ਅਹਬਾਰ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27

0:00
0:00

ਕਾਂਡ 21

ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦੇ ਪੁੱਤ੍ਰਾਂ ਜਾਜਕਾਂ ਨਾਲ ਗੱਲ ਕਰਕੇ ਆਖ, ਭਈ ਆਪਣੇ ਲੋਕਾਂ ਵਿੱਚੋਂ ਕੋਈ ਮੁਰਦੇ ਦੇ ਲਈ ਭ੍ਰਿਸ਼ਟ ਨਾ ਬਣੇ।
2 ਪਰ ਆਪਣੇ ਸਾਕ ਜੋ ਨੇੜੇ ਦੇ ਹਨ, ਆਪਣੀ ਮਾਂ ਦੇ ਲਈ ਅਤੇ ਆਪਣੇ ਪਿਉ ਦੇ ਲਈ ਅਤੇ ਆਪਣੀ ਧੀ ਦੇ ਲਈ ਅਤੇ ਆਪਣੇ ਭਰਾ ਦੇ ਲਈ।
3 ਅਤੇ ਆਪਣੀ ਕੁਆਰੀ ਭੈਣ ਦੇ ਲਈ ਜੋ ਉਸ ਦਾ ਨੇੜੇ ਦਾ ਸਾਕ ਦਾ ਹੈ ਜਿਸ ਦਾ ਭਰਤਾ ਨਾ ਹੋਇਆ ਹੋਵੇ ਉਸ ਦੇ ਲਈ ਭ੍ਰਿਸ਼ਟ ਹੋ ਜਾਏ।
4 ਪਰ ਉਹ ਆਪਣਿਆ ਲੋਕਾਂ ਵਿੱਚ ਮਾਲਕ ਹੋਕੇ, ਆਪ ਨੂੰ ਗਿਲਾਨ ਕਰਾਉਣ ਲਈ ਭ੍ਰਿਸ਼ਟ ਨਾ ਬਣੇ।
5 ਓਹ ਆਪਣੇ ਸਿਰਾਂ ਨੂੰ ਨਾ ਮੁਨਾਉਣ ਅਤੇ ਆਪਣੀ ਦਾੜ੍ਹੀ ਦੀਆਂ ਨੁੱਕਰਾਂ ਨਾ ਮੁਨਾਉਣ, ਨਾ ਆਪਣੇ ਸਰੀਰ ਵਿੱਚ ਕੋਈ ਚੀਰ ਪਾਉਣ।
6 ਓਹ ਆਪਣੇ ਪਰਮੇਸ਼ੁਰ ਅੱਗੇ ਪਵਿੱਤ੍ਰ ਹੋਣ ਅਤੇ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਨਾ ਕਰਨ ਕਿਉਂ ਜੋ ਓਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਅਤੇ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦੇ ਹਨ, ਏਸ ਲਈ ਓਹ ਪਵਿੱਤ੍ਰ ਰਹਿਣ।
7 ਓਹ ਕਿਸੇ ਕੰਜਰੀ ਨੂੰ ਯਾ ਕਿਸੇ ਭਿੱਟੜ ਨੂੰ ਵਹੁਟੀ ਨਾ ਬਣਾਉਣ, ਨਾ ਓਹ ਕਿਸੇ ਭਰਤੇ ਦੀ ਕੱਢੀ ਹੋਈ ਤੀਵੀਂ ਨੂੰ ਵਿਆਹੁਣ ਕਿਉਂ ਜੋ ਓਹ ਆਪਣੇ ਪਰਮੇਸ਼ੁਰ ਅੱਗੇ ਪਵਿੱਤ੍ਰ ਹਨ।
8 ਸੋ ਤੂੰ ਉਸ ਨੂੰ ਪਵਿੱਤ੍ਰ ਕਰੀਂ ਕਿਉਂ ਜੋ ਉਹ ਤੇਰੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦਾ ਹੈ। ਉਹ ਤੇਰੇ ਅੱਗੇ ਪਵਿੱਤ੍ਰ ਹੋਵੇ ਕਿਉਂ ਜੋ ਮੈਂ ਯਹੋਵਾਹ ਜੋ ਤੁਹਾਨੂੰ ਪਵਿੱਤ੍ਰ ਕਰਦਾ ਹਾਂ ਪਵਿੱਤ੍ਰ ਹਾਂ।
9 ਅਤੇ ਜੇ ਕਿਸੇ ਜਾਜਕ ਦੀ ਧੀ ਆਪ ਯਾਰੀ ਖੇਡ ਕੇ ਭ੍ਰਿਸ਼ਟ ਬਣੇ ਤਾਂ ਉਸ ਨੇ ਆਪਣੇ ਪਿਉ ਨੂੰ ਭ੍ਰਿਸ਼ਟ ਬਣਵਾਇਆ, ਉਹ ਅੱਗ ਨਾਲ ਸਾੜੀ ਜਾਏ।
10 ਅਤੇ ਉਹ ਜੋ ਆਪਣੇ ਭਰਾਵਾਂ ਵਿੱਚ ਪ੍ਰਧਾਨ ਜਾਜਕ ਹੈ ਜਿਸ ਦੇ ਸਿਰ ਉੱਤੇ ਮਸਹ ਕਰਨ ਦਾ ਤੇਲ ਪਿਆ ਅਤੇ ਜੋ ਲੀੜੇ ਪਾਉਣ ਲਈ ਥਾਪਿਆ ਹੈ ਸੋ ਆਪਣਾ ਸਿਰ ਨੰਗਾ ਨਾ ਕਰੇ, ਨਾ ਆਪਣੇ ਕੱਪੜੇ ਪਾੜੇ।
11 ਭਾਵੇਂ ਉਸ ਦਾ ਪਿਉ, ਭਾਵੇਂ ਉਸ ਦੀ ਮਾਂ ਹੋਵੇ, ਕਿਸੇ ਮੁਰਦੇ ਕੋਲ ਜਾਕੇ ਅਸ਼ੁੱਧ ਨਾ ਬਣੇ।
12 ਨਾ ਉਹ ਪਵਿੱਤ੍ਰ ਅਸਥਾਨ ਤੋਂ ਨਿੱਕਲੇ, ਨਾ ਆਪਣੇ ਪਰਮੇਸ਼ੁਰ ਦੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ ਕਰੇ ਕਿਉਂ ਜੋ ਉਸ ਦੇ ਪਰਮੇਸ਼ੁਰ ਦੇ ਮਸਹ ਕਰਨ ਦੇ ਤੇਲ ਦਾ ਮੁਕਟ ਉਸ ਦੇ ਉੱਤੇ ਹੈ। ਮੈਂ ਯਹੋਵਾਹ ਹਾਂ।
13 ਅਤੇ ਉਹ ਕੁਆਰੀ ਵਹੁਟੀ ਵਿਆਹਵੇ
14 ਰੰਡੀ ਨੂੰ ਯਾ ਕੱਢੀ ਹੋਈ ਤੀਵੀਂ ਨੂੰ, ਯਾ ਭਿੱਟੜ ਨੂੰ, ਯਾ ਕੰਜਰੀ ਨੂੰ, ਇਨ੍ਹਾਂ ਤੋਂ ਨਾ ਵਿਆਹਵੇ, ਪਰ ਉਹ ਆਪਣੇ ਲੋਕਾਂ ਵਿੱਚੋਂ ਇੱਕ ਕੁਆਰੀ ਵਹੁਟੀ ਵਿਆਹਵੇ।
15 ਨਾ ਉਹ ਆਪਣੇ ਲੋਕਾਂ ਵਿੱਚ ਆਪਣੇ ਵੰਸ ਨੂੰ ਭਰਿਸ਼ਟ ਕਰੇ ਕਿਉਂ ਜੋ ਮੈਂ ਯਹੋਵਾਹ ਉਸ ਨੂੰ ਪਵਿੱਤ੍ਰ ਠਹਿਰਾਉਂਦਾ ਹਾਂ।
16 ਯਹੋਵਾਹ ਮੂਸਾ ਨਾਲ ਬੋਲਿਆ ਕਿ
17 ਹਾਰੂਨ ਨੂੰ ਬੋਲ, ਤੇਰੀ ਸੰਤਾਨ ਵਿੱਚ ਆਪੋ ਆਪਣੀ ਪੀੜ੍ਹੀ ਵਿੱਚ ਜਿਸ ਨੂੰ ਕੋਈ ਬੱਜ ਹੋਵੇ ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨੇੜੇ ਨਾ ਜਾਵੇ।
18 ਕਿਉਂ ਜੋ ਭਾਵੇਂ ਕਿਹਾ ਮਨੁੱਖ ਹੋਵੇ ਜਿਸ ਨੂੰ ਬੱਜ ਹੋਵੇ, ਉਹ ਨੇੜੇ ਨਾ ਜਾਏ, ਅੰਨ੍ਹਾ ਯਾ ਲੰਙਾ, ਯਾ ਜਿਸ ਦਾ ਨੱਕ ਫੀਨਾ ਹੋਵੇ, ਜਾਂ ਜਿਸ ਦੀ ਲੱਤ ਲੰਮੀ ਹੋਵੇ।
19 ਯਾ ਕੋਈ ਮਨੁੱਖ ਜਿਸ ਦਾ ਪੈਰ ਯਾ ਹੱਥ ਭਜਾ ਹੋਇਆ ਹੋਵੇ।
20 ਯਾ ਕੁੱਬਾ ਯਾ ਮਧਰਾ ਯਾ ਭੈਂਗਾ ਯਾ ਜਿਸ ਵਿੱਚ ਦਾਦ ਯਾ ਖੁਜਲੀ ਯਾ ਨਲ ਫਿੱਸਿਆ ਹੋਇਆ ਹੋਵੇ।
21 ਹਾਰੂਨ ਜਾਜਕ ਦੀ ਸੰਤਾਨ ਵਿੱਚੋਂ ਜਿਸ ਮਨੁੱਖ ਨੂੰ ਬੱਜ ਹੋਵੇ, ਸੋ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਚੜ੍ਹਾਉਣ ਲਈ ਨੇੜੇ ਨਾ ਆਵੇ। ਉਸ ਨੂੰ ਬੱਜ ਜੋ ਲੱਗੀ ਹੋਈ ਹੈ, ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨੇੜੇ ਨਾ ਆਵੇ।
22 ਉਹ ਆਪਣੇ ਪਰਮੇਸ਼ੁਰ ਦੀ ਰੋਟੀ, ਨਾਲੇ ਅੱਤ ਪਵਿੱਤ੍ਰ, ਨਾਲੇ ਪਵਿੱਤ੍ਰ ਖਾਵੇ।
23 ਪਰ ਉਹ ਪੜਦੇ ਦੇ ਅੰਦਰ ਨਾ ਜਾਵੇ ਅਤੇ ਜਗਵੇਦੀ ਦੇ ਨੇੜੇ ਨਾ ਆਵੇ, ਉਸ ਨੂੰ ਬੱਜ ਜੋ ਲੱਗੀ ਹੋਈ ਹੈ, ਭਈ ਉਹ ਮੇਰਿਆਂ ਪਵਿੱਤ੍ਰ ਅਸਥਾਨਾਂ ਨੂੰ ਭਰਿਸ਼ਟ ਨਾ ਕਰੇ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਠਹਿਰਾਉਂਦਾ ਹਾਂ।
24 ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ, ਅਤੇ ਇਸਰਾਏਲ ਦੇ ਸਾਰੇ ਪਰਵਾਰ ਨੂੰ ਏਹ ਗੱਲਾਂ ਕੀਤੀਆਂ।