਖਣਗੇ।
24 ਪਰ ਮੇਰਾ ਸੇਵਕ ਕਾਲੇਬ ਅਤੇ ਉਸ ਦੀ ਅੰਸ ਏਸ ਉੱਤੇ ਕਬਜ਼ਾ ਕਰੇਗੀ ਏਸ ਲਈ ਕਿ ਉਹ ਦੇ ਵਿੱਚ ਹੋਰ ਮਜਾਜ ਹੈ ਅਤੇ ਉਹ ਪੂਰੀ ਤਰਾਂ ਮੇਰੇ ਪਿੱਛੇ ਚੱਲਿਆ ਹੈ, ਮੈਂ ਉਸ ਨੂੰ ਹੀ ਏਸ ਧਰਤੀ ਵਿੱਚ ਜਿਹ ਦੇ ਵਿੱਚ ਉਹ ਗਿਆ ਸੀ ਲਿਆਵਾਂਗਾ।
25 ਅਤੇ ਅਮਾਲੇਕੀ ਅਰ ਕਨਾਨੀ ਦੂਣ ਵਿੱਚ ਵੱਸਦੇ ਹਨ। ਕੱਲ ਨੂੰ ਮੁੜੋ ਅਤੇ ਲਾਲ ਸਮੁੰਦਰ ਦੇ ਰਾਹ ਥਾਣੀ ਉਜਾੜ ਨੂੰ ਕੂਚ ਕਰੋ।
26 ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,
27 ਕਦ ਤੀਕ ਮੈਂ ਏਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜ ਬੁੜਾਉਂਦੀ ਹੈ? ਇਸਰਾਏਲੀਆਂ ਦੀ ਏਸ ਬੁੜ ਬੁੜਾਹਟ ਨੂੰ ਜਿਹੜੀ ਓਹ ਮੇਰੇ ਵਿਰੁੱਧ ਬੁੜ ਬੁੜ ਕਰਦੇ ਹਨ ਮੈਂ ਸੁਣਿਆ ਹੈ।
28 ਉਨ੍ਹਾਂ ਨੂੰ ਆਖੋ ਕਿ ਮੈਨੂੰ ਜਾਨ ਦੀ ਸੌਂਹ, ਯਹੋਵਾਹ ਦਾ ਵਾਕ ਹੈ, ਸੱਚ ਮੁੱਚ ਜਿਵੇਂ ਤੁਸੀਂ ਮੇਰੇ ਸੁਣਨ ਵਿੱਚ ਆਖਿਆ ਸੀ ਤਿਵੇਂ ਹੀ ਮੈਂ ਤੁਹਾਡੇ ਨਾਲ ਕਰਾਂਗਾ।
29 ਏਸੇ ਉਜਾੜ ਵਿੱਚ ਤੁਹਾਡੀਆਂ ਲੋਥਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ ਵੀਹ ਵਰਿਹਾਂ ਦੇ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜ ਬੁੜਾਏ।
30 ਤੁਸੀਂ ਉੱਕਾ ਹੀ ਏਸ ਦੇਸ ਵਿੱਚ ਨਾ ਵੜੋਗੇ ਜਿਹ ਦੀ ਮੈਂ ਸੌਂਹ ਖਾਧੀ ਸੀ ਭਈ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ, ਯਫੁੰਨਹ ਦੇ ਪੁੱਤ੍ਰ ਕਾਲੇਬ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਤੋਂ ਛੁੱਟ।
31 ਪਰ ਤੁਹਾਡੇ ਨਿਆਣੇ ਜਿਨ੍ਹਾਂ ਵਿਖੇ ਤੁਸਾਂ ਆਖਿਆ ਸੀ ਕਿ ਓਹ ਲੁੱਟ ਦਾ ਮਾਲ ਹੋਣਗੇ ਉਨ੍ਹਾਂ ਨੂੰ ਮੈਂ ਅੰਦਰ ਲਿਆਵਾਂਗਾ ਅਤੇ ਓਹ ਏਸ ਧਰਤੀ ਨੂੰ ਸਿਆਨਣਗੇ ਜਿਹ ਨੂੰ ਤੁਸਾਂ ਰੱਦਿਆ ਹੈ।
32 ਪਰ ਤੁਹਾਡੀਆਂ ਲੋਥਾਂ ਏਸ ਉਜਾੜ ਵਿੱਚ ਡਿੱਗ ਪੈਣਗੀਆਂ, ਏਹ ਤੁਹਾਡੇ ਲਈ ਹੈ!
33 ਤੁਹਾਡੇ ਪੁੱਤ੍ਰ ਉਜਾੜ ਵਿੱਚ ਚਾਲੀਆਂ ਵਰਿਹਾਂ ਤੀਕ ਅਯਾਲੀ ਹੋਣਗੇ ਅਤੇ ਤੁਹਾਡੇ ਛਨਾਲੇ ਦੀ ਸਜ਼ਾ ਚੁੱਕਣਗੇ ਜਦ ਤੀਕ ਤੁਹਾਡੀਆਂ ਲੋਥਾਂ ਉਜਾੜ ਵਿੱਚ ਗਲ ਸੜ ਨਾ ਜਾਣ।
34 ਉਨ੍ਹਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਏਸ ਧਰਤੀ ਦਾ ਖੋਜ ਕੱਢਿਆ ਚਾਲੀ ਦਿਨ ਅਰਥਾਤ ਇੱਕ ਦਿਨ ਇੱਕ ਵਰਹੇ ਜਿਹਾ ਤੁਸੀਂ ਆਪਣੀ ਬੁਰਿਆਈ ਨੂੰ ਚਾਲੀ ਵਰਿਹਾਂ ਤੀਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣਾ ਜਾਣੋਗੇ!
35 ਮੈਂ ਯਹੋਵਾਹ ਬੋਲ ਚੁੱਕਾ ਹਾਂ। ਮੈਂ ਜਰੂਰ ਏਹ ਏਸ ਸਾਰੀ ਦੁਸ਼ਟ ਮੰਡਲੀ ਨਾਲ ਕਰਾਂਗਾ ਜਿਹੜੀ ਮੇਰੇ ਵਿਰੁੱਧ ਇਕੱਠੀ ਹੋਈ ਹੈ। ਓਹ ਏਸ ਉਜਾੜ ਵਿੱਚ ਗਲ ਸੜ ਜਾਣਗੇ ਅਤੇ ਏੱਥੇ ਹੀ ਓਹ ਮਰ ਜਾਣਗੇ।
36 ਫੇਰ ਓਹ ਮਨੁੱਖ ਜਿਨ੍ਹਾਂ ਨੂੰ ਮੂਸਾ ਨੇ ਧਰਤੀ ਦਾ ਖੋਜ ਕੱਢਣ ਲਈ ਘੱਲਿਆ ਸੀ ਅਤੇ ਜਿਹੜੇ ਮੁੜ ਕੇ ਉਸ ਧਰਤੀ ਦੀ ਅਜੇਹੀ ਬੁਰੀ ਖਬਰ ਲਿਆਏ ਕਿ ਸਾਰੀ ਮੰਡਲੀ ਉਸ ਦੇ ਵਿਰੁੱਧ ਬੁੜ ਬੁੜਾਉਣ ਲੱਗ ਪਈ।
37 ਓਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖਬਰ ਲਿਆਏ ਯਹੋਵਾਹ ਦੇ ਅੱਗੇ ਬਵਾ ਨਾਲ ਮਰ ਗਏ।
38 ਪਰ ਨੂਨ ਦਾ ਪੁੱਤ੍ਰ ਯਹੋਸ਼ੁਆ ਅਤੇ ਯਫੁੰਨਹ ਦਾ ਪੁੱਤ੍ਰ ਕਾਲੇਬ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਧਰਤੀ ਦਾ ਖੋਜ ਕੱਢਣ ਨੂੰ ਗਏ ਸਨ ਜੀਉਂਦੇ ਬਚ ਰਹੇ।
39 ਤਾਂ ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਏਹ ਗੱਲਾਂ ਦੱਸੀਆਂ ਅਤੇ ਪਰਜਾ ਨੇ ਵੱਡਾ ਵਿਰਲਾਪ ਕੀਤਾ।
40 ਤਾਂ ਓਹ ਸਵੇਰੇ ਹੀ ਉੱਠ ਕੇ ਪਹਾੜ ਦੀ ਟੀਸੀ ਉੱਤੇ ਏਹ ਕਹਿ ਕੇ ਗਏ ਭਈ ਵੇਖੋ, ਅਸੀਂ ਹੀ ਉਸ ਥਾਂ ਨੂੰ ਉਤਾਹਾਂ ਜਾਵਾਂਗੇ ਜਿਹ ਦੇ ਲਈ ਯਹੋਵਾਹ ਨੇ ਫ਼ਰਮਾਇਆ ਹੈ ਕਿਉਂ ਜੋ ਅਸਾਂ ਪਾਪ ਕੀਤਾ ਹੈ।
41 ਪਰ ਮੂਸਾ ਨੇ ਆਖਿਆ, ਤੁਸੀਂ ਯਹੋਵਾਹ ਦੇ ਹੁਕਮ ਦਾ ਉਲੰਘਣ ਕਿਉਂ ਕਰਦੇ ਹੋ? ਕਿਉਂ ਜੋ ਏਹ ਸੁਫ਼ਲ ਨਹੀਂ ਹੋਵੇਗਾ।
42 ਤੁਸੀਂ ਉਤਾਹਾਂ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡੇ ਵਿਚਕਾਰ ਨਹੀਂ ਹੈ ਮਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਭਾਂਜ ਖਾ ਜਾਓ।
43 ਨਾਲੇ ਅਮਾਲੇਕੀ ਅਰ ਕਨਾਨੀ ਉੱਥੇ ਤੁਹਾਡੇ ਸਾਹਮਣੇ ਹਨ ਅਤੇ ਤੁਸੀਂ ਤੇਗ ਨਾਲ ਡਿੱਗ ਪਓਗੇ। ਏਸ ਲਈ ਕਿ ਤੁਸੀਂ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਯਹੋਵਾਹ ਤੁਹਾਡੇ ਸੰਗ ਨਹੀਂ ਹੋਵੇਗਾ।
44 ਪਰੰਤੂ ਓਹ ਹਠ ਧਰਮੀ ਨਾਲ ਪਹਾੜ ਦੀ ਟੀਸੀ ਉੱਤੇ ਚੜ੍ਹ ਗਏ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਅਤੇ ਮੂਸਾ ਡੇਰੇ ਦੇ ਵਿੱਚੋਂ ਨਾ ਗਏ।
45 ਤਾਂ ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜ ਉੱਤੇ ਵੱਸਦੇ ਸਨ ਹੇਠਾਂ ਆਏ ਅਤੇ ਉਨ੍ਹਾਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਹਾਰਮਾਹ ਤੀਕ ਵੱਢਦੇ ਗਏ।